ਸੰਗਰੂਰ ਜ਼ਿਲ੍ਹੇ ‘ਚ ਅਧਿਆਪਕਾਂ ਨੇ ਵਿਭਾਗੀ ਪ੍ਰੀਖਿਆ ਲਾਗੂ ਕਰਨ ਦੇ ਫ਼ੈਸਲੇ ਦੀਆਂ ਕਾਪੀਆਂ ਫੂਕੀਆਂ ਡੀ.ਟੀ.ਐੱਫ. ਵੱਲੋਂ ਅਧਿਆਪਕ ਵਿਰੋਧੀ ਸੇਵਾ ਨਿਯਮ-2018 ਰੱਦ ਕਰਨ ਦੀ ਮੰਗ

0
341
ਸੰਗਰੂਰ, 9 ਅਗਸਤ, 2022: ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐੱਫ.) ਦੇ ਸੱਦੇ ਉੱਤੇ ਸਾਲ 2018 ਤੋਂ ਬਾਅਦ ਤਰੱਕੀ ਪ੍ਰਾਪਤ ਅਤੇ ਸਿੱਧੀ ਭਰਤੀ ਅਧਿਆਪਕਾਂ ਅਤੇ ਹੋਰਨਾਂ ਕਰਮਚਾਰੀਆਂ ‘ਤੇ ਵਿਭਾਗੀ ਟੈਸਟ ਥੋਪਣ ਦੇ ਫ਼ੈਸਲੇ ਖ਼ਿਲਾਫ਼, ਸਾਲ 2018 ਦੇ ਅਧਿਆਪਕ ਵਿਰੋਧੀ ਸੇਵਾ ਨਿਯਮਾਂ ਦੀਆਂ ਕਾਪੀਆਂ ਫੂਕਣ ਦੀ ਸ਼ੁਰੁਆਤ ਕੀਤੀ ਗਈ, ਜਿਸ ਤਹਿਤ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਸੰਗਰੂਰ, ਭਵਾਨੀਗੜ੍ਹ, ਧੂਰੀ, ਸੁਨਾਮ, ਦਿੜ੍ਹਬਾ, ਚੀਮਾ, ਲਹਿਰਾ ਆਦਿ ਦੇ ਵੱਡੀ ਗਿਣਤੀ ‘ਚ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਅਧਿਆਪਕ ਵਿਰੋਧੀ ਸੇਵਾ ਨਿਯਮਾਂ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ।
ਇਸ ਸਬੰਧੀ ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਜ਼ਿਲਾ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਿਸ਼ਿਸ਼ਟ ਅਤੇ ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਪੁਰਾਣੀ ਸਰਕਾਰ ਦੇ ਹੀ ਅਧਿਆਪਕ ਮੁਲਾਜ਼ਮ ਵਿਰੋਧੀ ਫੈਸਲਿਆਂ ਨੂੰ ਬਰਕਰਾਰ ਰੱਖਦਿਆਂ, ਸਾਲ 2018 ਦੇ ਨਿਯਮਾਂ ਤਹਿਤ ਸਿੱਧੀ ਭਰਤੀ ਅਤੇ ਪਦਉੱਨਤ ਹੋਣ ਵਾਲੇ ਪ੍ਰਾਇਮਰੀ ਤੇ ਸੈਕੰਡਰੀ ਅਧਿਆਪਕਾਂ, ਸਕੂਲ ਮੁੱਖੀਆਂ ਅਤੇ ਨਾਨ ਟੀਚਿੰਗ ਕਰਮਚਾਰੀਆਂ ਉੱਪਰ ਵਿਭਾਗੀ ਪ੍ਰੀਖਿਆ ਥੋਪਣ ਅਤੇ ਇਸ ਦੀ ਆੜ ਵਿੱਚ ਸਬੰਧਿਤ ਮੁਲਾਜ਼ਮਾਂ ਦਾ ਸਲਾਨਾ ਇਨਕਰੀਮੈਂਟ ਰੋਕਣ ਦਾ ਤਾਨਾਸ਼ਾਹੀ ਰਾਹ ਅਖਤਿਆਰ ਕੀਤਾ ਹੈ। ਜਦ ਕਿ ਸਬੰਧਿਤ ਕਰਮਚਾਰੀ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਮੁਕਾਬਲਾ ਪ੍ਰੀਖਿਆਵਾਂ, ਉੱਚ ਯੋਗਤਾਵਾਂ ਗ੍ਰਹਿਣ ਕਰਨ, ਮੈਰਿਟ, ਤਜਰਬੇ ਅਤੇ ਸੀਨੀਆਰਤਾ ਰੂਪੀ ਬੈਰੀਅਰ ਸਫਲਤਾ ਨਾਲ ਪਾਰ ਕਰਨ ਉਪਰੰਤ ਨਿਯੁਕਤ ਹੁੰਦੇ ਹਨ। ਅਜਿਹੇ ਵਿੱਚ ਵਿਭਾਗੀ ਪ੍ਰੀਖਿਆ ਥੋਪਣਾ, ਗੈਰ ਵਾਜਿਬ ਅਤੇ ਮਾਨ ਸਨਮਾਨ ਨੂੰ ਘਟਾਉਣ ਵਾਲਾ ਫੈਸਲਾ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਸਮੂਹ ਅਧਿਆਪਕਾਂ ਅਤੇ ਸੰਘਰਸ਼ੀ ਜੱਥੇਬੰਦੀਆਂ ਨੂੰ 8 ਤੋਂ 10 ਅਗਸਤ ਦਰਮਿਆਨ ਸਕੂਲਾਂ, ਦਫਤਰਾਂ ਅਤੇ ਬਲਾਕਾਂ ਵਿੱਚ ਇਸ ਮਾਰੂ ਫੈਸਲੇ ਅਤੇ ਸੇਵਾ ਨਿਯਮ 2018 ਦੀਆਂ ਕਾਪੀਆਂ ਸਾੜਣ ਦਾ ਸੱਦਾ ਵੀ ਦਿੱਤਾ ਗਿਆ। ਦੱਸਣਯੋਗ ਹੈ ਕਿ ਸਾਲ 2018 ਦੇ ਨਿਯਮ ਵਿਭਾਗੀ ਪ੍ਰੀਖਿਆ ਥੋਪਣ, ਬਾਰਡਰ/ਨਾਨ-ਬਾਰਡਰ ਕਾਡਰ ਰੂਪੀ ਵੰਡੀ ਪਾਉਣ, ਤਰੱਕੀ ਕੋਟਾ ਘਟਾਉਣ, ਨਵੀਂ ਭਰਤੀ ਦੀ ਮੁੱਢਲੀ ਯੋਗਤਾ ਨੂੰ ਸਬੰਧਿਤ ਕੋਰਸਾਂ (ਆਰਟ ਅਤੇ ਕਰਾਫਟ, ਪੀ.ਟੀ.ਆਈ, ਈ.ਟੀ.ਟੀ., ਬੀ.ਐਡ. ਆਦਿ) ਲਈ ਯੋਗਤਾ ਨਾਲੋਂ ਤੋੜਣ ਵਾਲੇ ਮਾਰੂ ਨਿਯਮ ਹਨ। ਇੰਨ੍ਹਾਂ ਨਿਯਮਾਂ ਖਿਲਾਫ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਪਹਿਲਕਦਮੀ ਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਸਕੂਲਾਂ ਵਿੱਚ ਮੁਲਾਜ਼ਮ ਮਾਰੂ ਪੱਤਰ ਦੀਆਂ ਕਾਪੀਆਂ ਸਾੜ ਕੇ ਰੋਸ ਦਾ ਪ੍ਰਗਟਾਵਾ ਕੀਤਾ ਜੋ 9 ਅਤੇ 10 ਅਗਸਤ ਨੂੰ ਵੀ ਜਾਰੀ ਰਹਿੰਦਾ ਹੋਇਆ ਪੱਤਰ ਦੇ ਰੱਦ ਹੋਣ ਤੇ ਹੀ ਰੁਕੇਗਾ।
ਇਸ ਮੌਕੇ ਡੀ.ਟੀ.ਐੱਫ. ਦੇ ਆਗੂ ਮੇਘ ਰਾਜ, ਕੁਲਵੰਤ ਖਨੌਰੀ, ਰਵਿੰਦਰ ਦਿੜ੍ਹਬਾ, ਡਾ. ਗੌਰਵਜੀਤ ਸਿੰਘ, ਕਮਲਜੀਤ ਬਨਭੌਰਾ, ਦੀਨਾ ਨਾਥ, ਰਾਜ਼ ਸੈਣੀ, ਕੰਵਰਜੀਤ ਸਿੰਘ, ਰਮਨ ਲਹਿਰਾ, ਗੁਰਦੀਪ ਚੀਮਾ, ਸੁਖਵਿੰਦਰ ਸੁਖ, ਮਨਜੀਤ ਸੱਭਰਵਾਲ, ਗੁਰਜੰਟ ਸਿੰਘ ਲਹਿਲ ਕਲਾਂ, ਗੁਰਜੀਤ ਸ਼ਰਮਾ ਅਤੇ ਸੁਖਬੀਰ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here