ਫਰਿਜਨੋ (ਕੈਲੀਫੋਰਨੀਆਂ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਬੁੱਧਵਾਰ ਰਾਤ ਸੈਕਰਾਮੈਂਟੋ ਲਾਗੇ ਇੱਕ ਐਕਸੀਡੈਂਟ ਵਿੱਚ ਦੋ ਪੰਜਾਬੀ ਮੁੰਡਿਆਂ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਦੋਵੇਂ ਨੌਜਵਾਨ ਹਲਕਾ ਭੁਲੱਥ ਦੇ ਪਿੰਡ ਲਿੱਟਾਂ ਅਤੇ ਪਿੰਡ ਲੱਖਣ-ਕੇ-ਪੱਡਾ ਦੇ ਰਹਿਣ ਵਾਲੇ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਦੋਵੇਂ ਨੌਜਵਾਨ ਸੁਖਜੀਤ ਸਿੰਘ ਚੀਮਾਂ (24) ਪੁੱਤਰ ਨਰਿੰਦਰ ਸਿੰਘ ਚੀਮਾ ਵਾਸੀ ਪਿੰਡ ਲਿੱਟਾਂ ਅਤੇ ਬਲਜਿੰਦਰ ਸਿੰਘ (35) ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਲੱਖਣ ਕੇ ਪੱਡਾ ਇਕੋ ਕਾਰ ਵਿੱਚ ਸਵਾਰ ਸਨ। ਹਾਈਵੇਅ ਪਟਰੋਲ ਦੇ ਦੱਸਣ ਮੁਤਾਬਿਕ ਬੁੱਧਵਾਰ ਸਵੇਰੇ 1.10 ਮਿੰਟ ਤੇ ਇੱਕ ਤੇਜ ਰਫ਼ਤਾਰ ਟੋਇਟਾ ਪ੍ਰੀਅਸ ਕਾਰ, ਡਿੱਲ ਪਾਸੋ ਹਾਈਟਸ ਖੇਤਰ ਵਿੱਚ ਰਾਇਲੀ ਬੁਲੇਵਾਰਡ ’ਤੇ ਪੂਰਬ ਵੱਲ ਆਈ-80 ਆਫ-ਰੈਂਪ ’ਤੇ ਬੇਕਾਬੂ ਹੋਕੇ ਦਰੱਖਤ ਨਾਲ ਜਾ ਟਕਰਾਈ ਅਤੇ ਕਾਰ ਦੇ ਚੀਥੜੇ ਉੱਡ ਗਏ ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਮਾੜੀ ਖ਼ਬਰ ਕਾਰਨ ਸੈਕਰਾਮੈਂਟੋ ਦਾ ਪੰਜਾਬੀ ਭਾਈਚਾਰਾ ਸੋਗ ਦੇ ਆਲਮ ਵਿੱਚ ਹੈ।
Boota Singh Basi
President & Chief Editor