ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਵੋਟਾਂ ਬਣਾਉਣ ਲਈ 14, 15 ਅਤੇ 16 ਸਤੰਬਰ ਨੂੰ ਲੱਗੇਗਾ ਵਿਸ਼ੇਸ਼ ਕੈਂਪ – ਡਿਪਟੀ ਕਮਿਸ਼ਨਰ

0
38

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਵੋਟਾਂ ਬਣਾਉਣ ਲਈ 14, 15 ਅਤੇ 16 ਸਤੰਬਰ ਨੂੰ ਲੱਗੇਗਾ ਵਿਸ਼ੇਸ਼ ਕੈਂਪ – ਡਿਪਟੀ ਕਮਿਸ਼ਨਰ

ਵੋਟਾਂ ਬਣਾਉਣ ਦੀ ਆਖਿਰੀ ਮਿਤੀ 16 ਸਤੰਬਰ 2024

ਹੁਣ ਤੱਕ ਜ਼ਿਲੇ ਵਿੱਚ 563591 ਸਿੱਖ ਵੋਟਰ ਹੋਏ ਰਜਿਸਟਰ

ਅੰਮ੍ਰਿਤਸਰ 13 ਸਤੰਬਰ 2024—

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਨੂੰ ਲੈ ਕੇ ਵੱਧ ਤੋਂ ਵੱਧ ਵੋਟਰਾਂ ਦੀ ਰਜਿਸਟਰੇਸ਼ਨ ਲਈ 14, 15 ਅਤੇ 16 ਸਤੰਬਰ ਨੂੰ ਸਵੇਰੇ 9:00 ਵਜੇ ਤੋਂ 4:00 ਵਜੇ ਤੱਕ ਵਿਸ਼ੇਸ਼ ਮੁਹਿੰਮ ਤਹਿਤ ਬਾਕੀ ਰਹਿੰਦੇ ਯੋਗ ਕੇਸਾਧਾਰੀ ਸਿੱਖ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟਰੇਸ਼ਨ ਕੀਤੀ ਜਾਵੇਗੀ ਅਤੇ ਵੋਟਾਂ ਬਣਾਉਣ ਦੀ ਆਖਿਰੀ ਮਿਤੀ 16 ਸਤੰਬਰ 2024 ਨਿਸਚਿਤ ਕੀਤੀ ਗਈ ਹੈ।

ਇਸ ਸਬੰਧੀ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਬੀ.ਐਲ.ਓ. ਨੂੰ ਹਦਾਇਤ ਕੀਤੀ ਕਿ ਉਹ ਘਰ ਘਰ ਜਾ ਕੇ ਵੋਟਾਂ ਦੀ ਰਜਿਸਟਰੇਸ਼ਨ ਕਰਨ ਤਾਂ ਜੋ ਕੋਈ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ। ਜਿਲ੍ਹਾ ਚੋਣ ਅਫ਼ਸਰ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੱਧ ਤੋਂ ਵੱਧ ਵੋਟਾਂ ਬਣਾਉਣ ਵਾਸਤੇ ਜਿਲ੍ਹੇ ਦੇ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਜਿਲ੍ਹੇ ਵਿੱਚ ਪੈਂਦੇ ਸਮੂਹ 11 ਵਿਧਾਨ ਸਭਾ ਚੋਣ ਹਲਕਿਆ ਵਿੱਚ ਨਿਯੁਕਤ ਸਮੂਹ ਬੂਥ ਲੈਵਲ ਅਫ਼ਸਰ ਆਪਣੇ-ਆਪਣੇ ਪੋਲਿੰਗ ਹਲਕੇ ਵਿਖੇ 14 ਸਤੰਬਰ ਨੂੰ ਦਿਨ ਸ਼ਨੀਵਾਰ, 15 ਸਤੰਬਰ ਨੂੰ ਦਿਨ ਐਤਵਾਰ ਅਤੇ 16 ਸਤੰਬਰ ਨੂੰ ਦਿਨ ਸੋਮਵਾਰ ਨੂੰ ਸਵੇਰੇ 9:00 ਵਜੇ ਤੋਂ 4:00 ਵਜੇ ਤੱਕ ਘਰ-ਘਰ ਜਾ ਕੇ ਵੋਟਾਂ ਬਣਾਉਣ। ਉਨਾਂ ਕਿਹਾ ਕਿ ਕੇਸਾਧਾਰੀ ਸਿੱਖ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟਰੇਸ਼ਨ ਕੀਤੀ ਜਾਵੇ। ਇਸ ਮੰਤਵ ਲਈ ਮਿਤੀ 21.10.2023 ਨੂੰ 21 ਸਾਲ ਦੀ ਉਮਰ ਪੂਰੀ ਕਰ ਚੁੱਕੇ ਕੇਸਾਧਾਰੀ ਸਿੱਖ ਬਿਨੈਕਾਰ ਯੋਗ ਸਮਝੇ ਜਾਣਗੇ।

