ਅੰਮ੍ਰਿਤਸਰ 22 ਮਈ -ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਨੂੰ ਸਿਖ਼ਰਾਂ ’ਤੇ ਲਿਜਾਂਦਿਆਂ ਉਨ੍ਹਾਂ ਦੇ ਹੱਕ ਵਿੱਚ ਗੋਲਡਨ ਗੇਟ ਤੋਂ ਨਿਊ ਅੰਮ੍ਰਿਤਸਰ ਤੱਕ ਮੋਟਰਸਾਈਕਲ-ਕਾਰ ਰੈਲੀ ਕੱਢੀ ਗਈ। ਇਸ ਮੌਕੇ ਸੰਧੂ ਸਮੁੰਦਰੀ ਖੁੱਲ੍ਹੀ ਜੀਪ ਵਿੱਚ ਸਵਾਰ ਨਜ਼ਰ ਆਏ। ਰੈਲੀ ਵਿੱਚ ਸੈਂਕੜੇ ਕਾਰਾਂ, ਜੀਪਾਂ ਅਤੇ ਅਣਗਿਣਤ ਮੋਟਰਸਾਈਕਲਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਲੋਕਾਂ ਨੇ ਸੰਧੂ ਸਮੁੰਦਰੀ ਦਾ ਨਿੱਘਾ ਸਵਾਗਤ ਕੀਤਾ। ਸੰਧੂ ਸਮੁੰਦਰੀ ਨੇ ਸਾਰਿਆਂ ਦੀਆਂ ਸ਼ੁਭ ਕਾਮਨਾਵਾਂ ਨੂੰ ਪ੍ਰਵਾਨ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਅੰਮ੍ਰਿਤਸਰ ਦੇ ਵਿਕਾਸ ਨੂੰ ਮੁੱਖ ਪਹਿਲ ਦਿੰਦੇ ਹੋਏ ਆਪਣੇ ਲਈ ਸਹੀ ਨੁਮਾਇੰਦੇ ਚੁਣਨ। ਇਸ ਮੌਕੇ ਰੋਡ ਸ਼ੋਅ ਵਿੱਚ ਰਾਜੇਸ਼ ਹਨੀ, ਵਰਿੰਦਰ ਸਵੀਟੀ, ਗੁਰਕੰਵਲ ਸਿੰਘ ਮਾਨ, ਗੁਰਤੇਸ਼ਵਰ ਬਾਵਾ, ਗੁਰਪ੍ਰੀਤ ਸਿੰਘ, ਮਹਿੰਦਰ ਸਿੰਗੜੀ, ਕਮਲ ਕਪੂਰ, ਅਸ਼ੋਕ ਮਹਾਜਨ ਆਦਿ ਹਾਜ਼ਰ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਧੂ ਸਮੁੰਦਰੀ ਨੇ ਕਿਹਾ ਕਿ ਲੋਕ ਅੱਗੇ ਵਲ ਦੇਖਦੇ ਹਨ। ਅੰਮ੍ਰਿਤਸਰ ਦੇ ਲੋਕ ਖ਼ਾਸ ਤੌਰ ‘ਤੇ ਇੱਥੋਂ ਦੇ ਵਿਕਾਸ ਦੀ ਆਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵਿੱਚ ਵਿਕਾਸ ਲਿਆਂਦਾ ਹੈ, ਇਹ ਵਿਕਾਸ ਅੰਮ੍ਰਿਤਸਰ ਵਿੱਚ ਲਿਆਉਣਾ ਹੈ। ਇੱਥੋਂ ਦੀ ਕਾਨੂੰਨੀ ਵਿਵਸਥਾ ਮਾੜੀ ਹੈ ਅਤੇ ਨਸ਼ਾ ਵੱਧ ਰਿਹਾ ਹੈ। ਸਾਡੀ ਖੇਤੀ ਅਤੇ ਉਦਯੋਗ ਨੂੰ ਚੁਨੌਤੀਆਂ ਹਨ। ਸੀਵਰੇਜ ਅਤੇ ਪਾਣੀ ਦੀ ਸਮੱਸਿਆ ਵਰਗੀਆਂ ਸਮੱਸਿਆਵਾਂ ਹਨ। ਜਿਸ ਨੂੰ 10 ਸਾਲ ਪਹਿਲਾਂ ਖ਼ਤਮ ਕਰ ਦੇਣਾ ਚਾਹੀਦਾ ਸੀ। ਪਰ ਇਹ ਰੋਜ਼ਾਨਾ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ। ਅੱਜ ਸੱਤ ਸਾਲ ਤੋਂ ਸਾਂਸਦ ਰਹੇ ਔਜਲਾ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਝੂਠੇ ਇਸ਼ਤਿਹਾਰ ਛਾਪਣ ਤੋਂ ਇਲਾਵਾ ਅੰਮ੍ਰਿਤਸਰ ਦੇ ਵਿਕਾਸ ਲਈ ਕੀ ਕੀਤਾ ਹੈ?। ਛੇ ਸਾਲਾਂ ਵਿੱਚ ਇੰਦੌਰ ਕਿੱਥੇ ਪਹੁੰਚ ਗਿਆ ਹੈ? ਇਸੇ ਤਰ੍ਹਾਂ ਆਪ ਸਰਕਾਰ ਨੂੰ ਦੋ ਸਾਲ ਹੋ ਗਏ ਹਨ, ਤੁਸੀਂ ਜਾ ਕੇ ਪੁੱਛੋ ਕਿ ਲੋਕਾਂ ਦੀ ਹਾਲਤ ਸੁਧਰੀ ਹੈ ਜਾਂ ਵਿਗੜ ਗਈ ਹੈ। ਪ੍ਰਧਾਨ ਮੰਤਰੀ ਮੋਦੀ ਦੀਆਂ ਕਈ ਯੋਜਨਾਵਾਂ ਜਿਨ੍ਹਾਂ ਵਿੱਚ ਕਰੋੜਾਂ ਰੁਪਏ ਨਹੀਂ ਪਹੁੰਚੇ ਹਨ। ਅਸੀਂ ਪਤਾ ਲਗਾਵਾਂਗੇ ਕਿ ਉਹ ਕਿਉਂ ਨਹੀਂ ਪਹੁੰਚੇ। ਅੰਮ੍ਰਿਤਸਰ ਕਿੰਨਾ ਸਮਾਰਟ ਸ਼ਹਿਰ ਬਣ ਗਿਆ ਹੈ? ਇਸ ਪ੍ਰਾਜੈਕਟ ਲਈ ਮਿਲੇ ਪੈਸੇ ਕਿੱਥੇ ਗ਼ਾਇਬ ਹੋ ਗਏ? ਅਸੀਂ ਇਸ ਦੀ ਵੀ ਜਾਂਚ ਕਰਾਂਗੇ। ਅਮਰੀਕੀ ਯੂਨੀਵਰਸਿਟੀਆਂ ਵਾਂਗ ਉਹ ਸਿੱਖਿਆ ਸਾਡੇ ਇੱਥੇ ਵੀ ਪਹੁੰਚ ਜਾਣੀ ਚਾਹੀਦੀ ਸੀ। ਤਾਂ ਜੋ ਸਾਡੇ ਬੱਚਿਆਂ ਖ਼ਾਸ ਕਰਕੇ ਅੰਮ੍ਰਿਤਸਰ ਵਾਸੀਆਂ ਨੂੰ ਕਿਸੇ ਮਜਬੂਰੀ ਵਿੱਚ ਬਾਹਰ ਨਾ ਜਾਣਾ ਪਵੇ। ਪੂੰਜੀ ਨਿਵੇਸ਼ ਹੋਣਾ ਚਾਹੀਦਾ ਹੈ। ਗੁਜਰਾਤ ਵਿੱਚ ਸੈਮੀਕੰਡਕਟਰ ਫ਼ੈਕਟਰੀਆਂ ਬਣਾਈਆਂ ਜਾਣੀਆਂ ਹਨ। ਭਾਰਤ ਵਿੱਚ ਸਭ ਤੋਂ ਵੱਡੀ ਸੋਲਰ ਫ਼ੈਕਟਰੀ ਬਣਾਈ ਜਾ ਰਹੀ ਹੈ। ਇੱਥੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ। ਜੇਕਰ ਅੰਮ੍ਰਿਤਸਰ ਦੇ ਬੱਚੇ ਬਾਹਰ ਜਾਂਦੇ ਹਨ ਤਾਂ ਸਾਰਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਫ਼ੈਕਟਰੀਆਂ ਨੂੰ ਇੱਥੇ ਲਿਆਂਦਾ ਜਾਵੇ। ਅਮਰੀਕਾ ਦੀਆਂ ਪ੍ਰਮੁੱਖ ਕੰਪਨੀਆਂ ਸਾਡੇ ਬੱਚਿਆਂ ਨੂੰ ਸਟਾਰਟਅੱਪ ਸ਼ੁਰੂ ਕਰਨ ਵਿੱਚ ਮਦਦ ਕਰਨ ਲਈ ਤਿਆਰ ਹਨ। ਅਮਰੀਕੀ ਪ੍ਰਵਾਸੀ ਭਾਈਚਾਰੇ ਨੇ ਅੰਮ੍ਰਿਤਸਰ ਲਈ 100 ਮਿਲੀਅਨ ਡਾਲਰ ਯਾਨੀ 850 ਕਰੋੜ ਰੁਪਏ ਇਕੱਠੇ ਕਰਕੇ ਅੰਮ੍ਰਿਤਸਰ ’ਚ ਸਟਾਰਟਅੱਪ ਲਈ ਭੇਜੇ ਹਨ। ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਲਈ ਐਨ ਆਰ ਆਈ ਭਾਈਚਾਰਾ ਸਾਨੂੰ ਉਹੀ ਦਵਾਈਆਂ ਦੇਣ ਲਈ ਤਿਆਰ ਹੈ ਜੋ ਅਮਰੀਕਾ ਵਰਤ ਰਿਹਾ ਹੈ। ਉਹ ਤਕਨਾਲੋਜੀ ਅਤੇ ਪੈਸੇ ਦੀ ਮਦਦ ਨਾਲ ਅੰਮ੍ਰਿਤਸਰ ਦੇ ਪ੍ਰਦੂਸ਼ਣ ਨੂੰ ਸਾਫ਼ ਕਰਨ ਵਿੱਚ ਮਦਦ ਕਰਨਗੇ। ਇਹ ਤਾਂ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਚੁਣ ਕੇ ਭੇਜਦੇ ਹੋ ਤਾਂ ਉਹ ਇਹ ਸਭ ਲੋਕਾਂ ਦੇ ਸਹਿਯੋਗ ਨਾਲ ਸਿਰੇ ਚੜ੍ਹਾਉਣਗੇ।