ਸੋਸ਼ਲ ਮੀਡੀਆ ‘ਤੇ ਉਲਝਣ ਦੀ ਥਾਂ ਸਿੱਖਿਆ ਮੰਤਰੀ ਕੰਪਿਊਟਰ ਫੈਕਲਟੀ ਨਾਲ਼ ਕੀਤਾ ਵਾਅਦਾ ਪੂਰਾ ਕਰਨ: ਡੀ.ਟੀ.ਐੱਫ.

0
301

ਕੰਪਿਊਟਰ ਅਧਿਆਪਕਾਂ ਨੂੰ ਵਿਭਾਗੀ ਮਰਜ਼ਿਗ ਅਤੇ ਤਨਖਾਹ ਕਮਿਸ਼ਨ ਦੇ ਲਾਭ ਦੇਣ ਦੇ ਮੰਗ

ਚੰਡੀਗੜ੍ਹ, 7 ਫਰਵਰੀ 2023: ਧਰਨਿਆਂ ਅਤੇ ਸੋਸ਼ਲ ਮੀਡਿਆ ਨੂੰ ਵਰਤ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੇ ਸਿੱਖਿਆ ਮੰਤਰੀ (ਸਕੂਲਜ਼) ਸ਼੍ਰੀ ਹਰਜੋਤ ਬੈਂਸ ਨੂੰ ਕੰਪਿਊਟਰ ਅਧਿਆਪਕਾਂ ਵੱਲੋਂ ਫੇਸਬੁੱਕ ਪੋਸਟਾਂ ‘ਤੇ ਆਪਣੀਆਂ ਜਾਇਜ਼ ਮੰਗਾਂ ਨੂੰ ਫੇਸਬੁੱਕ ਟਿੱਪਣੀਆਂ ਰਾਹੀਂ ਉਠਾਉਣਾ ਵੀ ਬਰਦਾਸ਼ਤ ਨਹੀਂ ਹੁੰਦਾ ਨਜ਼ਰ ਆ ਰਿਹਾ ਹੈ। ਤਾਜ਼ਾ ਮਾਮਲੇ ਵਿੱਚ ਇੱਕ ਅਧਿਆਪਕ ਵੱਲੋਂ ਸਿੱਖਿਆ ਮੰਤਰੀ ਦੀ ਬਾਹਰਲੇ ਮੁਲਕ ਵਿੱਚ ਫਸੇ ਪੰਜਾਬੀਆਂ ਸਬੰਧੀ ਪਾਈ ਫੇਸਬੁੱਕ ਪੋਸਟ ‘ਤੇ ਇੱਕ ਕੰਪਿਊਟਰ ਅਧਿਆਪਕ ਵੱਲੋਂ ਆਪਣੀ ਹੱਕੀ ਮੰਗ ਸਬੰਧੀ ਦਿੱਤੀ ਟਿੱਪਣੀ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਵੱਲੋਂ ਕੰਪਿਊਟਰ ਅਧਿਆਪਕਾਂ ਲਈ “ਸ਼ਰਮ ਕਰੋ” ਅਤੇ “ਬਕਵਾਸ ਨਾ ਕਰਨ” ਵਰਗੇ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ। ਇਸ ਤੋਂ ਪਹਿਲਾਂ ਵੀ ਕੁਝ ਮਹੀਨੇ ਪਹਿਲਾਂ ਉਹਨਾਂ ਵੱਲੋਂ ਸੋਸ਼ਲ ਮੀਡੀਆ ‘ਤੇ ਮੰਗਾਂ ਬਾਰੇ ਟਿੱਪਣੀਆਂ ਪਾਉਣ ਵਾਲੇ ਅਧਿਆਪਕਾਂ ਖਿਲਾਫ ਕਾਰਵਾਈ ਦੀ ਧਮਕੀ ਵੀ ਦਿੱਤੀ ਗਈ ਸੀ। ਦਰਅਸਲ ਸਿੱਖਿਆ ਮੰਤਰੀ, ਬੀਤੇ ਵਰ੍ਹੇ ਕੰਪਿਊਟਰ ਅਧਿਆਪਕਾਂ ‘ਤੇ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੇ ਲਾਭ ਅਤੇ ਪੰਜਾਬ ਸਿਵਲ ਨਿਯਮ ਲਾਗੂ ਕਰਕੇ ਦੀਵਾਲੀ ਦਾ ਤੋਅਫਾ ਦੇਣ ਦੇ ਐਲਾਨ ਨੂੰ ਲਾਗੂ ਕਰਨ ਵਿੱਚ ਹਾਲੇ ਤੱਕ ਨਾਕਾਮਯਾਬ ਰਹੇ ਹਨ, ਜਿਸ ਸਬੰਧੀ ਕੰਪਿਊਟਰ ਅਧਿਆਪਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਮੰਗ ਦੇ ਰੂਪ ਵਿੱਚ ਲਗਾਤਾਰ ਉਠਾਇਆ ਜਾ ਰਿਹਾ ਹੈ।

ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ, ਪੰਜਾਬ ਵਿੱਚ ਨੌਜਵਾਨ ਨੌਕਰੀ ਲਈ ਯੋਗ ਹੋਣ ਦੇ ਬਾਵਜੂਦ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਹੀ ਰੁਜ਼ਗਾਰ ਤੋਂ ਵਾਂਝੇ ਹਨ ਅਤੇ ਕਈ ਕੱਚੇ ਤੇ ਅਸਥਾਈ ਰੁਜ਼ਗਾਰ ਤਹਿਤ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਇਸੇ ਲਈ ਵੱਡੀ ਗਿਣਤੀ ਪੜ੍ਹੇ ਲਿਖੇ ਨੌਜਵਾਨ ਵਿਦੇਸ਼ਾਂ ਵੱਲ ਮੂੰਹ ਕਰਨ ਅਤੇ ਉਥੇ ਦੁਸ਼ਵਾਰੀਆਂ ਦਾ ਸ਼ਿਕਾਰ ਹੋਣ ਲਈ ਮਜਬੂਰ ਹੋ ਰਹੇ ਹਨ। ਇਸ ਲਈ ਸਿੱਖਿਆ ਮੰਤਰੀ ਨੂੰ ਪੰਜਾਬ ਵਿੱਚ ਰਹਿ ਕੇ ਤੰਗੀਆਂ-ਤੁਰਸ਼ੀਆਂ ਝੱਲ ਰਹੇ ਕੰਪਿਊਟਰ ਅਧਿਆਪਕਾਂ ਅਤੇ ਹੋਰ ਵਰਗਾਂ ਪ੍ਰਤੀ ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ।

ਡੀ.ਟੀ.ਐੱਫ.ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜੀਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਸਿੱਖਿਆ ਮੰਤਰੀ ਦੀ ਅਜਿਹੀ ਪ੍ਰਤੀਕਿਰਿਆ ਨੂੰ ਪੂਰੀ ਤਰ੍ਹਾਂ ਗੈਰ-ਵਾਜਿਬ ਕਰਾਰ ਦਿੰਦਿਆਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕੇ, ਪੂਰੀ ਮਿਹਨਤ ਨਾਲ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਦੇ ਰਹੇ ਕੰਪਿਊਟਰ ਅਧਿਆਪਕਾਂ ਨਾਲ ਸਿੱਖਿਆ ਮੰਤਰੀ ਵੱਲੋਂ ਕੀਤੇ ਵਾਅਦੇ ਨੂੰ ਸਿਰੇ ਲਗਾਇਆ ਜਾਵੇ ਅਤੇ ਇਹਨਾਂ ਨੂੰ ਪਿਕਟਸ ਸੁਸਾਇਟੀ ਦੀ ਥਾਂ ਸਕੂਲ ਸਿੱਖਿਆ ਵਿਭਾਗ ਵਿੱਚ ਲਿਆਉਣ ਦਾ ਰਾਹ ਪੱਧਰਾ ਕੀਤਾ ਜਾਵੇ ।

LEAVE A REPLY

Please enter your comment!
Please enter your name here