ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ, ਵਿਧਾਨ ਸਭਾ ਦੇ ਸਪੀਕਰ, ਡਿਪਟੀ ਸਪੀਕਰ ਅਤੇ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਧਰਨਿਆਂ ਦਾ ਐਲਾਨ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਲਈ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਨੂੰ ਦਿੱਤੇ ਜਾਣਗੇ ਮੰਗ ਪੱਤਰ ਸੰਯੁਕਤ ਕਿਸਾਨ ਮੋਰਚੇ ਦੀ ਲੁਧਿਆਣਾ ਵਿਖੇ ਹੋਈ ਮ…
ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ, ਵਿਧਾਨ ਸਭਾ ਦੇ ਸਪੀਕਰ, ਡਿਪਟੀ ਸਪੀਕਰ ਅਤੇ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਧਰਨਿਆਂ ਦਾ ਐਲਾਨ
ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਲਈ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਨੂੰ ਦਿੱਤੇ ਜਾਣਗੇ ਮੰਗ ਪੱਤਰ
ਸੰਯੁਕਤ ਕਿਸਾਨ ਮੋਰਚੇ ਦੀ ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ਕੀਤੇ ਫੈਸਲੇ
ਸੰਘਰਸ਼ ਦੀ ਸ਼ੁਰੂਆਤ ਵਜੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿਧਾਨ ਸਭਾ ਦੇ ਸਪੀਕਰ, ਡਿਪਟੀ ਸਪੀਕਰ ਅਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ 12 ਵਜੇ ਤੋਂ 3 ਵਜੇ ਤੱਕ ਧਰਨੇ ਦੇ ਕੇ ਮੰਗ ਪੱਤਰ ਦਿੱਤੇ ਜਾਣਗੇ
ਦਲਜੀਤ ਕੌਰ
ਲੁਧਿਆਣਾ, 13 ਅਗਸਤ, 2024: ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਜ਼ਰੂਰੀ ਮੀਟਿੰਗ ਲੁਧਿਆਣਾ ਦੇ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਹਰਮੀਤ ਸਿੰਘ ਕਾਦੀਆਂ ਸੁਖਦੇਵ ਸਿੰਘ ਅਰਾਈਆਂਵਾਲਾ ਹਰਜਿੰਦਰ ਸਿੰਘ ਟਾਂਡਾ ਨੇ ਕੀਤੀ। ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ 8 ਜੁਲਾਈ 2024 ਨੂੰ ਹੋਈ ਮੀਟਿੰਗ ਵਿੱਚ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦਾ ਮੰਗ ਪੱਤਰ ਤਿਆਰ ਕਰਨ ਲਈ ਨੌ ਮੈਂਬਰੀ ਕਮੇਟੀ ਬਣਾਈ ਗਈ ਸੀ। ਅੱਜ ਦੀ ਮੀਟਿੰਗ ਵਿੱਚ ਉਸ ਕਮੇਟੀ ਵੱਲੋਂ ਮੰਗ ਪੱਤਰ ਤਿਆਰ ਕਰਕੇ ਜਨਰਲ ਹਾਊਸ ਅੱਗੇ ਪੇਸ਼ ਕੀਤਾ ਗਿਆ। ਮੀਟਿੰਗ ਵਿੱਚ ਮੰਗ ਪੱਤਰ ਤੇ ਵਿਸਥਾਰ ਵਿੱਚ ਚਰਚਾ ਹੋਈ।
