ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੀਆਂ ਨੌਜਵਾਨ ਪਹਿਲਵਾਨ ਲੜਕੀਆਂ ਮੁਸਕਾਨ ਸ਼ਰਮਾ ਅਤੇ ਰੋਜ਼ੀ ਘਈ ਨੇ ਰੈਸਲਿੰਗ ਚੈਂਪੀਅਨਸ਼ਿਪ ਵਿਚ ਜਿੱਤੇ ਦੋ ਬਰਾਊਨ ਮੈਡਲ

0
211

ਬੰਗਾ 26 ਅਗਸਤ : ਇਲਾਕੇ ਦੇ ਪ੍ਰਸਿੱਧ ਕੁਸ਼ਤੀ ਟਰੇਨਿੰਗ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵਿਖੇ ਟਰੇਨਿੰਗ ਪ੍ਰਾਪਤ ਕਰਨ ਵਾਲੀਆਂ ਨੌਜਵਾਨ ਪਹਿਲਵਾਨ ਲੜਕੀਆਂ ਐਡਵੋਕੇਟ ਮੁਸਕਾਨ ਸ਼ਰਮਾ ਪੁੱਤਰੀ ਸ੍ਰੀ ਸ਼ਿਵ ਕੁਮਾਰ ਸ਼ਰਮਾ ਵਾਸੀ ਨਵਾਂਸ਼ਹਿਰ ਨੇ 76 ਕਿੱਲੋਗਰਾਮ ਭਾਰ ਵਰਗ ਵਿਚੋਂ ਅਤੇ ਰੋਜ਼ ਘਈ ਪੁੱਤਰੀ ਕੁਲਦੀਪ ਕੁਮਾਰ ਵਾਸੀ ਕਾਠਗੜ੍ਹ ਨੇ 53 ਕਿਲੋਗ੍ਰਾਮ ਭਾਰ ਵਰਗ ਵਿਚੋਂ ਪਿੰਡ ਜੱਸੋਮਜਾਰਾ ਵਿਖੇ ਹੋਈ ਚੌਥੀ ਪੰਜਾਬ ਰੈਸਲਿੰਗ ਚੈਂਪੀਅਨਸ਼ਿਪ (ਅੰਡਰ 23 ਸਾਲ, ਲੜਕੀਆਂ)  ਵਿਚੋਂ ਬਰਾਊਨ ਮੈਡਲ ਜਿੱਤਣ ਦਾ ਸਮਾਚਾਰ ਹੈ। ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਅਖਾੜੇ ਦੀ ਸ਼ਾਨ ਇਹਨਾਂ ਦੋਵਾਂ ਨੌਜਵਾਨ ਪਹਿਲਵਾਨ ਲੜਕੀਆਂ ਨੂੰ ਸਮਾਜ ਸੇਵਕ ਨੀਨਾ ਸੰਧੂ ਵੱਲੋਂ ਆਪਣੇ ਕਰ ਕਮਲਾਂ ਨਾਲ ਸਨਮਾਨਿਤ ਕੀਤਾ ਗਿਆ। ਨੀਨਾ ਸੰਧੂ ਸੁਪਤਨੀ ਸ. ਜਸਵਿੰਦਰ ਸਿੰਘ ਸੰਧੂ ਯੂ ਐੱਸ ਏ ਨੇ ਕਿਹਾ ਕਿ ਦੋਵਾਂ ਨੌਜਵਾਨ ਪਹਿਲਵਾਨ ਲੜਕੀਆਂ ਮੁਸਕਾਨ ਸ਼ਰਮਾ ਪੁੱਤਰੀ ਸ੍ਰੀ ਸ਼ਿਵ ਕੁਮਾਰ ਸ਼ਰਮਾ ਅਤੇ ਰੋਜ਼ ਘਈ ਪੁੱਤਰੀ ਕੁਲਦੀਪ ਕੁਮਾਰ ਨੇ ਮੈਡਲ ਜਿੱਤ ਕੇ ਆਪਣਾ, ਆਪਣੇ ਮਾਪਿਆਂ ਦਾ, ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਅਤੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਇਹ ਦੋਵੇਂ ਪਹਿਲਵਾਨ ਲੜਕੀਆਂ ਜ਼ਿਲ੍ਹੇ ਦੀਆਂ ਹੋਰ ਕੁਸ਼ਤੀ ਖਿਡਾਰਨਾਂ ਲਈ ਪ੍ਰੇਰਨਾ ਸਰੋਤ ਬਣਨਗੀਆਂ। ਨੌਜਵਾਨ ਪਹਿਲਵਾਨ ਲੜਕੀਆਂ ਮੁਸਕਾਨ ਸ਼ਰਮਾ ਅਤੇ ਰੋਜ਼ ਘਈ ਦਾ ਸਨਮਾਨ ਕਰਨ ਮੌਕੇ ਸਰਵ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਚੇਅਰਮੈਨ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ, ਅਮਰੀਕ ਸਿੰਘ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਰੈਸਲਿੰਗ ਐਸੋਸੀਏਸ਼ਨ, ਸੁਖਦੇਵ ਸਿੰਘ ਸੈਕਟਰੀ, ਲਖਵੀਰ ਸਿੰਘ ਮੇਹਲੀ, ਬਲਦੇਵ ਸਿੰਘ ਜੱਸੋਮਜਾਰਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਜੱਸੋਮਜਾਰਾ, ਪ੍ਰਿੰਸੀਪਲ ਪਰਮਿੰਦਰ ਸਿੰਘ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ, ਸਰਬਜੀਤ ਸਿੰਘ ਸਾਬਕਾ ਸਰਪੰਚ ਬਾਹੜੋਵਾਲ, ਕੁਸ਼ਤੀ ਕੋਚ ਸ੍ਰੀ ਬਲਬੀਰ ਬੀਰਾ ਸੌਂਧੀ ਰਾਏਪੁਰ ਡੱਬਾ ਤੋਂ ਇਲਾਵਾ ਪਹਿਲਵਾਨ ਐਡਵੋਕੇਟ ਮੁਸਕਾਨ ਸ਼ਰਮਾ ਦੇ ਪਿਤਾ ਜੀ ਸ਼ਿਵ ਕੁਮਾਰ ਸ਼ਰਮਾ, ਮਾਤਾ  ਜੀ ਨੀਨਾ ਸ਼ਰਮਾ, ਪਹਿਲਵਾਨ ਰੋਜ਼ੀ ਘਈ ਦੀ ਮਾਤਾ ਜੀ  ਰਿਸ਼ੂ ਕਾਠਗੜ੍ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਵਰਨਣਯੋਗ ਹੈ ਕਿ ਸਮਾਜ ਸੇਵਕ ਨੀਨਾ ਸੰਧੂ ਸੁਪਤਨੀ ਸ. ਜਸਵਿੰਦਰ ਸਿੰਘ ਸੰਧੂ ਯੂ ਐਸ ਏ ਵਾਲੇ ਚੇਅਰਮੈਨ ਮਲਕੀਅਤ ਸਿੰਘ ਬਾਹੜੋਵਾਲ ਦੀ ਵੱਡੀ ਬੇਟੀ ਹਨ ਅਤੇ ਦੇਸ ਵਿਦੇਸ਼ ਵਿਚ ਲੋੜਵੰਦਾਂ ਦੀ ਵਡਮੁੱਲੀ ਇਮਦਾਦ ਕਰਦੇ ਰਹਿੰਦੇ ਹਨ।

