ਸ੍ਰੀ ਅੰਮ੍ਰਿਤਸਰ (ਸਾਂਝੀ ਸੋਚ ਬਿਊਰੋ) -ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਸ੍ਰੀ ਅੰਮ੍ਰਿਤਸਰ ਦੇ ਪਵਿੱਤਰ ਸ੍ਰੀ ਹਰਮਿੰਦਰ ਸਾਹਿਬ, ਦੁਰਗਿਆਣਾ ਮੰਦਰ ਅਤੇ ਸ੍ਰੀ ਰਾਮ ਤੀਰਥ ਮੰਦਰ ਵਿੱਚ ਮੱਥਾ ਟੇਕਿਆ ਅਤੇ ਪੰਜਾਬ ਦੀ ਖ਼ੁਸ਼ਹਾਲੀ, ਤਰੱਕੀ ਅਤੇ ਅਮਨ ਸ਼ਾਂਤੀ ਲਈ ਅਰਦਾਸ ਕੀਤੀ। ਭਗਵੰਤ ਮਾਨ ਸ਼ਹੀਦੀ ਸਥਾਨ ਜੱਲਿਆਂਵਾਲਾ ਬਾਗ਼ ਵੀ ਪਹੁੰਚੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਅੰਮ੍ਰਿਤਸਰ ਦੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ ਭਰੋਸੇ ਅਤੇ ਵਿਸ਼ਵਾਸ ਨਾਲ ਜਿਹੜੀ ਜ਼ਿੰਮੇਵਾਰੀ ਪੰਜਾਬ ਦੇ ਲੋਕਾਂ, ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਸੌਂਪੀ ਹੈ, ਉਸ ਨੂੰ ਪੂਰਾ ਕਰਨ ਲਈ ਹਿੰਮਤ ਅਤੇ ਹੌਸਲਾ ਮੰਗਣ ਲਈ ਉਹ ਈਸ਼ਵਰ ਦੇ ਦਰਬਾਰ ਵਿੱਚ ਆਏ ਹਨ। ਈਸ਼ਵਰ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਪੰਜਾਬ ਦੀ ਲੜਾਈ ਵਿੱਚ ਸਾਥ ਮੰਗਿਆ। ਮਾਨ ਨੇ ਪੰਜਾਬ ਦੇ ਸਾਰੇ ਲੋਕਾਂ ਦਾ ਪਿਆਰ ਅਤੇ ਸਮਰਥਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਲੜਾਈ ਪੰਜਾਬ ਨੂੰ ਮੁੜ ਖ਼ੁਸ਼ਹਾਲ ਅਤੇ ਸੰਪਨ ਬਣਾਉਣ ਦੀ ਹੈ। ਇਸ ਲੜਾਈ ਨੂੰ ਈਸ਼ਵਰ ਦੇ ਅਸ਼ੀਰਵਾਦ ਤੋਂ ਬਿਨਾਂ ਜਿੱਤਣਾ ਸੰਭਵ ਨਹੀਂ ਹੈ। ਇਸ ਵਾਰ ਗੁਰੂ ਮਹਾਰਾਜ ਪੰਜਾਬ ’ਤੇ ਕਿਰਪਾ ਕਰਨਗੇ ਅਤੇ ਪੰਜਾਬ ਨੂੰ ਪਹਿਲਾਂ ਦੀ ਤਰਾਂ ਖ਼ੁਸ਼ਹਾਲ ਅਤੇ ਸੰਪਨ ਬਣਾਉਣਗੇ।
Boota Singh Basi
President & Chief Editor