ਮਾਨਸਾ, 30 ਅਗਸਤ:
ਸੇਫ ਸਕੂਲ ਵਾਹਨ ਪਾਲਸੀ ਤਹਿਤ ਬਲਾਕ ਸਰਦੂਲਗੜ੍ਹ ਵਿਖੇ ਦਸ਼ਮੇਸ਼ ਕਾਨਵੈਂਟ ਸਕੂਲ, ਅਕਾਲ ਅਕੈਡਮੀ, ਡੀ.ਏ.ਵੀ ਅਤੇ ਹੋਰ ਸਕੂਲਾਂ ਦੀਆਂ ਤਕਰੀਬਨ 90 ਬੱਸਾਂ ਚੈੱਕ ਕੀਤੀਆਂ ਗਈਆਂ ਅਤੇ ਇਸ ਦੌਰਾਨ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾਂ ਕਰਨ ਵਾਲੀਆਂ 33 ਬੱਸਾਂ ਦੇ ਚਲਾਨ ਕੀਤੇ ਗਏ।
ਪ੍ਰੋਟੈਕਸ਼ਨ ਅਫ਼ਸਰ ਸ੍ਰੀਮਤੀ ਨਤੀਸ਼ਾ ਅੱਤਰੀ ਨੇ ਦੱਸਿਆ ਕਿ ਜਿੰਨ੍ਹਾਂ ਸਕੂਲ ਵੈਨਾਂ ਦੇ ਦਸਤਾਵੇਜ਼ ਅਧੂਰੇ ਸਨ ਜਾਂ ਹੋਰ ਖ਼ਾਮੀਆਂ ਪਾਈਆਂ ਗਈਆਂ ਉਨ੍ਹਾਂ ਨੂੰ ਦਰੁੱਸਤ ਕਰਨ ਦੀ ਹਦਾਇਤ ਕੀਤੀ ਗਈ ਹੈ। ਚੈਕਿੰਗ ਉਪਰੰਤ ਸਕੂਲ ਵੈਨਾਂ ਦੇ ਡਰਾਈਵਰਾਂ, ਮਾਲਕਾਂ ਅਤੇ ਸਕੂਲ ਵਿੱਚ ਬਣੀ ਟਾਸਕ ਫੋਰਸ ਕਮੇਟੀ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਸੇਫ ਸਕੂਲ ਪਾਲਿਸੀ ਬਾਰੇ ਜਾਗਰੂਕ ਕਰਦਿਆਂ ਵੈਨ ਵਿੱਚ ਮੁਢਲੀਆਂ ਸਹੂਲਤਾਂ ਜਿਵਂੇ ਕਿ ਫਸਟ ਏਡ ਬਾਕਸ, ਅੱਗ ਬੁਝਾਊ ਯੰਤਰ, ਬੱਸ ਅੰਦਰ ਕੈਮਰਾ, ਬੱਸ ਦਾ ਰੰਗ ਪੀਲਾ ਅਤੇ ਉਸ ਉਪਰ ਪੱਟੀ ਵਿੱਚ ਸਕੂਲ ਦਾ ਨਾਮ ਹੋਣਾ, ਸਰਕਾਰੀ ਨੰਬਰ ਪਲੇਟ, ਫਿੱਟਨੈਸ ਸਰਟੀਫਿਕੇਟ, ਲੇਡੀਜ਼ ਐਟਡੈਂਟ ਆਦਿ ਸਹੂਲਤਾਂ ਯਕੀਨੀ ਬਣਾਉਣ ਲਈ ਕਿਹਾ ਗਿਆ।
ਉਨ੍ਹਾਂ ਬੱਚਿਆ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਬੱਚੇ ਦੀ ਸਕੂਲ ਵੈਨ ਵਿੱਚ ਕਿਸੇ ਪ੍ਰਕਾਰ ਦੀ ਊਣਤਾਈ ਨਜ਼ਰ ਆਉਂਦੀ ਹੈ ਤਾਂ ਉਹ ਇਸ ਸਬੰਧੀ ਸਕੂਲ ਮੈਨੇਜ਼ਮੈਂਟ ਜਾਂ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਿਖੇ ਸੂਚਿਤ ਕਰਨ ਤਾਂ ਜੋ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੇਫ ਸਕੂਲ ਵਾਹਨ ਪਾਲਿਸੀ ਨੂੰ 100 ਫ਼ੀਸਦੀ ਲਾਗੂ ਕੀਤਾ ਜਾ ਸਕੇ।
ਇਸ ਮੌਕੇ ਸ੍ਰੀ ਰਾਜਵੀਰ ਸ਼ਰਮਾ, ਸ੍ਰੀ ਗੁਰਪ੍ਰੀਤ ਸਿੰਘ ਇੰਚਾਰਜ, ਟਰੈਫਿਕ ਪੁਲਿਸ, ਸਰਦੂਲਗੜ੍ਹ ਮੌਜੂਦ ਸਨ।