ਸ੍ਰੀ ਥੋਰੀ ਨੇ ਕਿਹਾ ਕਿ ਸਮੂਹ ਬੂਥ ਲੈਵਲ ਅਫ਼ਸਰ ਸਪੈਸ਼ਲ ਕੈਂਪ ਦੀ ਮਿਤੀ ਅਤੇ ਸਮੇਂ ਅਨੁਸਾਰ ਆਪਣੇ ਪੋਲਿੰਗ ਸਟੇਸ਼ਨ ਵਿਖੇ ਹਾਜਰ ਰਹਿਣਗੇ ਅਤੇ ਪ੍ਰਾਪਤ ਹੋ ਰਹੇ ਫਾਰਮ (ਕੇਸਾਧਾਰੀ ਸਿੱਖ ਲਈ) (ਨਿਯਮ 3(1)) ਦੀ ਨਾਲ ਦੀ ਨਾਲ ਵੈਰੀਫਿਕੇਸ਼ਨ ਕਰਨਗੇ। ਅਜਿਹੇ ਹਰ ਇੱਕ ਫਾਰਮ ਉੱਪਰ ਬਿਨੈਕਾਰ ਦੀ ਤਾਜਾ ਰੰਗਦਾਰ ਫੋਟੋ (ਸੈਲਫ ਅਟੈਸਟਡ) ਚਸਪਾ ਕੀਤੀ ਜਾਵੇਗੀ ਅਤੇ ਬਿਨੈਕਾਰ ਦੇ ਸ਼ਨਾਖਤੀ ਦਸਤਾਵੇਜ ਦੀ ਕਾਪੀ ਨਾਲ ਅਟੈਚ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਸਮੂਹ ਬੂਥ ਲੈਵਲ ਅਫ਼ਸਰ ਘਰ ਘਰ ਜਾ ਕੇ ਵੀ ਸਪੈਸ਼ਲ ਕੈਪੇਨ ਤਹਿਤ ਰਹਿੰਦੇ ਅਲੀਜੀਬਲ ਕੇਸਾਧਾਰੀ ਸਿੱਖ ਵੋਟਰਾਂ ਦੀ ਰਜਿਸਟਰੇਸ਼ਨ ਨੂੰ ਯਕੀਨੀ ਬਣਾਉਣਗੇ।

ਬੂਥ ਲੈਵਲ ਅਫ਼ਸਰ ਦੁਆਰਾ ਫਾਰਮ ਵੈਰੀਫਾਈ ਕਰਨ ਹਿੱਤ ਬਿਨੈਕਾਰ ਦਾ ਨਾਮ ਵਿਧਾਨ ਸਭਾ ਵੋਟਰ ਸੂਚੀ ਵਿੱਚੋਂ ਟਰੇਸ ਕਰਕੇ ਸਬੰਧਤ ਬਿਨੈਕਾਰ ਦਾ ਮਕਾਨ ਨੰਬਰ ਅਤੇ ਵੋਟਰ ਕਾਰਡ ਨੰਬਰ ਬੀ.ਐਲ.ਓ. ਦੁਆਰਾ ਫਾਰਮ ਉੱਪਰ ਆਪਣੀ ਵੈਰੀਫਿਕੇਸ਼ਨ ਰਿਪੋਰਟ ਵਿੱਚ ਲਿਖਿਆ ਜਾਵੇ। ਜਿੰਨ੍ਹਾਂ ਵੋਟਰਾਂ ਦੇ ਨਾਮ ਵਿਧਾਨ ਸਭਾ ਸੂਚੀ ਵਿੱਚ ਪਹਿਲਾਂ ਤੋਂ ਦਰਜ ਹਨ ਉਨ੍ਹਾਂ ਦੀ ਘਰ ਘਰ ਜਾ ਕੇ ਵੈਰੀਫਿਕੇਸ਼ਨ ਕਰਨ ਦੀ ਲੋੜ ਨਹੀਂ ਹੈ। ਜਿੰਨ੍ਹਾਂ ਬਿਨੈਕਾਰਾਂ ਦਾ ਨਾਮ ਵਿਧਾਨ ਸਭਾ ਸੂਚੀ ਵਿੱਚ ਵੀ ਦਰਜ ਨਹੀਂ ਹੈ, ਉਨ੍ਹਾਂ ਦੇ ਗੁਰਦੁਆਰਾ ਵੋਟਰ ਸੂਚੀ ਵਾਲੇ ਫਾਰਮ ਦੇ ਨਾਲ ਨਾਲ ਵਿਧਾਨ ਸਭਾ ਵੋਟਰ ਸੂਚੀ ਵਿੱਚ ਨਾਮ ਦਰਜ ਕਰਨ ਲਈ ਫਾਰਮ ਨੰ. 6 ਵੀ ਭਰਵਾ ਲਏ ਜਾਣ। ਇਸ ਤਰ੍ਹਾਂ ਜਦੋਂ ਆਪ ਫਾਰਮ ਨੰ. 6 ਦੀ ਵੈਰੀਫਿਕੇਸ਼ਨ ਕਰੋਗੇ ਤਾਂ ਗੁਰਦੁਆਰਾ ਵੋਟਰ ਸੂਚੀ ਫਾਰਮ ਵੀ ਵੈਰੀਫਾਈ ਹੋ ਜਾਵੇਗਾ।

ਜਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਹੁਣ ਤੱਕ ਜਿਲ੍ਹੇ ਵਿੱਚ 563591 ਸਿੱਖ ਵੋਟਰ ਰਜਿਸਟਰ ਹੋ ਚੁੱਕੇ ਹਨ।

ਕੈਪਸ਼ਨ : ਫਾਈਲ ਫੋਟੋ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ

LEAVE A REPLY

Please enter your comment!
Please enter your name here