ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਬੀਕੇਯੂ ਉਗਰਾਹਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ 18 ਜ਼ਿਲ੍ਹਿਆਂ ‘ਚ ਰੋਸ ਪ੍ਰਦਰਸ਼ਨ 

0
61
57 ਥਾਂਵਾਂ ‘ਤੇ 6000 ਤੋਂ ਵੱਧ ਟਰੈਕਟਰਾਂ ਰਾਹੀਂ 15000 ਤੋਂ ਵਧੇਰੇ ਕਿਸਾਨਾਂ ਵੱਲੋਂ ਕੇਂਦਰੀ ਭਾਜਪਾ ਸਰਕਾਰ ਵਿਰੁੱਧ ਰੋਸ ਮਾਰਚ
ਚੰਡੀਗੜ੍ਹ,
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕੇਂਦਰੀ ਭਾਜਪਾ ਸਰਕਾਰ ਵਿਰੁੱਧ ਤਿੱਖੇ ਰੋਸ ਵਜੋਂ ਦੇਸ਼ ਭਰ ਵਿੱਚ ਕੀਤੇ ਗਏ ਟਰੈਕਟਰ ਮਾਰਚ ਦੇ ਅੰਗ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ 18 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ/ਤਹਿਸੀਲ/ਬਲਾਕ ਕੇਂਦਰਾਂ ਅਤੇ ‘ਤੇ 57 ਸ਼ਹਿਰਾਂ ਵਿੱਚ 6000 ਤੋਂ ਵੱਧ ਟਰੈਕਟਰਾਂ ਦੁਆਰਾ ਰੋਸ ਮਾਰਚ ਕੀਤਾ ਗਿਆ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਟਰੈਕਟਰ ਚਾਲਕਾਂ ਵੱਲੋਂ ਕਿਸਾਨ ਮੰਗਾਂ ਦੇ ਹੱਕ ਵਿੱਚ ਅਤੇ ਮੋਦੀ ਭਾਜਪਾ ਸਰਕਾਰ ਵਿਰੁੱਧ ਜੋਸ਼ ਭਰਪੂਰ ਨਾਹਰੇ ਲਾਏ ਜਾ ਰਹੇ ਸਨ। ਇਨ੍ਹਾਂ ਰੋਸ ਮਾਰਚਾਂ ਵਿੱਚ ਸੈਂਕੜੇ ਔਰਤਾਂ ਸਮੇਤ 15000 ਦੇ ਕਰੀਬ ਕੁੱਲ ਸ਼ਮੂਲੀਅਤ ਸੀ। ਜਿੱਥੋਂ ਵੀ ਮਾਰਚ ਲੰਘਦਾ ਸੀ ਸੜਕਾਂ ‘ਤੇ ਖੜ੍ਹੇ ਦਰਸ਼ਕਾਂ ਵੱਲੋਂ ਵੀ ਭਰਪੂਰ ਹਮਾਇਤੀ ਹੁੰਗਾਰਾ ਮਿਲ ਰਿਹਾ ਸੀ।
ਰੋਸ ਮਾਰਚ ਸ਼ੁਰੂ ਕਰਨ ਮੌਕੇ ਥਾਂ ਥਾਂ ਜੁੜੇ ਕਿਸਾਨਾਂ ਮਜ਼ਦੂਰਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਤਿੰਨ ਸਾਲ ਪਹਿਲਾਂ 730 ਸ਼ਹੀਦੀਆਂ ਵਾਲੇ ਆਪਾਵਾਰੂ ਸੰਘਰਸ਼ ਰਾਹੀਂ ਜਿੱਤੇ ਗਏ ਕਾਲੇ ਕਾਨੂੰਨਾਂ ਵਿਰੋਧੀ ਮੋਰਚੇ ਨੂੰ ਮੁਲਤਵੀ ਕਰਦੇ ਸਮੇਂ ਕੀਤੇ ਗਏ ਲਿਖਤੀ ਵਾਅਦਿਆਂ ਤੋਂ ਮੋਦੀ ਸਰਕਾਰ ਭੱਜ ਰਹੀ ਹੈ ਜੋ ਇਸਦੇ ਕਿਸਾਨ ਵਿਰੋਧੀ ਹੋਣ ਦਾ ਠੋਸ ਸਬੂਤ ਹੈ। ਇਹੀ ਨਹੀਂ ਬਲਕਿ ਮਜ਼ਦੂਰ ਵਿਰੋਧੀ ਕਾਲੇ ਕਾਨੂੰਨ ਪਾਸ ਕਰਕੇ ਅਤੇ ਨਿੱਜੀਕਰਨ ਦੀਆਂ ਸਾਮਰਾਜੀ ਨੀਤੀਆਂ ਨੂੰ ਲਾਗੂ ਕਰਕੇ ਸਾਰੇ ਕਿਰਤੀ ਵਰਗਾਂ ਦਾ ਕਚੂੰਬਰ ਕੱਢਿਆ ਜਾ ਰਿਹਾ ਹੈ ਅਤੇ ਮਹਿੰਗਾਈ ਸਣੇ ਬੇਰੁਜ਼ਗਾਰੀ ਹੱਦਾਂ ਬੰਨੇ ਟੱਪ ਰਹੀ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਵਿਰੁੱਧ ਮੁੜ ਉਲੀਕੇ ਗਏ ਲੰਬੇ ਸੰਘਰਸ਼ ਦੇ ਅਗਲੇ ਪੜਾਅ ‘ਤੇ 16 ਫਰਵਰੀ ਨੂੰ ਸਨਅਤੀ ਮਜ਼ਦੂਰਾਂ ਦੀ ਦੇਸ਼ ਵਿਆਪੀ ਹੜਤਾਲ ਮੌਕੇ ਕਿਸਾਨਾਂ ਵੱਲੋਂ ਗ੍ਰਾਮੀਣ ਬੰਦ ਰਾਹੀਂ ਹਮਾਇਤ ਕੀਤੀ ਜਾ ਰਹੀ ਹੈ। ਉਸਤੋਂ ਅਗਲੇ ਪੜਾਅ ‘ਤੇ ਦਿੱਲੀ ਵਿਖੇ ਵਿਸ਼ਾਲ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸਦੀ ਮਿਤੀ ਦਾ ਐਲਾਨ ਜਲਦੀ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਮੋਰਚੇ ਦੀਆਂ ਮੰਗਾਂ ਵਿੱਚ ਸਾਰੀਆਂ ਫਸਲਾਂ ਦੇ ਲਾਭਕਾਰੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਤੇ ਲਖੀਮਪੁਰ ਖੀਰੀ ਕਤਲੇਆਮ ਦੇ ਸ਼ਿਕਾਰ ਪਰਿਵਾਰਾਂ ਨੂੰ ਪੂਰਾ ਇਨਸਾਫ ਦੇਣ ਸਮੇਤ ਦਿੱਲੀ ਕਿਸਾਨ ਮੋਰਚੇ ਦੀਆਂ ਲਟਕਦੀਆਂ ਮੰਗਾਂ ਜਿਵੇਂ ਕਿਸਾਨਾਂ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਫ਼ਸਲੀ ਤਬਾਹੀ ਦੀ ਪੂਰੀ ਭਰਪਾਈ ਵਾਲ਼ੀ ਫ਼ਸਲ ਬੀਮਾ ਯੋਜਨਾ,60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ ਮਜ਼ਦੂਰਾਂ (ਸਮੇਤ ਔਰਤਾਂ) ਨੂੰ 10000 ਰੁਪਏ ਮਹੀਨਾ ਬੁਢਾਪਾ ਪੈਨਸ਼ਨ, ਕਿਸਾਨਾਂ ਮਜ਼ਦੂਰਾਂ ਵਿਰੁੱਧ ਦਰਜ ਪੁਲਿਸ ਕੇਸਾਂ ਦੀ ਵਾਪਸੀ, ਦਿੱਲੀ ਮੋਰਚੇ ਵਿੱਚ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੇ ਵਾਰਸਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਤੋਂ ਇਲਾਵਾ ਨਿਊਜਕਲਿੱਕ ਵੈਬਸਾਈਟ ਵਿਰੁੱਧ ਦਰਜ ਝੂਠੀ ਐਫ਼ ਆਈ ਆਰ ਰੱਦ ਕਰਨਾ ਸ਼ਾਮਲ ਹਨ।
ਅੱਜ ਧਰਨੇ ਨੂੰ ਥਾਂ ਥਾਂ ਸੰਬੋਧਨ ਕਰਨ ਵਾਲੇ ਹੋਰ ਮੁੱਖ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਹਰਦੀਪ ਸਿੰਘ ਟੱਲੇਵਾਲ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ ਅਤੇ ਜ਼ਿਲ੍ਹਾ/ਬਲਾਕ ਪੱਧਰੇ ਆਗੂ ਸ਼ਾਮਲ ਸਨ। ਕਿਸਾਨ ਆਗੂਆਂ ਵੱਲੋਂ ਪੰਜਾਬ ਦੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਇਸ ਮੋਰਚੇ ਦੇ ਅਗਲੇ ਪੜਾਵਾਂ ਵਿੱਚ ਵੀ ਦਿੱਲੀ ਮੋਰਚੇ ਵਾਂਗ ਹੀ ਲਾਮਬੰਦੀਆਂ ਵਧਾਉਣ ਲਈ ਪੂਰਾ ਤਾਣ ਜੁਟਾਉਣ ਦਾ ਸੱਦਾ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here