ਚੋਗਾਵਾਂ / ਅੰਮ੍ਰਿਤਸਰ, 15 ਮਈ -ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਹਲਕਾ ਰਾਜਾਸਾਂਸੀ ਦੇ ਕਸਬਾ ਚੋਗਾਵਾਂ ਵਿਖੇ ਮੋਟਰਸਾਈਕਲ ਤੇ ਸਵਾਰ ਹੋ ਕੇ ਰੋਡ ਸ਼ੋ ਕੀਤਾ। ਇਸ ਮੌਕੇ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਵੀ ਮੌਜੂਦ ਸਨ। ਉਹਨਾਂ ਚੋਗਾਵਾਂ ਮੇਨ ਬਾਜ਼ਾਰ ਵਿਖੇ ਡੋਰ ਟੂ ਡੋਰ ਜਾਕੇ ਦੁਕਾਨਦਰਾਂ ਅਤੇ ਵਸਨੀਕਾਂ ਨਾਲ ਸਿਧਾ ਸੰਪਰਕ ਸਾਧਦਿਆਂ ਉਹਨਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ। ਇਸ ਦੌਰਾਨ ਬਜ਼ਾਰ ਵਿਚ ਸੰਧੂ ਸਮੁੰਦਰੀ ਦਾ ਲੋਕਾਂ ਨੇ ਕੀਤਾ ਸ਼ਾਨਦਾਰ ਸਵਾਗਤ। ਸੰਧੂ ਨੂੰ ਫੁੱਲਾਂ ਦੇ ਹਾਰ ਅਤੇ ਸਿਰੋਪਾਉ ਦਿੱਤੇ ਗਏ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਲੋਕਾਂ ਨੇ ਸੰਧੂ ਨਾਲ ਗਲਵੱਕੜੀਆਂ ਪਾਈਆਂ ਅਤੇ ਸੈਲਫੀਆਂ ਲਈਆਂ। ਲੋਕਾਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਸੀ। ਉੱਥੇ ਹੀ ਲੋਕ ਆਪ ਮੁਹਾਰੇ ਹੋ ਕੇ ਸੰਧੂ ਸਮੁੰਦਰੀ ਨਾਲ ਚੱਲ ਪਏ। ਲੋਕਾਂ ਨੇ ਸੰਧੂ ਸਮੁੰਦਰੀ ਨੂੰ ਦੱਸਿਆ ਕਿ ਕਦੀ ਵੀ ਚੁਣੇ ਹੋਏ ਲੋਕ ਸਭਾ ਨੁਮਾਇੰਦੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਹੈ। ਸਮੂਹ ਇਲਾਕਾ ਨਿਵਾਸੀਆਂ ਨੇ ਚੋਣ ਮੁਹਿੰਮ ਨੂੰ ਸਫਲ ਬਣਾਉਣ ਲਈ ਡਟ ਕੇ ਸਮਰਥਨ ਦੇਣ ਦਾ ਭਰੋਸਾ ਦਿੱਤਾ ਬਲਕਿ ਵੱਡੀ ਲੀਡ ਨਾਲ ਲੋਕ ਸਭਾ ’ਚ ਭੇਜਣ ਦੀ ਗੱਲ ਕਹੀ।ਇਸ ਮੌਕੇ ਸੰਧੂ ਸਮੁੰਦਰੀ ਨੇ ਲੋਕਾਂ ਨੂੰ ਯਕੀਨ ਦਿਵਾਉਂਦੀਆਂ ਕਿਹਾ ਕਿ ਉਹ ਅੰਮ੍ਰਿਤਸਰ ਹਲਕੇ ਨੂੰ ਨਮੂਨੇ ਦਾ ਹਲਕਾ ਬਣਾ ਕੇ ਪਹਿਲੇ ਨੰਬਰ ਤੇ ਲੈ ਕੇ ਆਉਣਗੇ। ਤਰਨਜੀਤ ਸਿੰਘ ਸੰਧੂ ਨੇ ਇਲਾਕਾ ਨਿਵਾਸੀਆਂ ਵੱਲੋਂ ਚੋਣ ਮੁਹਿੰਮ ਨੂੰ ਦਿੱਤੇ ਗਏ ਭਰਵੇਂ ਹੁੰਗਾਰੇ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜਨਤਾ ਵੱਲੋਂ ਮਿਲ ਰਿਹਾ ਸਮਰਥਨ ਮੇਰੇ ਇਰਾਦਿਆਂ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਉਨ੍ਹਾਂ ਕਿਹਾ ਚੋਗਾਵਾਂ ’ਚ ਕਿਸੇ ਦੀ ਵੀ ਧੱਕੇਸ਼ਾਹੀ ਨਹੀਂ ਚਲਣ ਦੇਣਗੇ। ਸੰਧੂ ਸਮੁੰਦਰੀ ਨੇ ਕਿਹਾ ਕਿ ਰਾਜਾਸਾਂਸੀ ਅਤੇ ਅੰਮ੍ਰਿਤਸਰ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਹੱਸਦਾ ਵੱਸਦਾ ਪੰਜਾਬ ਸੀ। ਅੱਜ ਦਾ ਪੰਜਾਬ ਦੇਖ ਕੇ ਮਨ ਦੁਖੀ ਹੁੰਦਾ ਹੈ। ਨਸ਼ਿਆਂ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਜੋ ਪੀੜੀ ਨੂੰ ਖ਼ਤਮ ਕਰਨ ’ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਨਸ਼ੇ ’ਚ ਲੱਗੇ ਨੌਜਵਾਨਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦੇ ਕੇ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਔਰਤਾਂ ਦੇ ਸਨਮਾਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ ਜਿਸ ਲਈ ਪ੍ਰਸ਼ਾਸਨ ਜ਼ਿੰਮੇਵਾਰੀ ਤੈਅ ਹੋਵੇਗੀ। ਭਾਜਪਾ ਦਾ ਮੁੱਖ ਉਦੇਸ਼ ਕਾਨੂੰਨ ਵਿਵਸਥਾ ਨੂੰ ਇਸ ਹੱਦ ਤੱਕ ਸੁਧਾਰਨਾ ਹੋਵੇਗਾ ਕਿ ਔਰਤਾਂ ਨੂੰ ਦੇਰ ਰਾਤ ਕੰਮ ਤੋਂ ਘਰ ਪਹੁੰਚਣ ‘ਤੇ ਕਿਸੇ ਡਰ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅੰਮ੍ਰਿਤਸਰ ਵਿਖੇ ਅਮਰੀਕਨ ਕੌਂਸਲੇਟ ਲਿਆਉਣ, ਵੀ ਐੱਫ਼ ਐਸ ਸੈਂਟਰ ਖੁਲ੍ਹਵਾਉਣ, ਕਿਸਾਨੀ ਦੀ ਆਮਦਨੀ ਵਧਾਉਣ ਲਈ ਫਲ਼ ਅਤੇ ਸਬਜ਼ੀਆਂ ਕਾਰਗੋ ਰਾਹੀਂ ਖਾੜੀ ਦੇਸ਼ਾਂ ਨੂੰ ਭੇਜਣ ਦੀ ਗਲ ਦਸੀ। ਉਨ੍ਹਾਂ ਦੱਸਿਆ ਕਿ ਅਮਰੀਕਨ ਪ੍ਰਵਾਸੀ ਭਾਈਚਾਰੇ ਵੱਲੋਂ ਅੰਮ੍ਰਿਤਸਰ ਵਿਖੇ ਸਟਾਰਟਅੱਪ ਸ਼ੁਰੂ ਕਰਨ ਲਈ 850 ਕਰੋੜ ਦਾ ਪ੍ਰਬੰਧ ਕੀਤਾ ਹੋਇਆ ਹੈ।ਜਿਸ ਦਾ ਨੌਜਵਾਨਾਂ ਨੂੰ ਪੂਰਾ ਲਾਭ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ, ਮੈਂ ਸਿਰਫ਼ ਇਹੀ ਕਹਾਂਗਾ ਕਿ ਜਦੋਂ ਸੰਸਦੀ ਚੋਣਾਂ ਹੋਣਗੀਆਂ ਤਾਂ ਸੋਚ ਸਮਝ ਕੇ ਵੋਟ ਕਰੋ ਅਤੇ ਜਦੋਂ ਤੁਸੀਂ ਮੈਨੂੰ ਇੱਥੋਂ ਸਾਂਸਦ ਬਣਾ ਕੇ ਭੇਜੋਗੇ ਤਾਂ ਮੈਂ ਭਾਰਤ ਸਰਕਾਰ ਅਤੇ ਵਿਦੇਸ਼ੀ ਸਰੋਤਾਂ ਦੀ ਮਦਦ ਨਾਲ ਹਰ ਸਮੱਸਿਆ ਦਾ ਹੱਲ ਕਰਾਂਗਾ। ਬੱਸ ਤੁਸੀਂ ਇਕ ਜੂਨ ਨੂੰ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਵੋਟਾਂ ਪਾਉਣ ਦੀ ਖੇਚਲ ਜ਼ਰੂਰ ਕਰਨੀ ਹੈ।