ਇਸ ਮੀਟਿੰਗ ਵਿੱਚ ਜਥੇਬੰਦੀਆਂ ਨੇ ਪੰਜਾਬ ਅਤੇ ਪਾਣੀ ਦੇ ਵਾਤਾਵਰਨ ਸੰਕਟ ਸਬੰਧੀ ਵਿਚਾਰ ਕਰਦਿਆਂ ਹਰ ਖੇਤ ਨੂੰ ਨਹਿਰੀ ਪਾਣੀ ਅਤੇ ਹਰ ਘਰ ਨੂੰ ਪੀਣ ਵਾਸਤੇ ਸਾਫ ਪਾਣੀ ਸਪਲਾਈ ਕਰਨਾ, ਮੀਹਾਂ ਦੇ ਪਾਣੀ ਨੂੰ ਠੀਕ ਢੰਗ ਨਾਲ ਰੀਚਾਰਜ ਕਰਨਾ, ਪੰਜਾਬ ਦੇ ਪਾਣੀਆਂ ਦੇ ਮਾਲਕੀ ਹੱਕ ਬਹਾਲ ਕਰਨੇ, ਮੋਘਿਆਂ ਦੇ ਡਿਜ਼ਾਈਨ ਠੀਕ ਕਰਨੇ, ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨਾ, ਦਰਿਆਵਾਂ ਅਤੇ ਨਹਿਰਾਂ ਵਿੱਚ ਦੂਸ਼ਤ ਪਾਣੀ ਪੈਣਾ ਬੰਦ ਕਰਨਾ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨਾ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਮਾਲੀ ਸਹਾਇਤਾ ਅਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣੀ, ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾਂ ਨੂੰ ਲਾਗੂ ਕਰਨਾ, ਸਾਰੀਆਂ ਫਸਲਾਂ ਦੀ ਐਮਐਸਪੀ ਤੇ ਖਰੀਦ, ਭਾਰਤ ਮਾਲਾ ਪ੍ਰੋਜੈਕਟ ਅਧੀਨ ਬਣਾਈਆਂ ਜਾ ਰਹੀਆਂ ਸੜਕਾਂ ਦੀ ਉਸਾਰੀ ਸਮੇਂ ਪਾਣੀ ਦੇ ਲਾਂਘਿਆਂ ਕੋਲੋਂ ਸੜਕਾਂ ਦੀ ਉਸਾਰੀ ਪਿਲਰਾਂ ਤੇ ਕਰਨੀ, ਭਾਰਤ ਪਾਕਿਸਤਾਨ ਵਪਾਰ ਵਾਸਤੇ ਅਟਾਰੀ ਵਾਘਾ ਅਤੇ ਹੁਸੈਨੀਵਾਲਾ ਸੁਲੇਮਾਨ ਬਾਰਡਰ ਖੋਲ੍ਹਣਾ, ਕਿਸਾਨ ਪੱਖੀ ਫਸਲ ਬੀਮਾ ਯੋਜਨਾ ਬਣਾਉਣੀ, ਬਿਜਲੀ ਵੰਡ ਦਾ ਨਿੱਜੀਕਰਨ ਅਤੇ ਸਮਾਰਟ ਮੀਟਰ ਲਾਉਣੇ ਬੰਦ ਕਰਨੇ, ਅਵਾਰਾ ਪਸ਼ੂਆਂ ਤੋਂ ਫਸਲਾਂ ਦੇ ਬਚਾਓ ਲਈ ਪ੍ਰਬੰਧ ਕਰਨੇ, ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦੀ ਯਾਦਗਾਰ ਬਣਾਉਣੀ, ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦੇਣੀਆਂ, ਆਬਾਦਕਾਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣੇ, ਅੰਦੋਲਨ ਦੌਰਾਨ ਕਿਸਾਨਾਂ ਤੇ ਬਣੇ ਕੇਸ ਰੱਦ ਕਰਨੇ, ਨਕਲੀ ਖਾਦਾਂ, ਕੀੜੇ ਮਾਰ ਦਵਾਈਆਂ ਅਤੇ ਬੀਜਾਂ ਦੀ ਰੋਕਥਾਮ ਕਰਨੀ, ਨਕਲੀ ਖਾਦ, ਬੀਜਾਂ ਅਤੇ ਹੜਾਂ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਸਬੰਧੀ ਮੰਗਾਂ ਉਠਾਈਆਂ। ਤੁਰੰਤ ਮੰਗਾਂ ਦੇ ਵਿੱਚ ਡੀਏਪੀ ਖਾਦ ਦਾ ਪ੍ਰਬੰਧ ਕਰਨ, ਪੰਜਾਬ ਦੇ ਸਿੱਖਿਆ ਖੇਤਰ ਦਾ ਨਿਜੀਕਰਨ ਬੰਦ ਕਰਕੇ ਅੱਠ ਕਾਲਜਾਂ ਦਾ ਨਿੱਜੀਕਰਨ ਰੋਕਣ, ਪੰਜਾਬ ਦੇ ਕੋਆਪਰੇਟਿਵ ਅਦਾਰਿਆਂ ਨੂੰ ਫੇਲ੍ਹ ਕਰਨ ਦੀਆਂ ਸਾਜਿਸ਼ਾਂ ਬੰਦ ਕਰਨ ਦੀ ਮੰਗ ਕੀਤੀ ਗਈ।
