ਸੂਬੇ  ਵਿੱਚ ਅਤਿ-ਆਧੁਨਿਕ ਲਾਇਬ੍ਰੇਰੀਆਂ ਸਥਾਪਤ ਕਰਨ ਲਈ ਮੁੱਖ ਮੰਤਰੀ ਦੀ ਮੁਹਿੰਮ ਜਾਰੀ

0
163

ਸੰਗਰੂਰ ਜ਼ਿਲ੍ਹੇ ਵਿੱਚ 4.62 ਕਰੋੜ ਦੀ ਲਾਗਤ ਨਾਲ ਬਣੀਆਂ 14 ਨਵੀਆਂ ਅਤਿ-ਆਧੁਨਿਕ ਲਾਇਬ੍ਰੇਰੀਆਂ ਲੋਕਾਂ ਨੂੰ ਕੀਤੀਆਂ ਸਮਰਪਿਤ


ਲਾਇਬ੍ਰੇਰੀਆਂ ਦੇ ਸੂਬੇ ਵਿੱਚ ਵਿਕਾਸ ਅਤੇ ਖੁਸ਼ਹਾਲੀ ਦੇ ਧੁਰੇ ਵਜੋਂ ਕੰਮ ਕਰਨ ਦੀ ਉਮੀਦ ਜਤਾਈ


ਵਾਰ ਹੀਰੋਜ਼ ਸਟੇਡੀਅਮ ਵਿਖੇ ਵੇਟ ਲਿਫਟਿੰਗ ਸੈਂਟਰ ਅਤੇ ਐਸਟ੍ਰੋ ਟਰਫ ਦਾ ਕੀਤਾ ਉਦਘਾਟਨ

ਸੰਗਰੂਰ, 11 ਜਨਵਰੀ-

ਸੂਬੇ ਵਿੱਚ ਅਤਿ-ਆਧੁਨਿਕ ਲਾਇਬ੍ਰੇਰੀਆਂ ਸਥਾਪਤ ਕਰਨ ਸਬੰਧੀ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੰਗਰੂਰ ਜ਼ਿਲ੍ਹੇ ਵਿੱਚ 4.62 ਕਰੋੜ ਦੀ ਲਾਗਤ ਨਾਲ ਬਣੀਆਂ 14 ਨਵੀਆਂ ਅਤਿ-ਆਧੁਨਿਕ ਲਾਇਬ੍ਰੇਰੀਆਂ ਲੋਕਾਂ ਨੂੰ ਸਮਰਪਿਤ ਕੀਤੀਆਂ।

ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਇਹ ਲਾਇਬ੍ਰੇਰੀਆਂ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਧੁਰੇ ਵਜੋਂ ਕੰਮ ਕਰਨਗੀਆਂ ਅਤੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਸੂਬੇ ਦੇ ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਨੌਜਵਾਨਾਂ ਦੇ ਸ਼ਕਤੀਕਰਨ ਅਤੇ ਉਨ੍ਹਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਬਰਾਬਰ ਦੇ ਭਾਈਵਾਲ ਬਣਾਉਣ ਵਿੱਚ ਅਹਿਮ ਸਾਬਤ ਹੋਵੇਗਾ। ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕਰਦਿਆਂ ਕਿਹਾ ਕਿ ਇਹ ਲਾਇਬ੍ਰੇਰੀਆਂ ਨੌਜਵਾਨਾਂ ਦੀ ਤਕਦੀਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ, ਜਿੱਥੋਂ ਪੜ੍ਹ ਕੇ ਸੂਬੇ ਦੇ ਨੌਜਵਾਨ ਵੱਡੇ ਅਫ਼ਸਰ, ਵਿਗਿਆਨੀ, ਡਾਕਟਰ, ਤਕਨੀਕੀ ਮਾਹਰ ਅਤੇ ਹੋਰ ਉੱਚੇ ਅਹੁਦਿਆਂ ‘ਤੇ ਬਿਰਾਜਮਾਨ ਹੋਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਆਲੇ ਦਰਜੇ ਦੀਆਂ ਲਾਇਬ੍ਰੇਰੀਆਂ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਪੁਸਤਕ ਪ੍ਰੇਮੀਆਂ ਲਈ ਵੱਧ ਤੋਂ ਵੱਧ ਲਾਹੇਵੰਦ ਸਾਬਤ ਹੋਣ। ਉਨ੍ਹਾਂ ਕਿਹਾ ਕਿ ਇਹ ਲਾਇਬ੍ਰੇਰੀਆਂ ਹਾਈਟੈਕ ਸਹੂਲਤਾਂ ਜਿਵੇਂ ਏਅਰ ਕੰਡੀਸ਼ਨਰ, ਇਨਵਰਟਰ, ਸੀ.ਸੀ.ਟੀ.ਵੀ. ਕੈਮਰੇ, ਵਾਈ-ਫਾਈ ਅਤੇ ਹੋਰ ਸਹੂਲਤਾਂ ਨਾਲ ਲੈਸ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲਾਇਬ੍ਰੇਰੀਆਂ ਅਸਲ ਮਾਇਨੇ ਵਿੱਚ ਗਿਆਨ ਅਤੇ ਸਾਹਿਤ ਦਾ ਭੰਡਾਰ ਹਨ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਅਤਿ-ਆਧੁਨਿਕ ਲਾਇਬ੍ਰੇਰੀਆਂ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਮੁੱਲਵਾਨ ਕਿਤਾਬਾਂ ਮੌਜੂਦ ਹਨ, ਜੋ ਪੁਸਤਕ ਪ੍ਰੇਮੀਆਂ ਨੂੰ ਆਕਰਸ਼ਿਤ ਕਰਨਗੀਆਂ।

