ਨਿਊਯਾਰਕ/ ਬਰੈਂਪਟਨ, 24 ਸਤੰਬਰ ਬੀਤੇਂ ਦਿਨ ਕੈਨੇਡਾ ਦੇ ਬਰੈਂਪਟਨ ਵਿੱਚ ਇੱਕ ਚਿੱਟੇ ਰੰਗ ਦੀ ਜੀਪ ਵੱਲੋਂ ਕੀਤੇ ਗਏ ਖਤਰਨਾਕ ਕਰਤਵ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਦਰਅਸਲ ਮਾਮਲਾ ਪੁਲਿਸ ਵੱਲੋਂ ਇੱਕ ਗੱਡੀ ਨੂੰ ਰੋਕੇ ਜਾਣ ਦੀ ਦੀ ਕੋਸ਼ਿਸ਼ ਦੌਰਾਨ ਦਾ ਹੈ, ਜਿਸ ਵਿਚਾਲੇ ਵਾਹਨ ਚਾਲਕ ਨੇ ਗੱਡੀ ਨਾਲ ਕੁਝ ਅਜਿਹਾ ਕੀਤਾ ਕਿ ਲੋਕਾਂ ਲਈ ਖਤਰਾ ਖੜਾ ਹੋ ਗਿਆ। ਘਟਨਾ ੳਨਟਾਰੀੳ ਦੇ ਬਰੈਂਪਟਨ ‘ਚ ਚਿੰਗੂਆਕਸੀ ਅਤੇ ਡਰਿੰਕਵਾਟਰ ਰੋਡ ਦੇ ਇਲਾਕੇ ‘ਚ ਲੰਘੇ ਵੀਰਵਾਰ ਸ਼ਾਮ ਕਰੀਬ 4:00 ਕੁ ਵਜੇ ਦੇ ਕਰੀਬ ਵਾਪਰੀ। ਵੀਡੀਓ ‘ਚ 2 ਪੀਲ ਰੀਜਨਲ ਪੁਲਿਸ ਦੇ ਅਫ਼ਸਰ ਵਿਖਾਈ ਦਿੰਦੇ ਹਨ, ਜੋ ਇੱਕ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਵਿਚਾਲੇ ਚਿੱਟੇ ਰੰਗ ਦਾ ਵਾਹਨ ਰੋਕਣ ਦੀ ਜਗ੍ਹਾ ਇੱਕ ਘਰ ਦੇ ਸਾਹਮਣੇ ਦੇ ਲੌਨ ‘ਚ ਵਾੜ ਦਿੱਤਾ ਜਾਂਦਾ ਹੈ। ਇੰਨੇ ‘ਚ ਇੱਕ ਪੁਲਿਸ ਅਫ਼ਸਰ ਆਪਣਾ ਹਥਿਆਰ ਵੀ ਗੱਡੀ ‘ਤੇ ਤਾਣ ਦਿੰਦਾ ਹੈ। ਪਰ ਗੱਡੀ ਦਾ ਚਾਲਕ ਗੱਡੀ ਨੂੰ ਪਹਿਲਾਂ ਇੱਕ ਦਰਖਤ ‘ਚ ਮਾਰਦਾ ਹੈ ਅਤੇ ਫਿਰ ਇੱਕ ਖੰਭੇ ‘ਚ ਟਕਰਾ ਦਿੰਦਾ ਹੈ। ਫਿਰ ਪੁਲਿਸ ਤੋਂ ਬੱਚਣ, ਦੀ ਕੋਸ਼ਿਸ਼ ‘ਚ ਇਹ ਵਾਹਨ ਸਾਹਮਣੇ ਤੋਂ ਆਉਂਦੀ ਇੱਕ ਗੱਡੀ ‘ਚ ਟਕਰਾ ਜਾਂਦਾ ਹੈ। ਇਸ ਤੋਂ ਕੁਝ ਸਮੇਂ ਬਾਅਦ ਕਈ ਪੁਲਿਸ ਕਰੂਜਰ ਇਸ ਗੱਡੀ ਨੂੰ ਘੇਰ ਲੈਂਦੀਆਂ ਹਨ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਹ ਵੀਡੀਓ ਦੇ ਵਾਇਰਲ ਹੋਣ ਬਾਰੇ ਜਾਣਦੇ ਹਨ ਅਤੇ ਮਾਮਲੇ ‘ਚ ਗੱਡੀ ਦੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ 31 ਸਾਲਾ ਯੁੱਧਬੀਰ ਰੰਧਾਵਾ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਵਾਹਨ ਚਾਲਕ ‘ਤੇ ਇੰਪੇਅਰਮੈਂਟ ਸੰਬੰਧੀ ਦੋਸ਼ ਲੱਗੇ ਹਨ। ਪੁਲਿਸ ਨੇ ਦੱਸਿਆ ਕਿ ਯੁੱਧਬੀਰ ਰੰਧਾਵਾ ਦਾ ਅਪਰਾਧਿਕ ਇਤਿਹਾਸ ਵੀ ਰਿਹਾ ਹੈ ਅਤੇ ਉਸ ਨੂੰ ਇਤਿਹਾਸ ‘ਚ ਮੋਟਰ ਵਾਹਨ ਦੇ ਖਤਰਨਾਕ ਆਪ੍ਰੇਸ਼ਨ, ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਅਤੇ ਡਰੱਗ ਸੰਬੰਧੀ ਦੋਸ਼ਾਂ ‘ਚ ਦੋਸ਼ੀ ਪਾਇਆ ਜਾ ਚੁੱਕਿਆ ਹੈ। ਵਾਹਨ ‘ਚ ਸਵਾਰ 2 ਸਵਾਰੀਆਂ 41 ਸਾਲਾ ਹਰਪ੍ਰੀਤ ਸੱਗੂ ਅਤੇ 23 ਸਾਲਾ ਜਸ਼ਨਪ੍ਰੀਤ ਸਿੰਘ ‘ਤੇ ਡਰੱਗ ਸੰਬੰਧੀ ਦੋਸ਼ ਲੱਗੇ ਹਨ।
Boota Singh Basi
President & Chief Editor