ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਹੋਕੇ 10ਵੀਂ ਭਗਤ ਨਾਮਦੇਵ ਯਾਤਰਾ 16 ਨਵੰਬਰ ਨੂੰ ਪੰਜਾਬ ਵਿੱਚ ਪਹੁੰਚੇਗੀ-ਗਰਚਾ
ਲੁਧਿਆਣਾ, 13 November 2024
ਬਾਬਾ ਨਾਮਦੇਵ ਅੰਤਰਰਾਸ਼ਟਰੀ ਫਾਉਂਡੇਸ਼ਨ ਦੇ ਪ੍ਰਧਾਨ ਸੁਖਵਿੰਦਰਪਾਲ ਸਿੰਘ ਗਰਚਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਖ਼ਤ ਸ੍ਰੀ ਹਜੂਰ ਸਾਹਿਬ ਨਾਂਦੇੜ ਮਹਾਂਰਾਸਟਰ ਤੋਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ 754ਵੇਂ ਪ੍ਰਕਾਸ ਪੁਰਬ ਮੌਕੇ ਤੇ ਉਨ੍ਹਾਂ ਦੇ ਭਗਤੀ ਤੱਪ ਅਸਥਾਨ ਘੁਮਾਣ ਸਾਹਿਬ, ਜਿਲਾ ਗੁਰਦਾਸਪੁਰ ਲਈ 10ਵੀਂ ਭਗਤ ਨਾਮਦੇਵ ਸਦਭਾਵਨਾ ਘੁਮਾਣ ਯਾਤਰਾ 15 ਨਵੰਬਰ ਨੂੰ ਰੇਲਗੱਡੀ ਰਾਹੀਂ ਪੰਜਾਬ ਲਈ ਰਵਾਨਾ ਹੋਵੇਗੀ। ਮਹਾਰਾਸ਼ਟਰ ਦੇ ਲੋਕਾਂ ਨੂੰ ਪੰਜਾਬ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਮਰਾਠੀ ਲੇਖਕ ਨਾਨਕ ਸਾਈਂ ਫਾਊਡੇਸ਼ਨ ਮਹਾਰਾਸ਼ਟਰ ਦੇ ਚੇਅਰਮੈਨ ਪੰਡਰੀਨਾਥ ਬੋਕਾਰੇ ਦੀ ਅਗਵਾਈ ਵਿੱਚ ਲੰਮੇ ਸਮੇਂ ਤੋਂ ਭਗਤ ਨਾਮਦੇਵ ਸਦਭਾਵਨਾ ਘੁਮਾਣ ਯਾਤਰਾ ਨਰਸੀ ਨਾਮਦੇਵ ਜੀ ਦੇ ਜਨਮ ਸਥਾਨ ਤੋਂ ਸ਼ੁਰੂ ਹੋਕੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਗੁਰਦੁਆਰਾ ਲੰਗਰ ਸਾਹਿਬ ਦੇ ਮੁੱਖੀ ਸੰਤ ਬਾਬਾ ਨਰਿੰਦਰ ਸਿੰਘ ਜੀ ਤੇ ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲਿਆਂ ਦੇ ਆਸ਼ੀਰਵਾਦ ਨਾਲ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਵੇਗੀ ਅਤੇ ਇਹ ਸਦਭਾਵਨਾ ਯਾਤਰਾ 16 ਨਵੰਬਰ ਨੂੰ ਪਟਿਆਲਾ ਵਿਖੇ ਪਹੁੰਚੇਗੀ ਜਿਥੇ ਸੰਗਤਾਂ ਵੱਲੋਂ ਸਵਾਗਤ ਕੀਤਾ ਜਾਵੇਗਾ ਇਸੇ ਦਿਨ ਯਾਤਰਾ ਪਟਿਆਲਾ ਤੋਂ ਸ੍ਰੀ ਆਨੰਦਪੁਰ ਸਾਹਿਬ, ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਵੇਗੀ ਅਤੇ 18 ਨਵੰਬਰ ਨੂੰ ਮਹਾਨ ਭਗਤ ਨਾਮਦੇਵ ਜੀ ਦੇ ਸਥਾਨ ਘੁਮਾਣ ਜਿਲ੍ਹਾ ਗੁਰਦਾਸਪੁਰ ਵਿਖੇ ਪੁੱਜੇਗੀ ਅਤੇ ਯਾਤਰਾ ਵਿੱਚ ਸ਼ਾਮਿਲ ਮਰਾਠੀ ਸੰਗਤਾਂ ਇਤਿਹਾਸਕ ਗੁਰਦੁਆਰਾ ਨਾਮਦੇਵ ਦਰਬਾਰ ਘੁਮਾਣ ਸਮੇਤ ਭਗਤ ਨਾਮਦੇਵ ਜੀ ਦੇ ਹੋਰਨਾਂ ਸਥਾਨਾਂ ਦੇ ਦਰਸ਼ਨ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸ੍ਰੀ ਅਮ੍ਰਿੰਤਸਰ ਵਿਖੇ 19 ਤੇ 20 ਨਵੰਬਰ ਨੂੰ ਇਹ ਯਾਤਰਾ ਠਹਿਰਾਅ ਕਰੇਗੀ, ਇਸ ਦੌਰਾਨ ਸ਼ਰਧਾਲੂਆਂ ਵਲੋਂ ਸ੍ਰੀ ਦਰਬਾਰ ਸਾਹਿਬ, ਦੁਰਗਿਆਨਾ ਮੰਦਰ, ਜਲਿਆਂਵਾਲਾ ਬਾਗ ਸਮੇਤ ਹੋਰ ਸਥਾਨਾਂ ਦੇ ਦਰਸ਼ਨ ਕੀਤੇ ਜਾਣਗੇ। ਉਨਾਂ ਦੱਸਿਆ ਕਿ ਯਾਤਰਾ ਵਿਸ਼ੇਸ਼ ਬੱਸਾਂ ਰਾਹੀਂ 21 ਨਵੰਬਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਗੋਇੰਦਬਾਲ ਸਾਹਿਬ ਵਿਖੇ ਪਹੁੰਚੇਗੀ ਤੇ ਸੈਂਕੜੇ ਮਰਾਠੀ ਸੰਗਤਾਂ ਨਤਮਸਤਕ ਹੋਣਗੀਆਂ ਅਤੇ ਬਾਅਦ ਵਿੱਚ ਪਿੰਡ ਪਰਜੀਆਂ ਕਲਾਂ ਸ਼ਾਹਕੋਟ ਲਈ ਰਵਾਨਾ ਹੋਣਗੀਆਂ। 22 ਨਵੰਬਰ ਨੂੰ ਯਾਤਰਾ ਸ੍ਰੀ ਫਤਿਹਗੜ ਸਾਹਿਬ ਲਈ ਰਵਾਨਾ ਹੋਵੇਗੀ, ਸ੍ਰੀ ਫਤਿਹਗੜ ਸਾਹਿਬ ਵਿਖੇ ਧਾਰਮਿਕ ਸਥਾਨਾਂ ਦੇ ਦਰਸਨ ਕਰਨ ਉਪਰੰਤ 23 ਨਵੰਬਰ ਨੂੰ ਕੁਰਕਸ਼ੇਤਰ ਹਰਿਆਣਾ ਪਹੁੰਚੇਗੀ ਅਤੇ 24 ਨਵੰਬਰ ਨੂੰ ਗੁਰਦੁਆਰਾ ਪੰਜੋਖਰਾ ਸਾਹਿਬ ਸਮੇਤ ਹੋਰ ਧਾਰਮਿਕ ਸਥਾਨਾਂ ਤੇ ਦਰਸ਼ਨ ਕਰਨ ਤੋਂ ਬਾਅਦ ਅੰਬਾਲਾ ਰੇਲਵੇ ਸਟੇਸ਼ਨ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨੂੰ ਵਾਪਸੀ ਲਈ ਰਵਾਨਾ ਹੋਵੇਗੀ। ਉਨਾਂ ਦੱਸਿਆ ਕਿ ਭਗਤ ਨਾਮਦੇਵ ਸਦਭਾਵਨਾ ਯਾਤਰਾ ਦਾ ਪੰਜਾਬ ਅਤੇ ਹਰਿਆਣਾ ਵਿੱਚ ਵੱਖ ਵੱਖ ਧਾਰਮਿਕ, ਸਮਾਜਿਕ ਸੰਸਥਾਵਾਂ ਵੱਲੋਂ ਸਵਾਗਤ ਕੀਤਾ ਜਾਵੇਗਾ।