ਮੁੱਖ ਮੰਤਰੀ ਨੇ ਕਿਹਾ ਕਿ ਲਾਇਬ੍ਰੇਰੀਆਂ ਦੇ ਸੰਗ੍ਰਹਿ ਵਿੱਚ ਕੁਝ ਦੁਰਲੱਭ ਅਤੇ ਕੀਮਤੀ ਪੁਸਤਕਾਂ ਸ਼ਾਮਲ ਹਨ, ਜੋ ਪੁਸਤਕ ਪ੍ਰੇਮੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਣਗੀਆਂ। ਉਨ੍ਹਾਂ ਉਮੀਦ ਜਤਾਈ ਕਿ ਇਹ ਲਾਇਬ੍ਰੇਰੀਆਂ ਵਿਦਿਆਰਥੀਆਂ ਦੀ ਤਕਦੀਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾਂ ਮਾਰਨ ਅਤੇ ਸੂਬੇ ਵਿੱਚੋਂ ਅਜਿਹੇ ਹੁਨਰਮੰਦ ਨੌਜਵਾਨ ਪੈਦਾ ਕੀਤੇ ਜਾ ਸਕਣ, ਜੋ ਵੱਖ-ਵੱਖ ਖੇਤਰਾਂ ਵਿੱਚ ਸੂਬੇ ਦਾ ਨਾਮ ਰੌਸ਼ਨ ਕਰਨ।

ਇਸ ਤੋਂ ਬਾਅਦ ਮੁੱਖ ਮੰਤਰੀ ਨੇ ਵਾਰ ਹੀਰੋਜ਼ ਸਟੇਡੀਅਮ ਵਿੱਚ 14 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਵੇਟ ਲਿਫਟਿੰਗ ਸੈਂਟਰ ਅਤੇ 92 ਲੱਖ ਨਾਲ ਤਿਆਰ ਐਸਟ੍ਰੋ ਟਰਫ ਲੋਕਾਂ ਨੂੰ ਸਮਰਪਿਤ ਕੀਤੇ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਹੈ, ਜਿਸ ਨਾਲ ਨੌਜਵਾਨਾਂ ਦੀ ਅਸੀਮ ਊਰਜਾ ਸਹੀ ਪਾਸੇ ਵੱਲ ਲੱਗ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲੀ ਵਾਰ ਖਿਡਾਰੀਆਂ ਨੂੰ ਖੇਡਾਂ ਦੀ ਤਿਆਰੀ ਲਈ ਫੰਡ ਦਿੱਤੇ ਹਨ ਤਾਂ ਜੋ ਉਹ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰ ਸਕਣ।

