ਸੈਂਕੜੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਹਲਕਾ ਲਹਿਰਾ ਦੇ ਵਿਧਾਇਕ ਦੇ ਦਫਤਰ ਮੂਹਰੇ ਕੀਤਾ ਪੰਜਾਬ ਸਰਕਾਰ ਦਾ ਪਿੱਟ ਸਿਆਪਾ

0
110
ਦਲਜੀਤ ਕੌਰ
ਲਹਿਰਾਗਾਗਾ, 11 ਫਰਵਰੀ, 2024: ਪੰਜਾਬ ਦੇ ਦਰਜ਼ਨਾਂ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਦੇ ਸੱਦੇ ‘ਤੇ ਅੱਜ ਇੱਥੇ ਸੈਂਕੜੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਹਲਕਾ ਲਹਿਰਾ ਦੇ ਵਿਧਾਇਕ ਬਰਿੰਦਰ ਗੋਇਲ ਦੇ ਦਫਤਰ ਮੂਹਰੇ ਪੰਜਾਬ ਸਰਕਾਰ ਖਿਲਾਫ਼ ਭਾਰੀ ਨਾਅਰੇਬਾਜ਼ੀ ਅਤੇ ਪਿੱਟ ਸਿਆਪਾ ਕਰਕੇ ਆਪਣੇ ਗੁੱਸੇ ਤੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਹ ਮੁਲਾਜ਼ਮ ਤੇ ਪੈਨਸ਼ਨਰ ਆਪਣੀਆਂ ਲੰਮੇ ਸਮੇ ਤੋਂ ਲਟਕਦੀਆ ਮੰਗਾਂ ਬਾਰੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਧਾਰੀ ਬੇਸ਼ਰਮੀ ਭਰੀ ਚੁੱਪ ਤੋਂ ਖਫ਼ਾ ਸਨ। ਹਲਕਾ ਲਹਿਰਾ ਦੇ ਵਧਾਇਆ ਐਡਵੋਕੇਟ ਬਰਿੰਦਰ ਗੋਇਲ ਰਾਹੀਂ ਪੰਜਾਬ ਸਰਕਾਰ ਨੂੰ ਭੇਜੇ ਮੰਗ-ਪੱਤਰ ਵਿੱਚ ਸਰਕਾਰ ਨੂੰ ਮੁਲਾਜ਼ਮ ਤੇ ਪੈਨਸ਼ਨਰਾਂ ਦੀਆਂ ਮੰਗਾ ਤੁਰੰਤ ਮੰਨਣ ਦੀ ਮੰਗ ਕਰਦੇ ਹੋਏ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਸਥਾਨਕ ਨਵੀਂ ਅਨਾਜ਼ ਮੰਡੀ ਵਿੱਚ ਕੀਤੀ ਇੱਕ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਦੇ ਵਾਅਦਿਆਂ ‘ਤੇ ਯਕੀਨ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਬਹੁਤ ਵੱਡਾ ਰੋਲ ਅਦਾ ਕੀਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਤੋਂ ਸਰਕਾਰ ਮੁੱਕਰ ਗਈ ਹੈ।
ਮੁਲਾਜ਼ਮ ਤੇ ਪੈਨਸ਼ਨਰਾਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਹੋਰ ਆਗੂ ਮੁਲਾਜ਼ਮਾਂ, ਪੈਨਸ਼ਨਰਾਂ, ਬੇਰੁਜ਼ਗਾਰਾਂ, ਕਿਸਾਨਾਂ, ਮਜਦੂਰਾਂ ਤੇ ਹੋਰ ਵਰਗਾਂ ਦੇ ਧਰਨਿਆਂ ਵਿੱਚ ਜਾ ਕੇ ਵੱਡੇ ਵੱਡੇ ਦਾਅਵੇ ਵਾਅਦੇ ਕਰਦੇ ਨਹੀਂ ਥੱਕਦੇ ਸੀ ਪਰ ਹੁਣ ਆਪਣੀ ਸਰਕਾਰ ਬਣੀ ਤੋਂ ਬਿਲਕੁਲ ਉਲਟੀਆਂ ਗੱਲਾਂ ਕਰਨ ਲੱਗ ਪਏ ਹਨ। ਜਿਸ ਕਾਰਣ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਾਂ ਸਮੇਤ ਹੋਰਨਾਂ ਲੋਕਾਂ ਵਿੱਚ ਬਹੁਤ ਰੋਸ ਹੈ। ਜਿਸਦਾ ਖਮਿਆਜਾ ਇਸ ਪਾਰਟੀ ਨੂੰ ਜਲਦੀ ਹੀ ਭੁਗਤਨਾ ਪਵੇਗਾ।
