ਸੂਬੇ ਵਿੱਚ ਰੇਸ਼ਮ ਉਤਪਾਦਨ ਨੂੰ ਹੁਲਾਰਾ ਦੇਣ ਲਈ ਪੰਜ ਰੋਜ਼ਾ ਸਰੋਤ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ

0
168
ਚੰਡੀਗੜ੍ਹ, 22 ਫ਼ਰਵਰੀ:
ਸੂਬੇ ਵਿੱਚ ਫ਼ਸਲੀ ਵਿਭਿੰਨਤਾ ਤਹਿਤ ਰੇਸ਼ਮ ਉਤਪਾਦਨ ਸਣੇ ਹੋਰਨਾਂ ਫ਼ਸਲਾਂ ਨੂੰ ਹੁਲਾਰਾ ਦੇਣ ਸਬੰਧੀ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਬਾਗ਼ਬਾਨੀ ਵਿਭਾਗ ਵੱਲੋਂ ਸੈਰੀਕਲਚਰ ਨਾਲ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਪੰਜ ਰੋਜ਼ਾ ਸਰੋਤ ਵਿਕਾਸ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।
ਇਥੋਂ ਦੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨੀਸਟ੍ਰੇਸ਼ਨ (ਮਗਸੀਪਾ) ਵਿਖੇ ਕੇਂਦਰ ਰੇਸ਼ਮ ਬੋਰਡ, ਭਾਰਤ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਗਏ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਕਮਿਸ਼ਨਰ ਸ੍ਰੀਮਤੀ ਨੀਲਿਮਾ, ਡਾਇਰੈਕਟਰ ਬਾਗ਼ਬਾਨੀ ਸ੍ਰੀਮਤੀ ਸ਼ੈਲਿੰਦਰ ਕੌਰ ਅਤੇ ਕੇਂਦਰ ਰੇਸ਼ਮ ਬੋਰਡ ਦੇ ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ ਗਈ।
ਮੁੱਖ ਮਹਿਮਾਨ ਸ੍ਰੀਮਤੀ ਨੀਲਿਮਾ ਨੇ ਆਪਣੇ ਸੰਬੋਧਨ ਦੌਰਾਨ ਸੂਬੇ ਵਿੱਚ ਰੇਸ਼ਮ ਉਤਪਾਦਨ ਨੂੰ ਪ੍ਫੂਲਿਤ ਕਰਨ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਡਾਇਰੈਕਟਰ ਬਾਗ਼ਬਾਨੀ ਨੇ ਦੱਸਿਆ ਕਿ ਰੇਸ਼ਮ ਉਤਪਾਦਨ ਦਾ ਕਿੱਤਾ ਪੰਜਾਬ ਵਿੱਚ ਮੁੱਖ ਤੌਰ ‘ਤੇ ਕੰਢੀ ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਦੇ ਛੋਟੇ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਸੈਰੀਕਲਚਰ ਸਕੀਮਾਂ ਅਧੀਨ ਵੱਖ-ਵੱਖ ਗਤੀਵਿਧੀਆਂ ਜਿਵੇਂ ਪਲਾਂਟੇਸ਼ਨ, ਕੀਟ ਪਾਲਣ ਘਰ, ਰੇਰਿੰਗ ਉਪਕਰਣ, ਟ੍ਰੇਨਿੰਗ, ਐਕਸਪੋਜ਼ਰ ਵਿਜ਼ਿਟ ਆਦਿ ਅਧੀਨ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।
ਟ੍ਰੇਨਿੰਗ ਪ੍ਰੋਗਰਾਮ ਦੌਰਾਨ ਸੈਰੀਕਲਚਰ ਦੇ ਵਿਕਾਸ ਸਬੰਧੀ ਵਿਸ਼ਾ ਮਾਹਰਾਂ ਅਤੇ ਸਾਇੰਸਦਾਨਾਂ ਵੱਲੋਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਤਕਨੀਕੀ ਜਾਣਕਾਰੀ ਦਿੱਤੀ ਗਈ। ਕੇਂਦਰੀ ਰੇਸ਼ਮ ਬੋਰਡ ਦੇ ਸਹਾਇਕ ਸਕੱਤਰ ਸ੍ਰੀ ਦਸ਼ਰਥੀ ਬਹੇਰਾ, ਸਾਇੰਟਿਸਟ-ਡੀ ਬੰਗਲੌਰ ਸ੍ਰੀ ਸਦੀਕੀ ਅਲੀ, ਡਾਇਰੈਕਟਰ, ਸੀ.ਐਸ.ਆਰ. ਐਂਡ ਟੀ.ਆਈ, ਪਾਮਪੁਰ ਸ੍ਰੀ ਐਨ.ਕੇ. ਭਾਟੀਆ, ਸਾਇੰਟਿਸਟ-ਡੀ ਸ੍ਰੀ ਸਰਦਾਰਾ ਸਿੰਘ ਅਤੇ ਸੁਰਿੰਦਰ ਭੱਟ ਨੇ ਰੇਸ਼ਮ ਉਤਪਾਦਨ ਸਬੰਧੀ ਵੱਖ-ਵੱਖ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।
ਟ੍ਰੇਨਿੰਗ ਪ੍ਰੋਗਰਾਮ ਦੌਰਾਨ ਵਿਭਾਗ ਦੇ ਸੈਰੀਕਲਚਰ ਵਿੰਗ ਵੱਲੋਂ ਵੱਖ-ਵੱਖ ਗਤੀਵਿਧੀਆਂ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਤੋਂ ਇਲਾਵਾ ਗੋਆ ਇੰਸਟੀਚਿਊਟ ਆਫ਼ ਟ੍ਰੇਨਿੰਗ ਸਟੱਡੀਜ਼ ਦੇ ਅਧਿਕਾਰੀਆਂ ਵੱਲੋ ਸ਼ਖ਼ਸੀਅਤ ਵਿਕਾਸ, ਸਵੈ-ਜਾਗਰੂਕਤਾ, ਸਮਾਂ ਪ੍ਰਬੰਧਨ ਅਤੇ ਡੈਲੀਗੇਸ਼ਨ ਸਕਿੱਲ ਆਦਿ ਸਬੰਧੀ ਸਿਖਲਾਈ ਦਿੱਤੀ ਗਈ।
ਟ੍ਰੇਨਿੰਗ ਵਿੱਚ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਦਲਬੀਰ ਸਿੰਘ, ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਬਲਵਿੰਦਰ ਸਿੰਘ ਅਤੇ ਡਿਪਟੀ ਡਾਇਰੈਕਟਰ ਸ੍ਰੀ ਤਜਿੰਦਰ ਸਿੰਘ ਬਾਜਵਾ ਸਣੇ ਸੂਬੇ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਹਿੱਸਾ ਲਿਆ।

LEAVE A REPLY

Please enter your comment!
Please enter your name here