ਵਰਨਣਯੋਗ ਹੈ ਸ੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਵੱਲੋਂ ਸਮਾਜ ਸੇਵਕ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਦੀ ਅਗਵਾਈ ਵਿਚ ਇਲਾਕੇ ਦੇ ਨੌਜਵਾਨਾਂ ਨੂੰ ਨਵੀਂ ਸੇਧ ਦਿੰਦੇ ਹੋਏ ਕੁਸ਼ਤੀ ਖੇਡ ਦੀ ਵਧੀਆ ਟਰੇਨਿੰਗ ਪ੍ਰਦਾਨ ਕਰਨ ਹਿੱਤ ਸਾਲ 2008 ਵਿਚ ਪਿੰਡ ਬਾਹੜੋਵਾਲ ਵਿਖੇ  ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਕੁਸ਼ਤੀ ਟਰੇਨਿੰਗ ਹਾਲ ਬਣਾਇਆ ਗਿਆ ਜਿੱਥੇ ਕੌਮਾਂਤਰੀ ਪੱਧਰ ਦੀ ਉਲੰਪਿਕ ਸਟਾਈਲ ਦੀ ਗੱਦੇ ਵਾਲੀ ਕੁਸ਼ਤੀ ਦੀ ਜੂਨੀਅਰ ਅਤੇ ਸੀਨੀਅਰ ਵਰਗ ਦੇ ਪਹਿਲਵਾਨਾਂ ਨੂੰ ਮੁਫ਼ਤ ਟਰੇਨਿੰਗ ਦਿੱਤੀ ਜਾ ਰਹੀ ਹੈ। ਇਸ ਲਈ ਸ੍ਰੀ ਮਲਕੀਅਤ ਸਿੰਘ ਬਾਹੜੋਵਾਲ ਨੇ ਆਪਣੇ ਕੋਲੋਂ ਇੱਕ ਕਨਾਲ ਜ਼ਮੀਨ ਮੁਫ਼ਤ ਦਾਨ ਕੀਤੀ ਹੋਈ। ਕਲੱਬ ਦੇ ਅਖਾੜੇ ਵਿਚ ਕੁਸ਼ਤੀ ਕੋਚ ਬਲਬੀਰ ਸੋਂਧੀ ਰਾਏਪੁਰ ਡੱਬਾ ਵਾਲੇ ਖਿਡਾਰੀਆਂ ਨੂੰ ਟਰੇਨਿੰਗ ਦਿੰਦੇ ਹਨ। ਕਲੱਬ ਵੱਲੋਂ ਅਗਾਂਹਵਧੂ ਅਤੇ ਲੋੜਵੰਦ ਖਿਡਾਰੀਆਂ ਨੂੰ ਮੁਫ਼ਤ ਕੁਸ਼ਤੀ ਟਰੇਨਿੰਗ ਦੇਣ ਦੇ ਨਾਲ ਨਾਲ ਹਰ ਤਰ੍ਹਾਂ ਨਾਲ ਹੌਸਲਾ ਅਫਜ਼ਾਈ ਵੀ ਕੀਤੀ ਜਾਂਦੀ ਹੈ।

LEAVE A REPLY

Please enter your comment!
Please enter your name here