ਰੈਲੀ ਨੂੰ ਪਸਸਫ ਦੇ ਆਗੂ ਸੁਖਦੇਵ ਚੰਗਾਲੀਵਾਲਾ, ਛੱਜੂ ਰਾਮ ਸ਼ਰਮਾ, ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਰਾਜ ਕੁਮਾਰ ਅਰੋੜਾ, ਜਰਨੈਲ ਸਿੰਘ, ਪੀ ਐਸ ਈ ਬੀ ਪੈਨਸ਼ਨਰਜ਼ ਯੂਨੀਅਨ ਦੇ ਗੁਰਚਰਨ ਸਿੰਘ, ਮਹਿੰਦਰ ਸਿੰਘ, ਗੁਰਮੇਲ ਖਾਈ, ਸੀਤਾ ਰਾਮ, ਹਰਭਗਵਾਨ ਗੁਰਨੇ, ਮਾਸਟਰ ਰਾਬਲ ਭੁਟਾਲ, ਜਸਵਿੰਦਰ ਪਿਸ਼ੌਰੀਆ, ਜਗਦੇਵ ਸਿੰਘ ਬਾਹੀਆ, ਜਗਰੂਪ ਸਿੰਘ, ਰਾਜਿੰਦਰ ਪਾਲ ਡੀ ਐੱਮ ਐੱਫ, ਮਨਜੀਤ ਸੰਗਤਪੁਰਾ, ਗੁਰਪ੍ਰੀਤ ਕੌਰ ਗਾਰਡ, ਰਾਜਵਿੰਦਰ ਕੌਰ ਨਵਾਂ ਗਾਓਂ, ਜਸਵੀਰ ਕੌਰ ਮੂਨਕ,  ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ ਅਤੇ ਸਰਕਾਰ ਦੀ ਮੁਲਾਜ਼ਮਾਂ ਪੈਨਸ਼ਨਰਾਂ ਨੂੰ ਅਣਗੌਲਿਆਂ ਕਰਨ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਤਨਖਾਹ ਕਮਿਸ਼ਨ ਦੇ ਫੈਸਲੇ ਅਨੁਸਾਰ 2.59 ਦਾ ਗੁਣਾਂਕ ਦਿੱਤਾ ਜਾਵੇ। 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। 2022 ਦੇ ਡੀ ਏ ਦਾ ਬਕਾਇਆ 2023 ਸਾਲ ਦੀਆਂ ਦੋ ਡੀ ਏ ਦੀਆਂ ਕਿਸ਼ਤਾਂ ਅਤੇ 2016 ਪੇ ਕਮਿਸ਼ਨ ਦਾ ਰਹਿੰਦਾ ਬਕਾਇਆ ਦਿੱਤਾ ਜਾਵੇ। ਮਾਣ-ਭੱਤਾ, ਦਿਹਾੜੀਦਾਰ ਤੇ ਐਡਹਾਕ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਦੀ ਮੰਗ ਕੀਤੀ ਗਈ।
ਇਸ ਮੌਕੇ ਹਲਕਾ ਵਧਾਇਆ ਬਰਿੰਦਰ ਗੋਇਲ ਨੇ ਮੁਲਾਜ਼ਮ ਤੇ ਪੈਨਸ਼ਨਰਾ ਜਥੇਬੰਦੀਆਂ ਦੇ ਆਗੂਆਂ ਤੋਂ ਮੰਗ-ਪੱਤਰ ਲਿਆ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਇਨ੍ਹਾਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਆਪਣੇ ਵੱਲੋਂ ਪੁਰੀ ਜੋਰ ਪਾਉਣਗੇ।

LEAVE A REPLY

Please enter your comment!
Please enter your name here