ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨਾਲ ਵੀ ਕੀਤੀ ਰਸਮੀ ਮੁਲਾਕਾਤ।
ਅੰਮ੍ਰਿਤਸਰ 17 ਅਪ੍ਰੈਲ ( ) ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਬੜੀ ਸ਼ਰਧਾ ਭਾਵਨਾ ਨਾਲ ਦੇਸ਼, ਪੰਜਾਬ ਅਤੇ ਅੰਮ੍ਰਿਤਸਰ ਦੀ ਤਰੱਕੀ, ਖ਼ੁਸ਼ਹਾਲੀ ਅਤੇ ਸ਼ਾਂਤੀ ਲਈ ਅਰਦਾਸ ਕੀਤੀ। ਉਨ੍ਹਾਂ ਕੁਝ ਸਮਾਂ ਇਲਾਹੀ ਬਾਣੀ ਦੇ ਕੀਰਤਨ ਦਾ ਵੀ ਆਨੰਦ ਮਾਣਿਆ। ਉਪਰੰਤ ਵਾਪਸੀ ’ਤੇ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪਹੁੰਚ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨਾਲ ਰਸਮੀ ਮੁਲਾਕਾਤ ਕੀਤੀ। ਇਸ ਮੌਕੇ ਸਿੰਘ ਸਾਹਿਬ ਤੇ ਸ. ਸੰਧੂ ਨੇ ਸ. ਤੇਜਾ ਸਿੰਘ ਸਮੁੰਦਰੀ ਜੋ ਸ. ਸੰਧੂ ਦੇ ਦਾਦਾ ਜੀ ਸਨ, ਵੱਲੋਂ ਪੰਥ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਤਿਹਾਸਕ ਸਿੱਖ ਗੁਰਦੁਆਰਿਆਂ ਨੂੰ ਅਜ਼ਾਦ ਕਰਾਉਣ ਲਈ ਪਾਏ ਗਏ ਯੋਗਦਾਨ ਅਤੇ ਉਨ੍ਹਾਂ ਵੱਲੋਂ ਲਾਹੌਰ ਦੀ ਜੇਲ੍ਹ ਵਿਖੇ ਦਿੱਤੀ ਗਈ ਸ਼ਹਾਦਤ ਨੂੰ ਯਾਦ ਕੀਤਾ। ਉਨ੍ਹਾਂ ਕੁਝ ਵਕਤ ਆਪਸੀ ਵਿਚਾਰ ਚਰਚਾ ਕੀਤੀ। ਸ. ਸੰਧੂ ਨੇ ਕਿਹਾ ਕਿ ਹਰੇਕ ਸਿੱਖ ਹੀ ਨਹੀਂ ਅਮਨ ਸ਼ਾਂਤੀ ਚਾਹੁਣ ਵਾਲਾ ਅਤੇ ਹਰੇਕ ਰੱਬੀ ਭੈਅ ਰੱਖਣ ਵਾਲੇ ਮਨੁੱਖ ਦਾ ਸਿਰ ਸ੍ਰੀ ਅੰਮ੍ਰਿਤਸਰ ਤੇ ਸ੍ਰੀ ਦਰਬਾਰ ਸਾਹਿਬ ਵਲ ਨੂੰ ਝੁਕਦਾ ਹੈ। ਗੁਰੂ ਰਾਮ ਦਾਸ ਜੀ ਦੀ ਇਹ ਨਗਰੀ ਅੰਮ੍ਰਿਤਸਰ ਸਿਫ਼ਤੀ ਦਾ ਘਰ ਹੈ ਅਤੇ ਉਨ੍ਹਾਂ ਜਥੇਦਾਰ ਸਾਹਿਬ ਨੂੰ ਉਨ੍ਹਾਂ ਵੱਲੋਂ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵਿਸ਼ੇਸ਼ ਪੈਕੇਜ ਲੈ ਕੇ ਆਉਣ ਅਤੇ ਇੰਦੌਰ ਦੀ ਤਰਾਂ ਇੱਥੋਂ ਦੀ ਸਾਫ਼ ਸਫ਼ਾਈ ਅਤੇ ਸੁੰਦਰ ਬਣਾਉਣ ਵਲ ਵਿਸ਼ੇਸ਼ ਧਿਆਨ ਦੇਣ ਬਾਰੇ ਆਪਣੇ ਏਜੰਡੇ ਤੋਂ ਜਾਣੂ ਕਰਾਇਆ।
ਇਸ ਮੌਕੇ ਚੁਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਉਹ ਅੱਜ ਅਕਾਲ ਪੁਰਖ ਅੱਗੇ ਨਤਮਸਤਕ ਹੋਣ ਆਏ ਹਨ। ਅੱਜ ਕੋਈ ਵੀ ਰਾਜਨੀਤਿਕ ਗਲ ਨਹੀਂ ਕਰਾਂਗਾ। ਉਨ੍ਹਾਂ ਕਿਹਾ ਕਿ ਇਸ ਰੂਹਾਨੀ ਪਵਿੱਤਰ ਅਸਥਾਨ ‘ਤੇ ਦਿਲ ਨੂੰ ਸਕੂਨ ਅਤੇ ਆਪਸੀ ਸਦਭਾਵਨਾ ਦੀਆਂ ਭਾਵਨਾਵਾਂ ਉਜਾਗਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਅਤੇ ਅੰਮ੍ਰਿਤਮਈ ਗੁਰਬਾਣੀ ਸਰਵਣ ਕਰਕੇ ਜੋ ਸਕੂਨ ਪ੍ਰਾਪਤ ਹੁੰਦਾ ਹੈ ਉਹ ਕਿਤੇ ਨਹੀਂ ਮਿਲ ਸਕਦਾ। ਅੱਜ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਨਤਮਸਤਕ ਹੋ ਕੇ ਅੰਮ੍ਰਿਤਮਈ ਕੀਰਤਨ ਸਰਵਣ ਕੀਤਾ। ਸ਼ੁਕਰਾਨਾ ਕਰਦਾ ਹਾਂ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਮਿਹਰ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਹਮੇਸ਼ਾ ਆਪਸੀ ਭਾਈਚਾਰਕ ਸਾਂਝ ਅਤੇ ਏਕਤਾ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਬਲ ਬੁੱਧੀ ਬਖ਼ਸ਼ਿਸ਼ ਕਰਨ ਕਿ ਮੈਂ ਅੰਮ੍ਰਿਤਸਰ ਅਤੇ ਲੋਕਾਂ ਦੀ ਸੇਵਾ ਕਰ ਸਕਾਂ।