ਅੰਮ੍ਰਿਤਸਰ ਦਾ ਵਿਕਾਸ, ਉਦਯੋਗ ਤੇ ਵਪਾਰਕ ਉੱਨਤੀ ਅਤੇ ਨਸ਼ਿਆਂ ਦਾ ਖ਼ਾਤਮਾ ਮੇਰਾ ਲਕਸ਼- ਸੰਧੂ ਸਮੁੰਦਰੀ।
ਅੰਮ੍ਰਿਤਸਰ 13 ਮਈ
ਅੰਮ੍ਰਿਤਸਰ ਨੂੰ ਇਸ ਦੇ ਵਿਕਾਸ ਅਤੇ ਸੁਧਾਰ ਲਈ ਇੱਕ ਸਮਰੱਥ ਅਤੇ ਪ੍ਰਭਾਵਸ਼ਾਲੀ ਸੰਸਦ ਮੈਂਬਰ ਦੀ ਲੋੜ ਹੈ। ਜੋ ਕੇਵਲ ਭਾਜਪਾ ਉਮੀਦਵਾਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਹੀ ਸੰਸਦ ਵਿਚ ਅੰਮ੍ਰਿਤਸਰ ਲਈ ਢੁਕਵੀਂ ਨੁਮਾਇੰਦਗੀ ਦੇ ਕਾਬਲ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਵਾਈਸ ਚੇਅਰਮੈਨ ਅਤੇ ਭਾਰਤੀ ਜਨਤਾ ਪਾਰਟੀ ਦੇ ਉਪ ਪ੍ਰਧਾਨ ਸਾਬਕਾ ਸੰਸਦ ਅਵਿਨਾਸ਼ ਰਾਏ ਖੰਨਾ ਨੇ ਕੀਤਾ। ਉਹ ਅੱਜ ਭਾਜਪਾ ਜ਼ਿਲ੍ਹਾ ਦਫ਼ਤਰ ਵਿਖੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਡਾ. ਹਰਵਿੰਦਰ ਸਿੰਘ ਸੰਧੂ ਅਤੇ ਦਿਹਾਤੀ ਪ੍ਰਧਾਨ ਡਾ. ਸੁਸ਼ੀਲ ਦੇਵਗਨ ਦੀ ਅਗਵਾਈ ’ਚ ਆਯੋਜਿਤ ਲੋਕ ਸਭਾ ਚੋਣ ਯੋਜਨਾ ਕਮੇਟੀ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ, ਭਾਜਪਾ ਕਿਸਾਨ ਮੋਰਚਾ ਦੇ ਕੌਮੀ ਮੀਤ ਪ੍ਰਧਾਨ ਸਾਬਕਾ ਸਾਂਸਦ ਸੁਰੇਸ਼ ਚੰਦੇਲ, ਸੰਗਠਨ ਮੰਤਰੀ ਅਰੁਣ ਬਿਨਾਦੀ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਤੇ ਰਜਿੰਦਰ ਮੋਹਨ ਸਿੰਘ ਛੀਨਾ ਵੀ ਮੌਜੂਦ ਸਨ।ਅਵਿਨਾਸ਼ ਰਾਏ ਖੰਨਾ ਜੋ ਕਿ ਹਿਮਾਚਲ ਪ੍ਰਦੇਸ਼ ਦੇ ਭਾਜਪਾ ਇੰਚਾਰਜ ਵੀ ਹਨ, ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਵਰਗਾ ਨੁਮਾਇੰਦਾ ਹੀ ਅੰਮ੍ਰਿਤਸਰ ਦੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਦੇ ਸੰਦਰਭ ’ਚ ਰਾਸ਼ਟਰੀ ਰਾਜਨੀਤੀ ਦੇ ਨਾਲ-ਨਾਲ ਵਿਸ਼ਵ ਵਿੱਚ ਅੰਮ੍ਰਿਤਸਰ ਦੇ ਹਿੱਤਾਂ ਦੀ ਸਭ ਤੋਂ ਵਧੀਆ ਸੇਵਾ ਕਰਨ ਦੇ ਯੋਗ ਹਨ। ਉਨ੍ਹਾਂ ਅੰਮ੍ਰਿਤਸਰ ਦੇ ਲੋਕਾਂ ਅੱਗੇ ਸੰਧੂ ਸਮੁੰਦਰੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸੰਧੂ ਸਮੁੰਦਰੀ ਦਾ ਵਿਸ਼ਾਲ ਤਜਰਬਾ ਅਤੇ ‘ਅਸੀਂ ਕਰ ਸਕਦੇ ਹਾਂ’ ਦੀ ਭਾਵਨਾ ਅੰਮ੍ਰਿਤਸਰ ਦੇ ਵਿਕਾਸ ਪ੍ਰਤੀ ਟੀਚੇ ਨੂੰ ਜ਼ਰੂਰ ਸਾਕਾਰ ਕਰੇਗਾ।
ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਸੰਧੂ ਸਮੁੰਦਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪਸੰਦੀਦਾ ਲੋਕਾਂ ’ਚੋ ਹਨ। ਭਾਜਪਾ ਲੀਡਰਸ਼ਿਪ ਸੰਧੂ ਨੂੰ ਬਹੁਤ ਮਹੱਤਵ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸੰਧੂ ਦੀ ਯੋਗਤਾ ਅਤੇ ਪ੍ਰਤਿਭਾ ਦਾ ਅੰਮ੍ਰਿਤਸਰ ’ਚ ਖੜੇ ਕੀਤੇ ਗਈ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਨਾਲ ਕੋਈ ਮੇਲ ਨਹੀਂ ਹੈ। ਸਾਨੂੰ ਭਰੋਸਾ ਹੈ ਕਿ ਅੰਮ੍ਰਿਤਸਰ ਦੇ ਲੋਕ ਸਾਡੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੀ ਪਹੁੰਚ ਤਜਰਬਾ ਅਤੇ ਲਿਆਕਤ ਦਾ ਲਾਭ ਉਠਾਉਣ ਲਈ ਉਨ੍ਹਾਂ ਨੂੰ ਚੁਣ ਕੇ ਦਿੱਲੀ ਦੀ ਸੰਸਦ ਵਿੱਚ ਭੇਜਣਗੇ। ਸੰਧੂ ਸਮੁੰਦਰੀ ਪੰਜਾਬ ਅਤੇ ਅੰਮ੍ਰਿਤਸਰ ਦਾ ਪੱਖ ਸੰਸਦ ਵਿੱਚ ਵਧੀਆ ਤਰੀਕੇ ਨਾਲ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਮੈਂ ਸੰਧੂ ਦਾ ਸਮਰਥਨ ਕਰਨ ਲਈ ਅੰਮ੍ਰਿਤਸਰ ਆਇਆ ਹਾਂ ਅਤੇ ਮੈਨੂੰ ਇਹ ਵੀ ਉਮੀਦ ਹੈ ਕਿ ਤੁਸੀਂ ਸਾਰੇ ਉਨ੍ਹਾਂ ਦਾ ਪੂਰਾ ਸਾਥ ਦਿਓ।
ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇ ਵਿਕਾਸ, ਉਦਯੋਗ ਅਤੇ ਵਪਾਰਕ ਉੱਨਤੀ ਲਈ ਪ੍ਰਬੰਧ ਕਰਨਗੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਮੋਦੀ ਸਰਕਾਰ ਵੱਲੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਸੁਧਾਰਨ ਅਤੇ ਕਿਸਾਨਾਂ ਅਤੇ ਸਮਾਜ ਦੇ ਸਾਰੇ ਵਰਗਾਂ ਦੀ ਆਮਦਨ ਵਧਾਉਣ ਲਈ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸਿਧਾਂਤ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਦੇ ਮਾਡਲ ਅਨੁਸਾਰ ਸ਼ਹਿਰ ਨੂੰ ਇੰਦੌਰ ਵਾਂਗ ਸਾਫ਼ ਸੁਥਰਾ ਬਣਾਇਆ ਜਾਵੇਗਾ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਅੰਮ੍ਰਿਤਸਰ ਦੇ ਭਵਿਖ ਲਈ ਇਕ ਜੂਨ ਨੂੰ ਕਮਲ ਦੇ ਫੁੱਲ ਨੂੰ ਵੋਟ ਕਰਨ ਦੀ ਅਪੀਲ ਕੀਤੀ । ਇਸ ਮੌਕੇ ਚੋਣ ਪ੍ਰਬੰਧ ਕਮੇਟੀ ਵੱਲੋਂ ਹੁਣ ਤਕ ਦੇ ਚੋਣ ਪ੍ਰਚਾਰ ਸਰਗਰਮੀਆਂ ਦਾ ਲੇਖਾ ਚੋਖਾ ਕੀਤਾ ਗਿਆ ਅਤੇ ਭਵਿਖ ਦੀਆਂ ਯੋਜਨਾ ਬਾਰੇ ਡੂੰਘੀ ਵਿਚਾਰ ਚਰਚਾ ਕੀਤੀ ਗਈ।