ਮੁੱਖ ਮੰਤਰੀ ਨੇ ਕਿਹਾ ਕਿ ਇਸੇ ਦਾ ਨਤੀਜਾ ਹੈ ਕਿ ਪਿਛਲੇ ਸਾਲ ਹੋਈਆਂ ਏਸ਼ਿਆਈ ਖੇਡਾਂ ਵਿੱਚ ਪੰਜਾਬੀਆਂ ਨੇ 19 ਤਗਮੇ ਜਿੱਤੇ, ਜੋ ਕਿ ਏਸ਼ੀਆਡ ਸ਼ੁਰੂ ਹੋਣ ਤੋਂ ਲੈ ਕੇ ਬਾਕੀ ਰਾਜਾਂ ਦੇ ਮੁਕਾਬਲੇ ਸਭ ਤੋਂ ਵੱਧ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਭਾਰਤੀ ਹਾਕੀ ਦਲ ਵਿੱਚ 10 ਖਿਡਾਰੀ ਪੰਜਾਬ ਦੇ ਹਨ। ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਸੂਬੇ ਦੇ ਖਿਡਾਰੀ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਨਾਲ-ਨਾਲ ਨਗਦ ਇਨਾਮ ਅਤੇ ਹੋਰ ਸਹੂਲਤਾਂ ਦੇ ਕੇ ਉਨ੍ਹਾਂ ਦਾ ਮਾਣ-ਸਨਮਾਨ ਵੀ ਕਰ ਰਹੀ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਭਰ ਵਿੱਚ ਗਣਤੰਤਰ ਦਿਵਸ ਦੀ ਪਰੇਡ ਸਿੰਥੈਟਿਕ ਟਰੈਕ ਵਾਲੇ ਕਿਸੇ ਵੀ ਗਰਾਊਂਡ ਵਿਖੇ ਨਹੀਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਰੇਡ ਦੌਰਾਨ ਰਾਜ ਅਤੇ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਣ ਲਈ ਕਈ ਝਾਕੀਆਂ ਅਤੇ ਹੋਰ ਸਮਾਗਮ ਕਰਵਾਏ ਜਾਂਦੇ ਹਨ। । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮਾਗਮਾਂ ਦੌਰਾਨ ਪਰੇਡ ਸਮੇਂ ਵਾਹਨਾਂ ਅਤੇ ਹੋਰ ਮਸ਼ੀਨਰੀ ਦੀ ਆਵਾਜਾਈ ਟਰੈਕ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਟਰੈਕ ਨੂੰ ਨੁਕਸਾਨ ਪਹੁੰਚਣ ਨਾਲ ਖਿਡਾਰੀਆਂ ਨੂੰ ਬਹੁਤ ਜ਼ਿਆਦਾ ਦਿੱਕਤ ਪੇਸ਼ ਆਉਂਦੀ ਹੈ, ਜੋ ਬਿਲਕੁਲ ਵੀ ਠੀਕ ਨਹੀਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕਿਸੇ ਵੀ ਸਥਿਤੀ ਤੋਂ ਬਚਣ ਲਈ ਸੂਬਾ ਸਰਕਾਰ ਨੇ ਗਣਤੰਤਰ ਦਿਵਸ ਦੀ ਪਰੇਡ ਸਿੰਥੈਟਿਕ ਟਰੈਕ ਵਾਲੇ ਕਿਸੇ ਵੀ ਸਟੇਡੀਅਮ ਵਿੱਚ ਨਾ ਕਰਵਾਉਣ ਦਾ ਫੈਸਲਾ ਲਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸੇ ਫੈਸਲੇ ਤਹਿਤ ਗਣਤੰਤਰ ਦਿਵਸ ਮੌਕੇ ਲੁਧਿਆਣਾ ਵਿਖੇ ਹੋਣ ਵਾਲਾ ਸਮਾਗਮ ਹੁਣ ਪੀ.ਏ.ਯੂ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ ਅਤੇ ਖਿਡਾਰੀਆਂ ਜਾਂ ਖੇਡਾਂ ਦੇ  ਬੁਨਿਆਦੀ ਢਾਂਚੇ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।

 

LEAVE A REPLY

Please enter your comment!
Please enter your name here