ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ “ਸਕੂਲ ਆਫ ਐਂਮੀਨੈਂਸ” ਵਿੱਚ ਜਬਰੀ ਬਦਲੀਆਂ ਦਾ ਸਖ਼ਤ ਵਿਰੋਧ

0
175

ਕੁਝ ਸਕੂਲਾਂ ਨੂੰ ਕਾਮਯਾਬ ਕਰਨ ਲਈ ਬਹੁਗਿਣਤੀ ਸਕੂਲਾਂ ਦਾ ਉਜਾੜਾ ਨਹੀਂ ਹੋਣ ਦਿਆਂਗੇ: ਡੀ.ਟੀ.ਐੱਫ.

ਦੂਜੀਆਂ ਸਰਕਾਰਾਂ ਦੀ ਮਿਡਲ ਸਕੂਲਾਂ ਨੂੰ ਤਬਾਹ ਕਰਨ ਦੀ ਨੀਤੀ ਨੂੰ ‘ਆਪ’ ਸਰਕਾਰ ਨੇ ਅਗਾਂਹ ਵਧਾਇਆ: ਡੀ ਟੀ ਐੱਫ

ਸੰਗਰੂਰ,
‘ਸਕੂਲ ਆਫ਼ ਐਂਮੀਨੈਂਸ’ ਦੇ ਵਿਤਕਰੇ ਭਰਪੂਰ ਸਿੱਖਿਆ ਮਾਡਲ ਹੋਣ ਸੰਬੰਧੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਉਠਾਏ ਸਵਾਲ ਕਦਮ ਦਰ ਕਦਮ ਇੱਕ ਕੌੜੇ ਸੱਚ ਵਜੋਂ ਸਾਹਮਣੇ ਆਉਣੇ ਸ਼ੁਰੂ ਹੋ ਰਹੇ ਹਨ, ਜਿਸ ਤਹਿਤ ਪੰਜਾਬ ਸਰਕਾਰ ਇੰਨ੍ਹਾਂ 117 ਸਕੂਲਾਂ ਨੂੰ ਕਾਮਯਾਬ ਕਰਨ ਲਈ 19000 ਦੇ ਕਰੀਬ ਬਾਕੀ ਸਰਕਾਰੀ ਸਕੂਲਾਂ ਨੂੰ ਉਜਾੜਨ ਦੇ ਰਾਹ ਪਈ ਹੋਈ ਹੈ। ਸਕੂਲ ਆਫ ਐਂਮੀਨੈਂਸ ਵਿੱਚ ਅਧਿਆਪਕਾਂ ਦੀਆਂ ਜ਼ਬਰੀ ਕੀਤੀਆਂ ਬਦਲੀਆਂ ਬਾਰੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਦੀ ਅਗਵਾਈ ਹੇਠ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੁਖਵਿੰਦਰ ਗਿਰ ਅਤੇ ਜਨਰਲ ਸਕੱਤਰ ਅਮਨ ਵਿਸ਼ਿਸ਼ਟ ਨੇ ਦੱਸਿਆ ਕਿ ਪਹਿਲਾਂ ਇੱਕੋ ਸਕੂਲ ਵਿੱਚ ਦੋ ਕਿਸਮ ਦੀਆਂ ਵਰਦੀਆਂ ਦੇਣ ਅਤੇ ਬਾਕੀ ਸਕੂਲਾਂ ਨੂੰ ਗਰਾਂਟ ਜਾਰੀ ਕਰਨ ਵਿੱਚ ਵਿਤਕਰੇਬਾਜ਼ੀ ਕਰਨ ਤੋਂ ਬਾਅਦ ਹੁਣ ਦੂਜੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਅੱਖੋਂ ਪਰੋਖੇ ਕਰਦਿਆਂ 162 ਅਧਿਆਪਕਾਂ ਨੂੰ “ਸਕੂਲ ਆਫ ਐਂਮੀਨੈਂਸ” ਵਿੱਚ ਦੂਰ-ਦੁਰਾਡੇ ਜ਼ਬਰੀ ਬਦਲਣ ਦਾ ਫ਼ਰਮਾਨ ਜ਼ਾਰੀ ਕਰ ਦਿੱਤਾ ਗਿਆ ਹੈ। ਅਧਿਆਪਕਾਂ ਦੀ ਕਮੀ ਨਾਲ ਜੂਝ ਰਹੇ ਸਕੂਲਾਂ ਵਿੱਚ ਨਵੀਂ ਭਰਤੀ ਕਰਨ ਦੀ ਥਾਂ ਸਕੂਲ ਆਫ ਐਂਮੀਨੈਂਸ ਵਿੱਚ ਅਧਿਆਪਕਾਂ ਨੂੰ ਇੱਧਰੋਂ ਉੱਧਰੋਂ ਸ਼ਿਫਟ ਕਰਕੇ ਸਿੱਖਿਆ ਦਾ ਮਿਆਰ ਚੁੱਕਣ ਦੇ ਦਮਗਜ਼ੇ ਮਾਰੇ ਜਾ ਰਹੇ ਹਨ। ਜਦਕਿ ਅਸਲੀਅਤ ਇਹ ਹੈ ਕਿ ਆਮ ਸਕੂਲਾਂ ਵਿੱਚ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਹੈ ਅਤੇ ਹੁਣ ਇੰਨ੍ਹਾਂ ਸਕੂਲਾਂ ਵਿੱਚੋਂ ਅਧਿਆਪਕਾਂ ਨੂੰ ਬਦਲ ਕੇ ਐਂਮੀਨੈਂਸ ਸਕੂਲਾਂ ਵਿੱਚ ਭੇਜਿਆ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਅੱਖੋਂ ਪਰੋਖੇ ਕਰਕੇ ਹੋਰ ਪਿਛਾੜਿਆ ਜਾ ਰਿਹਾ ਹੈ।

ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਿਸ਼ਿਸ਼ਟ, ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ, ਆਗੂਆਂ ਮੇਘ ਰਾਜ, ਦਲਜੀਤ ਸਫੀਪੁਰ, ਕੁਲਵੰਤ ਖਨੌਰੀ, ਰਵਿੰਦਰ ਦਿੜ੍ਹਬਾ, ਕਮਲਜੀਤ ਬਨਭੌਰਾ, ਦੀਨਾ ਨਾਥ, ਰਾਜ਼ ਸੈਣੀ, ਗੁਰਦੀਪ ਚੀਮਾ, ਮਨਜੀਤ ਸੱਭਰਵਾਲ, ਗੁਰਜੰਟ ਲਹਿਲ ਕਲਾਂ ਅਤੇ ਸੁਖਬੀਰ ਸਿੰਘ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਸਕੂਲ ਆਫ ਐਂਮੀਨੈਂਸ ਤੇ ਕੀਤੇ ਗਏ ਇਤਰਾਜ਼ ਹੁਣ ਅਧਿਆਪਕ ਵਰਗ ਦੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਇਹ ਜ਼ਬਰੀ ਬਦਲੀਆਂ ਮੌਕੇ ਅਪਾਹਜ਼ ਅਧਿਆਪਕਾਂ ਦੀਆਂ ਦਿੱਕਤਾਂ ਤੱਕ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਅਤੇ ਨਾ ਹੀ ਇੱਕ ਸਾਲ ਦੌਰਾਨ ਸੇਵਾ ਮੁਕਤ ਅਧਿਆਪਕਾਂ ਨੂੰ ਆਪਣੇ ਸਟੇਸ਼ਨ ਤੋਂ ਬਦਲਣ ਤੋਂ ਗੁਰੇਜ਼ ਕੀਤਾ ਗਿਆ ਹੈ। ਵਰਤਮਾਨ ਸਰਕਾਰ ਵੱਲੋਂ ਪਿਛਲੀਆਂ ਸਰਕਾਰਾਂ ਦੀ ਮਿਡਲ ਸਕੂਲਾਂ ਨੂੰ ਤਬਾਹ ਕਰਨ ਦੀ ਨੀਤੀ ਅਗਾਂਹ ਵਧਾਉਂਦਿਆਂ ਇੰਨ੍ਹਾਂ ਸਕੂਲਾਂ ਵਿੱਚੋਂ ਆਰਟ ਐਂਡ ਕਰਾਫਟ ਟੀਚਰਾਂ ਦੀਆਂ ਬਦਲੀਆਂ ਕੀਤੇ ਜਾਣ ਨਾਲ ਮਿਡਲ ਸਕੂਲਾਂ ਵਿੱਚੋਂ ਸੀ ਐਂਡ ਵੀ ਕਾਡਰ ਦਾ ਭੋਗ ਪਾ ਦਿੱਤਾ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਸਾਰੇ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਬਰਾਬਰ ਸਿੱਖਿਆ ਦੇਣ ਲਈ ਇਹ ਬਦਲੀਆਂ ਤੁਰੰਤ ਰੱਦ ਕੀਤੀਆਂ ਜਾਣ ਅਤੇ ਪੰਜਾਬ ਭਰ ਦੇ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ।

LEAVE A REPLY

Please enter your comment!
Please enter your name here