ਬਖਸ਼ੀਵਾਲਾ ਰੋਡ ਤੇ ਬਣੇ ਕੂੜਾ ਡੰਪ ਦਾ 3-4 ਮਹੀਨਿਆਂ ਅੰਦਰ ਹੋਵੇਗਾ ਯੋਗ ਪ੍ਰਬੰਧਨ, 1.33 ਕਰੋੜ ਦਾ ਟੈਂਡਰ ਪਾਸ: ਅਮਨ ਅਰੋੜਾ
ਸੁਨਾਮ ਊਧਮ ਸਿੰਘ ਵਾਲਾ, 30 ਸਤੰਬਰ, 2023: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਦੇ ਕਾਇਆ ਕਲਪ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਸੁਨਾਮ ਸ਼ਹਿਰ ਦੇ ਲੋਕਾਂ ਨੂੰ ਇੱਕ ਹੋਰ ਤੋਹਫ਼ਾ ਦਿੰਦਿਆਂ ਨਗਰ ਕੌਂਸਲ ਸੁਨਾਮ ਦੇ ਅਧਿਕਾਰੀਆਂ ਨੂੰ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਵਰਤੇ ਜਾਣ ਵਾਲੇ 3 ਟਰੈਕਟਰ, 3 ਹਾਈਡ੍ਰੌਲਿਕ ਟਰਾਲੀਆਂ ਅਤੇ ਇੱਕ ਪੀਣ ਵਾਲੇ ਪਾਣੀ ਦਾ ਟੈਂਕਰ ਸੌਂਪਦਿਆਂ ਦੱਸਿਆ ਕਿ ਅਗਲੇ 15 ਤੋਂ 30 ਦਿਨਾਂ ਦੇ ਅੰਦਰ ਅੰਦਰ ਗਿੱਲਾ ਅਤੇ ਸੁੱਕਾ ਕੂੜਾ ਇਕੱਤਰ ਕਰਨ ਲਈ 13 ਲੱਖ ਰੁਪਏ ਦੀ ਲਾਗਤ ਵਾਲੇ 52 ਟ੍ਰਾਈ ਸਾਈਕਲ ਅਤੇ 44 ਲੱਖ 70 ਹਜ਼ਾਰ ਰੁਪਏ ਦੀ ਲਾਗਤ ਵਾਲੇ ਮੈਕੇਨਾਈਜ਼ਡ ਵ੍ਹੀਕਲ ਟਾਟਾ ਏਸ ਨਗਰ ਕੌਂਸਲ ਕੋਲ ਪਹੁੰਚ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸਵੱਛ ਭਾਰਤ ਮਿਸ਼ਨ ਤਹਿਤ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਅਤੇ ਆਉਂਦੇ 3-4 ਮਹੀਨਿਆਂ ਅੰਦਰ ਸ਼ਹਿਰ ਦੀ ਦਿੱਖ ਵਿੱਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਹੀ ਵਿਧਾਨ ਸਭਾ ਹਲਕਾ ਸੁਨਾਮ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦਾ ਟੀਚਾ ਮਿੱਥਦੇ ਹੋਏ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਯੋਜਨਾਬੱਧ ਤਰੀਕੇ ਨਾਲ ਕਾਰਜ ਸ਼ੁਰੂ ਕੀਤੇ। ਕੈਬਨਿਟ ਮੰਤਰੀ ਨੇ ਦੱਸਿਆ ਕਿ 31 ਅਕਤੂਬਰ 2022 ਨੂੰ ਨਗਰ ਕੌਂਸਲ ਨੇ ਸਾਫ਼ ਸਫ਼ਾਈ ਦੀ ਨਵੀਂ ਮਸ਼ੀਨਰੀ ਦੀ ਮੰਗ ਕੀਤੀ ਜਿਸ ਤੋਂ ਬਾਅਦ ਮਹਿਜ਼ 2 ਮਹੀਨਿਆਂ ਅੰਦਰ ਹੀ 21 ਦਸੰਬਰ 2022 ਨੂੰ ਕੌਂਸਲ ਦੀ ਮੰਗ ਸਵੀਕਾਰ ਹੋ ਗਈ ਅਤੇ ਸਮੁੱਚੀ ਪ੍ਰਕਿਰਿਆ ਨੂੰ ਅਮਲ ਵਿੱਚ ਲਿਆਉਂਦੇ ਹੋਏ ਪੜਾਅਵਾਰ ਤਰੀਕੇ ਨਾਲ ਢੁਕਵੀਂ ਮਸ਼ੀਨਰੀ ਉਪਲਬਧ ਕਰਵਾਉਣ ਦਾ ਸਿਲਸਿਲਾ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਸੜਕਾਂ ਤੇ ਡਿਵਾਈਡਰਾਂ ਦੀ ਸਾਫ਼ ਸਫ਼ਾਈ ਲਈ 30 ਲੱਖ ਦੀ ਲਾਗਤ ਵਾਲੀ ਆਟੋਮੈਟਿਕ ਰੋਡ ਕਲੀਨਿੰਗ ਮਸ਼ੀਨ ਲਿਆਉਣ ਲਈ ਵੀ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਬਖਸ਼ੀਵਾਲਾ ਰੋਡ ਤੇ ਸਥਿਤ ਕੂੜਾ ਡੰਪ ਵਿਚ ਕੂੜੇ ਦੇ ਨਿਪਟਾਰੇ ਲਈ 1.33 ਕਰੋੜ ਰੁਪਏ ਦਾ ਟੈਂਡਰ ਪਾਸ ਹੋ ਚੁੱਕਾ ਹੈ ਅਤੇ ਅਗਲੇ ਦੋ ਹਫ਼ਤਿਆਂ ਵਿਚ ਮਸ਼ੀਨਰੀ ਡੰਪ ਸਾਈਟ ਤੇ ਸਫ਼ਾਈ ਕਾਰਜ ਆਰੰਭ ਕਰ ਦੇਵੇਗੀ ਅਤੇ 3-4 ਮਹੀਨਿਆਂ ਵਿਚ ਇਸ ਥਾਂ ਤੋਂ ਵੀ ਕੂੜਾ ਕਰਕਟ ਦਾ ਸਥਾਈ ਤੌਰ ‘ਤੇ ਹੱਲ ਹੋ ਜਾਵੇਗਾ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੋਕਾਂ ਖਾਸ ਕਰਕੇ ਮਹਿਲਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰਾਂ ਵਿੱਚ ਇਕੱਠੇ ਹੋਣ ਵਾਲੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਕੇ ਰੱਖਿਆ ਜਾਵੇ ਤਾਂ ਜੋ ਕੂੜੇ ਦੇ ਯੋਗ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣਾ ਹਰੇਕ ਨਾਗਰਿਕ ਦਾ ਨੈਤਿਕ ਫਰਜ਼ ਹੈ ਅਤੇ ਸਭ ਨੂੰ ਇਹ ਸਮਾਜਿਕ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਨਗਰ ਕੌਂਸਲ ਨੂੰ ਸੌਂਪੇ ਨਵੇਂ ਟਰੈਕਟਰ, ਟਰਾਲੀਆਂ ਅਤੇ ਪੀਣ ਵਾਲੇ ਪਾਣੀ ਦਾ ਟੈਂਕਰ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ ਮੁਕੇਸ਼ ਜੁਨੇਜਾ, ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ, ਕਾਰਜਸਾਧਕ ਅਫਸਰ ਅੰਮ੍ਰਿਤ ਲਾਲ, ਸੀਨੀਅਰ ਮੀਤ ਪ੍ਰਧਾਨ ਆਸ਼ਾ ਬਜਾਜ, ਮਨਪ੍ਰੀਤ ਬਾਂਸਲ, ਕੌਂਸਲਰ ਸੁਨੀਲ ਆਸ਼ੂ, ਦੀਪਿਕਾ ਗੋਇਲ, ਬਲਜੀਤ, ਪ੍ਰੇਮ ਚੰਦ, ਗੁਰਤੇਜ ਸਿੰਘ ਨਿੱਕਾ, ਸੰਦੀਪ ਜਿੰਦਲ, ਰਵੀ ਕਮਲ ਗੋਇਲ ਵੀ ਹਾਜ਼ਰ ਸਨ।