ਸਿੱਖਿਆ ਵਿਭਾਗ ਬਦਲੀਆਂ ਸਬੰਧੀ ਸਟੇਅ ਦੀ ਸ਼ਰਤ ਨੂੰ ਮੁੜ ਤੋਂ ਵਿਚਾਰੇ: ਡੀ ਟੀ ਐੱਫ

0
135

ਆਪਸੀ ਬਦਲੀਆਂ ਬਿਨਾਂ ਸ਼ਰਤ ਕੀਤੀਆਂ ਜਾਣ : ਡੀ ਟੀ ਐੱਫ

ਬਦਲੀ ਪੋਰਟਲ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇ:ਡੀ ਟੀ ਐੱਫ

ਚੰਡੀਗੜ੍ਹ, 4 ਅਪ੍ਰੈਲ, 2023: ਸਿੱਖਿਆ ਵਿਭਾਗ ਪੰਜਾਬ ਵੱਲੋਂ ਆਨਲਾਈਨ ਬਦਲੀਆਂ ਸਬੰਧੀ ਲਾਈਆਂ ਗਈਆਂ ਸ਼ਰਤਾਂ ਬਾਰੇ ਇਤਰਾਜ਼ ਕਰਦਿਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਦੱਸਿਆ ਕਿ ਵਿਭਾਗ ਵੱਲੋਂ ਸੈਸ਼ਨ 2021-22 ਦੀਆਂ ਦੀਆਂ ਬਦਲੀਆਂ ਦੇਰੀ ਨਾਲ ਲਾਗੂ ਕੀਤੀਆਂ ਗਈਆਂ ਸਨ, ਜਿਸ ਕਾਰਣ ਦੋ ਸੈਸ਼ਨ ਬੀਤਣ ਦੇ ਬਾਵਜੂਦ 2023-24 ਦੇ ਸੈਸ਼ਨ ਵਿੱਚ ਉਹ ਅਧਿਆਪਕ ਬਦਲੀ ਨਹੀਂ ਕਰਵਾ ਸਕਣਗੇ। ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਹੋਈ ਜਾਨਲੇਵਾ ਦੁਰਘਟਨਾ ਦੇ ਮੱਦੇਨਜ਼ਰ ਬਾਹਰਲੇ ਜ਼ਿਲ੍ਹਿਆਂ ਵਿੱਚ ਕੰਮ ਕਰਦੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਬਦਲੀ ਦਾ ਮੌਕਾ ਦੇਣਾ ਸਮੇਂ ਦੀ ਲੋੜ ਹੈ, ਇਸੇ ਤਰ੍ਹਾਂ ਆਪਣੀ ਸੇਵਾ ਦਾ ਲੰਮਾ ਸਮਾਂ ਪਿਛਲੇ ਕਾਡਰ ਵਿੱਚ ਦੇਣ ਉਪਰੰਤ ਤਰੱਕੀ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਦੂਰ ਮਿਲੇ ਸਟੇਸ਼ਨ ਤੋਂ ਬਦਲੀ ਕਰਵਾਉਣ ਲਈ ਸਟੇਅ ਤੋਂ ਛੋਟ ਮਿਲਣੀ ਚਾਹੀਦੀ ਹੈ।

ਆਗੂਆਂ ਨੇ ਦੱਸਿਆ ਕਿ ਪਿਛਲੇ ਸਾਲ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਦਿੱਤੇ ਗਏ ਸੁਝਾਵਾਂ ਜਿਵੇਂ ਪਹਿਲਾਂ ਹੋਈਆਂ ਬਦਲੀਆਂ ਬਿਨਾਂ ਕਿਸੇ ਵੀ ਤੋਂ ਸ਼ਰਤ ਲਾਗੂ ਕਰਨ, ਪਰਖ ਸਮਾਂ ਜਾਂ ਦੋ ਸਾਲ ਦਾ ਸਮਾਂ ਪੂਰਾ ਹੋਣ ਦੀ ਸ਼ਰਤ ਵਾਪਿਸ ਲੈ ਕੇ ਸਭ ਨੂੰ ਮੈਰਿਟ ਅੰਕਾਂ ਅਨੁਸਾਰ ਬਦਲੀ ਕਰਵਾਉਣ ਦਾ ਬਰਾਬਰ ਮੌਕਾ ਦੇਣ, ਆਪਣੀ ਜਾਂ ਆਸ਼ਰਿਤ ਦੀ ਕਰੋਨਿਕ ਬਿਮਾਰੀ, 40% ਅੰਗਹੀਣਤਾ, ਵਿਧਵਾ, ਕੁਆਰੀ, ਤਲਾਕਸ਼ੁਦਾ ਨੂੰ ਪਹਿਲ ਦੇਣ, ਸਕੂਲ ਮੁਖੀਆਂ ਨੂੰ ਬਦਲੀ ਨੀਤੀ ਅਨੁਸਾਰ ਬਦਲੀ ਕਰਵਾਉਣ ਦਾ ਮੌਕਾ ਦੇਣ, ਆਪਸੀ ਬਦਲੀ ਅਤੇ ਨਵ- ਵਿਆਹੁਤਾ ਲਈ ਕੋਈ ਵੀ ਸ਼ਰਤ ਨਾ ਲਾਉਣ, ਠੇਕਾ ਅਧਾਰਿਤ ਕੀਤੀ ਸੇਵਾ ਨੂੰ ਬਦਲੀ ਲਈ ਗਿਣਨ, ਬੀ ਪੀ ਈ ਓ ਦਫਤਰਾਂ ਵਿੱਚ ਸ਼ਿਫਟ ਕੀਤੇ 228 ਪੀ ਟੀ ਆਈਜ਼ ਨੂੰ ਪਿਤਰੀ ਸਕੂਲਾਂ ਵਿੱਚ ਭੇਜਣ ਅਤੇ ਬਦਲੀ ਦਾ ਮੌਕਾ ਦੇਣ ਬਦਲੀ ਪ੍ਰਕਿਰਿਆ ਨੂੰ ਸਰਲ ਬਣਾਉਣ ਦੇ ਸੁਝਾਵਾਂ ਤੇ ਕੋਈ ਠੋਸ ਕੰਮ ਨਹੀਂ ਕੀਤਾ ਗਿਆ। ਬਦਲੀ ਪੋਰਟਲ ਤੇ ਅਪਲਾਈ ਕਰਦਿਆਂ ਈ ਪੰਜਾਬ ਸਾਈਟ ਦਾ ਸਰਵਰ ਡਾਉਨ ਹੋਣਾ ਅਧਿਆਪਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ ਜਿਸਨੂੰ ਸਮੇਂ ਦਾ ਹਾਣੀ ਬਣਾਉਣ ਦੀ ਲੋੜ ਹੈ।

ਡੀਟੀਐੱਫ ਦੇ ਸੂਬਾਈ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਵੀਰ ਭਵਾਨੀਗੜ੍ਹ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ, ਸੁਖਦੇਵ ਡਾਨਸੀਵਾਲ ਅਤੇ ਗੁਰਬਿੰਦਰ ਖਹਿਰਾ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਉਕਤ ਸਮੱਸਿਆਵਾਂ ਹੱਲ ਕਰਦਿਆਂ ਬਦਲੀ ਨੀਤੀ ਵਿੱਚ ਲੋੜੀਂਦੀਆਂ ਤਬਦੀਲੀਆਂ ਕਰਦਿਆਂ ਬਦਲੀਆਂ ਕੀਤੀਆਂ ਜਾਣ।

LEAVE A REPLY

Please enter your comment!
Please enter your name here