ਸੰਘਰਸ਼ੀ ਲੋਹੜੀ: ਸਰਕਾਰੀ ਲਾਰੇ ਫੂਕੇਗਾ ਬੇਰੁਜ਼ਗਾਰ ਸਾਂਝਾ ਮੋਰਚਾ 

0
67
ਦਲਜੀਤ ਕੌਰ
ਸੰਗਰੂਰ, 7 ਜਨਵਰੀ, 2024: ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਮੌਕੇ ਪੰਜਾਬ ਦੇ ਵਿਭਿੰਨ ਵਰਗਾਂ ਸਮੇਤ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ- ਵੱਡੇ ਵਾਅਦੇ ਕੀਤੇ ਸਨ। ਜਿਹੜੇ ਕਿ ਕਰੀਬ ਦੋ ਸਾਲ ਵਿੱਚ ਲਾਰੇ ਸਾਬਤ ਹੋ ਚੁੱਕੇ ਹਨ। ਪੰਜਾਬ ਦੀਆਂ ਵੱਖ-ਵੱਖ ਸ਼ਰੇਣੀਆਂ ਦੇ ਬੇਰੁਜ਼ਗਾਰਾਂ ਨੇ ‘ਬੇਰੁਜ਼ਗਾਰ ਸਾਂਝੇ ਮੋਰਚੇ’ ਦੀ ਅਗਵਾਈ ਵਿੱਚ ਲੋਹੜੀ ਮੌਕੇ ਪੰਜਾਬ ਦੇ ਕਰੀਬ ਅੱਧੀ ਦਰਜਨ ਮੰਤਰੀਆਂ ਦੀਆਂ ਕੋਠੀਆਂ ਅੱਗੇ ਸਰਕਾਰੀ ਲਾਰੇ ਫੂਕ ਕੇ ਸੰਘਰਸ਼ੀ ਲੋਹੜੀ ਮਨਾਉਣ ਦਾ ਐਲਾਨ ਕੀਤਾ ਹੈ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਪਾਲ ਖਾਨ  ਨੇ ਦੱਸਿਆ ਭਾਰਤ ਅੰਦਰ ਲੋਹੜੀ ਦਾ ਤਿਉਹਾਰ ਦੁੱਲਾ ਭੱਟੀ ਨਾਮ ਦੇ ਯੋਧੇ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਜਿਸ ਨੇ ਸਮੇ ਦੇ ਸ਼ਾਸਕਾਂ ਦੀਆਂ ਵਧੀਕੀਆਂ ਖਿਲਾਫ ਨਗਾਰੇ ਉੱਤੇ ਚੋਟ ਲਗਾਈ ਸੀ। ਉਹਨਾਂ ਦੱਸਿਆ ਕਿ ਕਰੀਬ ਦੋ ਸਾਲ ਤੋ ਰੁਜ਼ਗਾਰ ਦੀ ਉਡੀਕ ਕਰਨ ਮਗਰੋ ਹੁਣ ਪੰਜਾਬ ਦੇ ਬੇਰੁਜ਼ਗਾਰਾਂ ਨੇ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਭਰਤੀ ਦੀ ਮੰਗ ਨੂੰ ਲੈਕੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਦਰਵਾਜਿਆਂ ਉੱਤੇ ਲਾਰੇ ਫੂਕ ਮੁਜ਼ਾਹਰੇ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਇਸੇ ਤਹਿਤ ਜਿੱਥੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਅੱਗੇ ਸੰਗਰੂਰ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਦੀ ਕੋਠੀ ਅੱਗੇ ਕੋਟਕਪੂਰਾ ਵਿਖੇ ਅਤੇ ਸਮਾਜ ਭਲਾਈ/ਬਾਲ ਵਿਕਾਸ ਮੰਤਰੀ ਬਲਜੀਤ ਕੌਰ ਦੀ ਕੋਠੀ ਅੱਗੇ ਮਲੋਟ ਵਿਖੇ 13 ਜਨਵਰੀ ਨੂੰ ਦੁਪਹਿਰ 12 ਵਜੇ ਲਾਰੇ ਫੂਕੇ ਜਾਣਗੇ ਉੱਥੇ ਸਥਾਨਕ ਕਚਹਿਰੀ ਚੌਂਕ ਨੇੜੇ ਖੇਡ ਮੰਤਰੀ ਸ੍ਰ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਵੀ ਲਾਰੇ ਫੂਕ ਮੁਜਾਹਰਾ ਕੀਤਾ ਜਾਵੇਗਾ।
