ਫ਼ਸਲੀ ਵਿਭਿੰਨਤਾ ਤਹਿਤ ਕਿਸਾਨਾਂ ’ਚ ਬਾਗ਼ਬਾਨੀ ਦਾ ਰੁਝਾਨ ਵਧਿਆ
ਵਿੱਤੀ ਸਹਾਇਤਾ ਮਿਲਣ ਨਾਲ ਫ਼ਲਾਂ, ਫੁੱਲਾਂ, ਸ਼ਹਿਦ, ਖੁੰਬਾਂ ਤੇ ਸਬਜ਼ੀਆਂ ਦੀ ਕਾਸ਼ਤ ਨੂੰ ਮਿਲੇਗਾ ਭਰਵਾਂ ਹੁੰਗਾਰਾ
ਸੰਗਰੂਰ, 9 ਮਈ, 2023: ਕਿਸਾਨਾਂ ਦੀ ਆਰਥਿਕ ਮਜ਼ਬੂਤੀ ਲਈ ਬਾਗ਼ਬਾਨੀ ਖੇਤਰ ਵਿੱਚ ਵਧ ਰਹੀਆਂ ਸੰਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਨੇ ਵਿੱਤੀ ਸਾਲ 2023-24 ਦੌਰਾਨ ਬਾਗ਼ਬਾਨੀ ਨੂੰ ਉਤਸ਼ਾਹਿਤ ਕਰਨ ਲਈ ਸੰਗਰੂਰ ਤੇ ਮਲੇਰਕੋਟਲਾ ਜ਼ਿਲਿ੍ਹਆਂ ਲਈ 4 ਕਰੋੜ 7 ਲੱਖ ਰੁਪਏ ਦਾ ਐਕਸ਼ਨ ਪਲਾਨ ਜਾਰੀ ਕੀਤਾ ਹੈ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਨੇ ਬਾਗ਼ਬਾਨੀ ਅਧਾਰਿਤ ਜ਼ਿਲ੍ਹਾ ਮੈਨੇਜਮੈਂਟ ਮਿਸ਼ਨ ਕਮੇਟੀ ਦੀ ਮੀਟਿੰਗ ਦੌਰਾਨ ਕਿਹਾ ਕਿ ਜ਼ਿਲ੍ਹੇ ਵਿੱਚ ਬਾਗ਼ਬਾਨੀ ਦੀਆਂ ਭਰਪੂਰ ਸੰਭਾਵਨਾਵਾਂ ਨੂੰ ਦੇਖਦਿਆਂ ਕੌਮੀ ਬਾਗ਼ਬਾਨੀ ਮਿਸ਼ਨ ਸਕੀਮ ਤਹਿਤ ਕਿਸਾਨਾਂ ਨੂੰ ਬਾਗ਼ ਲਾਉਣ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਹ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।
ਐਡੀਸ਼ਨਲ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਬਾਗ਼ਬਾਨੀ ਦੇ ਅੰਕੜਿਆਂ ’ਤੇ ਨਜ਼ਰ ਮਾਰਿਆਂ ਇਹ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਇਸ ਸਹਾਇਕ ਕਿੱਤੇ ਪ੍ਰਤੀ ਕਿਸਾਨਾਂ ਦਾ ਰੁਝਾਨ ਹੁਣ ਪਹਿਲਾਂ ਨਾਲੋਂ ਕਾਫ਼ੀ ਵਧ ਗਿਆ ਹੈ ਅਤੇ ਇਥੇ ਵੱਖ-ਵੱਖ ਫ਼ਲਾਂ, ਫੁੱਲਾਂ, ਸ਼ਹਿਦ ਉਤਪਾਦਨ, ਖੁੰਬਾਂ ਦੀ ਕਾਸ਼ਤ, ਪੋਲੀ ਹਾਊਸ, ਵਰਮੀ ਕੰਪੋਸਟ ਇਕਾਈਆਂ, ਹਾਈਬ੍ਰਿਡ ਬੀਜ ਤੇ ਸਬਜ਼ੀਆਂ ਦੀ ਪੈਦਾਵਾਰ ਵਿੱਚ ਦਿਲਚਸਪੀ ਲੈਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਵਰਜੀਤ ਵਾਲੀਆ ਨੇ ਕਿਹਾ ਕਿ ਸਾਡੇ ਕਿਸਾਨਾਂ ਨੂੰ ਸਵੈ ਨਿਰਭਰਤਾ ਵਾਲਾ ਮਾਹੌਲ ਮੁਹੱਈਆ ਕਰਵਾਉਣਾ ਸਾਡਾ ਮੁੱਖ ਮਕਸਦ ਹੈ ਅਤੇ ਬਾਗ਼ਬਾਨੀ ਵਿੱਚ ਆਮਦਨ ਵਧਾਉਣ ਦੀਆਂ ਵਿਸ਼ਾਲ ਸੰਭਾਵਨਾਵਾਂ ਹਨ।
ਵਰਜੀਤ ਵਾਲੀਆ ਨੇ ਕਿਹਾ ਕਿ ਇਹ ਐਕਸ਼ਨ ਪਲਾਨ ਜ਼ਿਲ੍ਹੇ ਦੇ ਕਿਸਾਨਾਂ ਦੀ ਮੰਗ ਅਤੇ ਬਾਗ਼ਬਾਨੀ ਫ਼ਸਲਾਂ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ ਤਾਂ ਜੋ ਇਨ੍ਹਾਂ ਦੋਵੇਂ ਜ਼ਿਲਿ੍ਹਆਂ ਦੇ ਅਗਾਂਹਵਧੂ ਕਿਸਾਨ ਬਾਗ਼ਾਂ ਹੇਠਲੇ ਰਕਬੇ ਨੂੰ ਵਧਾਉਣ ਲਈ ਵਧ ਚੜ੍ਹ ਕੇ ਅੱਗੇ ਆਉਣ ਤੇ ਸਰਕਾਰ ਦੀਆਂ ਬਾਗ਼ਬਾਨੀ ਆਧਾਰਿਤ ਭਲਾਈ ਯੋਜਨਾਵਾਂ ਦਾ ਲਾਭ ਉਠਾਉਣ। ਉਨ੍ਹਾਂ ਦੱਸਿਆ ਕਿ ਸਬੰਧਤ ਅਧਿਕਾਰੀਆਂ ਨੂੰ ਅਮਰੂਦ, ਕਿੰਨੂ, ਸਟਰਾਬੇਰੀ, ਆੜੂ ਦੇ ਨਾਲ ਨਾਲ ਫੁੱਲ, ਸ਼ੇਡ ਨੈਟ ਹਾਊਸ, ਪਲਾਸਟਿਕ ਮਲਚਿੰਗ, ਲੋਅ ਟਨਲ, ਪੋਲੀ ਹਾਊਸ ਤੇ ਸ਼ੇਡ ਨੈਟ ਹਾਊਸ ਵਿੱਚ ਉਚ ਕੀਮਤਾਂ ਵਾਲੀਆਂ ਸਬਜ਼ੀਆਂ ਲਗਾਉਣ ਵਾਲੇ ਸਮਾਨ, ਮਧੂ ਮੱਖੀ ਪਾਲਣ ਤੇ ਮਧੂ ਮੱਖੀ ਕਲੋਨੀ ਵਿਕਸਤ ਕਰਨ, ਪਾਵਰ ਟਿੱਲਰ, ਖੁੰਬਾਂ ਦਾ ਉਤਪਾਦਨ ਯੂਨਿਟ, ਖੁੰਬ ਸਪਾਨ ਲੈਬ, ਹਾਈਬ੍ਰਿਡ ਸੀਡ ਤੇ ਸੀਡ ਬੁਨਿਆਦੀ ਢਾਂਚਾ ਯੂਨਿਟ, ਪਿਆਜ ਭੰਡਾਰ, ਵਰਮੀ ਕੰਪੋਸਟ ਯੂਨਿਟ ਆਦਿ ਸਮੇਤ ਅਨੇਕਾਂ ਹੋਰ ਇਕਾਈਆਂ, ਮਸ਼ੀਨਰੀ ਤੇ ਸਮਾਨ ਨੂੰ ਹੈਕਟੇਅਰ, ਸਕੇਅਰ ਮੀਟਰ ਅਤੇ ਗਿਣਤੀ ਅਨੁਸਾਰ ਸਬਸਿਡੀ ’ਤੇ ਮੁਹੱਈਆ ਕਰਵਾ ਕੇ ਨਿਰਧਾਰਿਤ ਟੀਚੇ ਪੂਰੇ ਕਰਨ ਦੀ ਹਦਾਇਤ ਕੀਤੀ ਗਈ ਹੈ।