ਸੋਮਾ ਘਰਾਚੋਂ ਦੇ ਮੈਦਾਨ ਵਿੱਚ ਉਤਰਨ ਨਾਲ ਬਦਲੇ ਦਿੜ੍ਹਬਾ ਦੇ ਸਿਆਸੀ ਹਲਾਤ

0
389

ਦਿੜ੍ਹਬਾ ਮੰਡੀ, ਨਕੋਦਰ, ਮਹਿਤਪੁਰ, (ਹਰਜਿੰਦਰ ਪਾਲ ਛਾਬੜਾ) -ਵਿਧਾਨ ਸਭਾ ਹਲਕਾ ਦਿੜ੍ਹਬਾ (ਰਾਖਵਾਂ) ਤੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੋਮਾ ਘਰਾਚੋਂ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਸਿਆਸੀ ਸਮੀਕਰਨ ਬਦਲਦੇ ਦਿਖਾਈ ਦੇ ਰਹੇ ਹਨ। ਵੀਹ ਸਾਲ ਲਗਾਤਾਰ ਧੜੱਲੇਦਾਰ ਢੰਗ ਨਾਲ ਕਬੱਡੀ ਖੇਡਣ ਵਾਲੇ ਸੋਮਾ ਘਰਾਚੋਂ ਨੂੰ ਇਲਾਕੇ ਦਾ ਹਰ ਬਸਰ ਜਾਣਦਾ ਹੈ। ਉਹਨਾਂ ਦੀ ਖੇਡ ਦੇ ਨਾਲ ਨਾਲ ਲੋਕ ਉਨ੍ਹਾਂ ਦੀ ਨਿਮਰਤਾ, ਹਲੀਮੀ, ਸਾਊ ਸੁਭਾਅ ਵਾਲੀ ਸਖਸ਼ੀਅਤ ਤੋਂ ਵੀ ਵਾਕਿਫ਼ ਹਨ। ਅੱਤ ਦੀ ਗਰੀਬੀ ਵਿੱਚ ਆਪਣਾ ਜੀਵਨ ਬਤੀਤ ਕਰ ਰਹੇ ਸੋਮਾ ਘਰਾਚੋਂ ਦੇ ਪਰਿਵਾਰ ਨੂੰ ਪ੍ਰਮਾਤਮਾ ਨੇ ਸ਼ੋਹਰਤ ਰੱਜ ਕੇ ਦਿੱਤੀ ਹੈ ਪਰ ਦੌਲਤ ਵਾਲੇ ਸੰਦੂਕ ਬੰਦ ਹੀ ਰੱਖੇ ਹਨ। ਉਹਨਾਂ ਦੇ ਦਾਦਾ ਸ ਕਰਤਾਰ ਸਿੰਘ ਮਾਲਵੇ ਦੇ ਪ੍ਰਸਿੱਧ ਕਵੀਸ਼ਰ ਹੋਏ ਹਨ। ਸੋਮਾ ਘਰਾਚੋਂ ਨੇ ਕਬੱਡੀ ਆਪਣੇ ਭਰਾਵਾਂ ਤੋਂ ਖੇਡਣੀ ਸਿੱਖੀ ਸੀ। ਉਹਨਾਂ ਦਾ ਜਨਮ ਸ ਦੇਵੀਦਿਆਲ ਸਿੰਘ ਦੇ ਘਰ ਮਾਤਾ ਮੁਖਤਿਆਰ ਕੌਰ ਦੀ ਕੁੱਖੋਂ ਹੋਇਆ। ਉਹ ਅੱਠ ਭਰਾ ਸਨ। ਸੱਤ ਕਬੱਡੀ ਖੇਡਦੇ ਸਨ ਅਤੇ ਸਵ ਅਜਮੇਰ ਘਰਾਚੋਂ ਪੰਜਾਬੀ ਬੋਲੀ ਦਾ ਪ੍ਰਸਿੱਧ ਗੀਤਕਾਰ ਸੀ। ਉਹ ਪਾਕਿਸਤਾਨ ਦੇ ਵਿਰੁੱਧ ਐਨਾ ਤਕੜਾ ਖੇਡਿਆ ਕਿ ਦੁਨੀਆਂ ਉਹਦੀ ਖੇਡ ਦੀ ਮੁਰੀਦ ਹੋ ਗਈ। ਪੰਜਾਬ ਦੇ ਸੈਂਕੜੇ ਟੂਰਨਾਮੈਂਟ ਉਸਨੇ ਜਿੱਤ ਕੇ ਘਰਾਚੋਂ ਦੇ ਨਾਂ ਕੀਤੇ। ਗੋਡੇ ’ਤੇ ਸੱਟ ਲੱਗਣ ਤੋਂ ਬਾਅਦ ਉਸ ਨੇ ਕਬੱਡੀ ਖੇਡਣੀ ਛੱਡ ਦਿੱਤੀ। ਪਰ ਕਬੱਡੀ ਦੇ ਮੈਦਾਨਾਂ ਵਿੱਚ ਨਵੇਂ ਖਿਡਾਰੀਆਂ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ। ਅੱਜ ਕੱਲ ਉਹ ਪਿੰਡਾਂ ਵਿੱਚ ਨਵੇਂ ਖਿਡਾਰੀਆਂ ਨੂੰ ਕਬੱਡੀ ਦੀ ਸਿਖਲਾਈ ਦਿੰਦੇ ਹਨ। ਪਰਿਵਾਰਿਕ ਗੁਜਾਰੇ ਲਈ ਉਹ ਪੱਲੇਦਾਰੀ, ਖੇਤਾਂ ਵਿੱਚ ਦਿਹਾੜੀ ਕਰਨਾ, ਮਜਦੂਰੀ ਆਦਿ ਕੰਮ ਕਰਦਾ ਹੈ। ਉਹ ਕਿਰਤ ਨੂੰ ਪਹਿਲ ਦੇਣ ਵਾਲਾ ਵਿਅਕਤੀ ਹੈ। ਪਿਛਲੇ ਸਮੇਂ ਵਿੱਚ ਉਹ ਪੰਚਾਇਤੀ ਚੋਣ ਲੜਨ ਤੋਂ ਇਲਾਵਾ ਜਿਲ੍ਹੇ ਪ੍ਰੀਸ਼ਦ ਦੀ ਚੋਣ ਵੀ ਲੜ ਚੁੱਕਿਆ ਹੈ। ਉਹ ਸੰਗਰੂਰ ਜਿਲ੍ਹੇ ਵਿੱਚ ਅਕਾਲੀ ਦਲ ਦੇ ਇੱਕੋ ਇੱਕ ਜੇਤੂ ਜਿਲਾ ਪ੍ਰਸ਼ੀਦ ਮੈਂਬਰ ਹਨ। ਉਸ ਨੂੰ ਸ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਸਯੁੰਕਤ, ਪਰਮਿੰਦਰ ਸਿੰਘ ਢੀਂਡਸਾ ਸਾਬਕਾ ਮੰਤਰੀ ਪੰਜਾਬ ਅਤੇ ਜਿਲਾ ਜਥੇਦਾਰ ਗੁਰਬਚਨ ਸਿੰਘ ਬਚੀ ਦੀ ਪਾਰਖੂ ਨਜਰ ਨੇ ਯੋਗ ਸਮਝਦਿਆਂ ਹਲਕਾ ਦਿੜ੍ਹਬਾ ਤੋਂ ਪਾਰਟੀ ਉਮੀਦਵਾਰ ਲਈ ਚੁਣਿਆ ਹੈ।

LEAVE A REPLY

Please enter your comment!
Please enter your name here