ਬੇਰੁਜ਼ਗਾਰ ਆਗੂ ਮਨਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਨੇ  ਦੋ ਸਾਲ ਵਿੱਚ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਦੇ ਕਿਸੇ ਵੀ ਵਿਸ਼ੇ ਦੀ ਇੱਕ ਵੀ ਅਸਾਮੀ ਨਹੀਂ ਕੱਢੀ। ਉਹਨਾਂ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਜਾਰੀ 343 ਲੈਕਚਰਾਰ ਦੀਆਂ ਅਸਾਮੀਆਂ ਦੀ ਭਰਤੀ ਰੱਦ ਕਰਨ ਮਗਰੋਂ ਰਹਿੰਦੇ ਸਾਰੇ ਵਿਸ਼ਿਆਂ ਦੀਆਂ ਅਸਾਮੀਆਂ ਸ਼ਾਮਲ ਕਰਕੇ ਅਜੇ ਤੱਕ ਕੋਈ ਇਸ਼ਤਿਹਾਰ ਜਾਰੀ ਨਹੀਂ ਕੀਤਾ। ਮਾਨ ਸਰਕਾਰ ਦੇ ਦੋ ਸਾਲ ਪੂਰੇ ਹੋ ਚੁੱਕੇ ਹਨ ਪਰੰਤੂ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਭਰਤੀ ਲਈ 250 ਅਸਾਮੀਆਂ ਦੀ ਪ੍ਰੀਖਿਆ ਲਈ ਜਾ ਰਹੀ ਹੈ ਨਾ ਹੀ ਪ੍ਰਾਇਮਰੀ ਕੇਡਰ ਵਿੱਚ 2000 ਪੋਸਟਾਂ ਦੀ ਭਰਤੀ ਦਾ ਨਵਾਂ ਇਸ਼ਤਿਹਾਰ ਦਿੱਤਾ ਜਾ ਰਿਹਾ ਹੈ। 4161 ਭਰਤੀ ਮੁਕੰਮਲ ਹੋ ਚੁੱਕੀ ਹੈ ਪਰ ਮਾਸਟਰ ਕਾਡਰ ਦੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਨੂੰ ਦੋ ਸਾਲ ਹੋ ਗਏ ਉਮਰ ਹੱਦ ਵਿੱਚ ਛੋਟ ਦੇਣ ਦਾ ਲਾਰਾ ਲਾਉਂਦਿਆਂ ਪਰ ਵਾਅਦੇ ਅਨੁਸਾਰ ਸਿਹਤ ਵਿਭਾਗ ਵਿੱਚ ਕੋਈ ਭਰਤੀ ਨਹੀਂ ਕੀਤੀ ਅਤੇ ਨਾ ਹੀ ਮਾਸਟਰ ਕਾਡਰ, ਟੀ ਟੀ ਟੀ ਹੈਲਥ ਵਰਕਰ ਭਰਤੀਆਂ ਵਿੱਚ ਉਮਰ ਹੱਦ ਛੋਟ ਦੇਣ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਕਰਕੇ ਭਰਤੀ ਦਾ ਇਸ਼ਤਿਹਾਰ ਦਿੱਤਾ ਗਿਆ ਹੈ। ਉਕਤ ਲਾਰਿਆਂ ਦੀ ਪੰਡ ਫੂਕ ਕੇ ਸੰਘਰਸ਼ੀ ਲੋਹੜੀ ਮਨਾਉਂਦੇ ਬੇਰੁਜ਼ਗਾਰ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣ ਦਾ ਆਗਾਜ਼ ਕਰਨਗੇ। ਉਹਨਾਂ ਬੇਰੁਜ਼ਗਾਰਾਂ ਨੂੰ 10 ਵਜੇ ਵੇਰਕਾ ਮਿਲਕ ਪਲਾਂਟ ਸੰਗਰੂਰ ਵਿਖੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਮਨਦੀਪ ਸਿੰਘ ,ਗੁਰਵੀਰ ਸਿੰਘ, ਹਰਪ੍ਰੀਤ ਚੌਹਾਨ, ਮਨਦੀਪ ਸਿੰਘ ਗਿੱਲ, ਮਨਜੀਤ ਕੌਰ ਹਾਜ਼ਰ ਸਨ।

LEAVE A REPLY

Please enter your comment!
Please enter your name here