ਇਹਨਾਂ ਮੰਗਾਂ ਤੇ ਸੰਘਰਸ਼ ਦੀ ਸ਼ੁਰੂਆਤ ਵਜੋਂ 17 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿਧਾਨ ਸਭਾ ਦੇ ਸਪੀਕਰ, ਡਿਪਟੀ ਸਪੀਕਰ ਅਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ 12 ਵਜੇ ਤੋਂ 3 ਵਜੇ ਤੱਕ ਧਰਨੇ ਦੇ ਕੇ ਮੰਗ ਪੱਤਰ ਦਿੱਤੇ ਜਾਣਗੇ। ਉਸ ਤੋਂ ਬਾਅਦ ਇਹਨਾਂ ਮੰਗਾਂ ਲਈ ਅਗਲਾ ਸੰਘਰਸ਼ ਪ੍ਰੋਗਰਾਮ ਜਾਰੀ ਕੀਤਾ ਜਾਵੇਗਾ। ਮੀਟਿੰਗ ਵਿੱਚ ਵੱਖ ਵੱਖ ਜ਼ਿਲਿਆਂ ਵਿੱਚ ਮੰਗ ਪੱਤਰ ਦੇਣ ਲਈ ਵਿਉਂਤਬੰਦੀ ਕੀਤੀ ਗਈ। 14 ਅਗਸਤ ਨੂੰ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਵਿੱਚ ਸ਼ਾਮਿਲ ਜਥੇਬੰਦੀਆਂ ਦੀਆਂ ਜ਼ਿਲਾ ਪੱਧਰੀ ਮੀਟਿੰਗਾਂ ਕਰਕੇ ਜ਼ਿਲ੍ਹਾ ਪੱਧਰ ਤੇ ਠੋਸ ਪ੍ਰੋਗਰਾਮ ਬਣਾਏ ਜਾਣਗੇ।
ਮੀਟਿੰਗ ਨੇ ਸਰਬ ਸੰਮਤੀ ਨਾਲ ਮਹਿਸੂਸ ਕੀਤਾ ਕਿ ਮੋਦੀ ਸਰਕਾਰ ਵੱਲੋਂ ਦੇਸ ਅੰਦਰ ਅਣ ਐਲਾਨੀ ਐਮਰਜੈਂਸੀ ਲਾ ਕੇ ਹਰ ਤਰ੍ਹਾਂ ਦੀ ਵਿਰੋਧੀ ਆਵਾਜ਼ ਨੂੰ ਦਬਾਉਣ, ਤਿੰਨ ਨਵੇਂ ਫੌਜਦਾਰੀ ਕਾਨੂੰਨ ਲਾਗੂ ਕਰਨ, ਦੇਸ਼ ਵਿੱਚ ਫਿਰਕਾਪ੍ਰਸਤੀ ਫੈਲਾ ਕੇ ਲੋਕਾਂ ਦੀ ਏਕਤਾ ਨੂੰ ਤੌੜਨ ਦੀਆਂ ਕੋਸ਼ਿਸ਼ਾਂ ਦੀ ਸਖਤ ਨਿੰਦਾ ਕੀਤੀ। ਪਹਿਲਵਾਨ ਵਿਨੇਸ਼ ਫੋਗਟ ਦੇ ਉਲੰਪਿਕ ਤੱਕ ਦੇ ਸਫ਼ਰ ਵਿੱਚ ਪੈਰ ਪੈਰ ਤੇ ਰੁਕਾਵਟਾਂ ਖੜ੍ਹੀਆਂ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਨਾਲ ਭਾਜਪਾ ਦੇ ਫੋਕੇ ਰਾਸ਼ਟਰਵਾਦ ਦਾ ਪਰਦਾਫਾਸ਼ ਹੋ ਗਿਆ ਹੈ।
ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਸਰਵ ਸ਼੍ਰੀ ਬਲਵੀਰ ਸਿੰਘ ਰਾਜੇਵਾਲ, ਡਾਕਟਰ ਦਰਸ਼ਨ ਪਾਲ, ਬੂਟਾ ਸਿੰਘ ਬੁਰਜ ਗਿੱਲ, ਅੰਗਰੇਜ਼ ਸਿੰਘ ਭਦੌੜ, ਅਵਤਾਰ ਸਿੰਘ ਮੇਹਲੋਂ, ਰੁਲਦੂ ਸਿੰਘ ਮਾਨਸਾ, ਹਰਦੇਵ ਸਿੰਘ ਸੰਧੂ, ਬਲਦੇਵ ਸਿੰਘ ਨਿਹਾਲਗੜ੍ਹ, ਜੰਗਵੀਰ ਸਿੰਘ ਚੌਹਾਨ, ਮੇਜਰ ਸਿੰਘ ਪੁੰਨਾਂਵਾਲ, ਕੁਲਦੀਪ ਸਿੰਘ ਗਰੇਵਾਲ, ਬਿੰਦਰ ਸਿੰਘ ਗੋਲੇਵਾਲਾ, ਬੋਘ ਸਿੰਘ ਮਾਨਸਾ, ਬੂਟਾ ਸਿੰਘ ਸ਼ਾਦੀਪੁਰ, ਮਲੂਕ ਸਿੰਘ ਹੀਰ ਕੇ, ਵੀਰ ਸਿੰਘ ਬੜਵਾ, ਹਰਬੰਸ ਸਿੰਘ ਸੰਘਾ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਫੁਰਮਾਨ ਸਿੰਘ ਸੰਧੂ, ਕੁਲਦੀਪ ਸਿੰਘ ਵਜੀਦਪੁਰ, ਬਲਵਿੰਦਰ ਸਿੰਘ ਰਾਜੂ ਔਲਖ, ਰਮਿੰਦਰ ਸਿੰਘ ਪਟਿਆਲਾ, ਡਾਕਟਰ ਸਤਨਾਮ ਸਿੰਘ ਅਜਨਾਲਾ ਅਤੇ ਨਛੱਤਰ ਸਿੰਘ ਜੈਤੋ ਅਤੇ ਸੁਖ ਗਿੱਲ ਮੋਗਾ ਹਾਜ਼ਰ ਸਨ। ਪ੍ਰਧਾਨਗੀ ਮੰਡਲ ਵਿੱਚ ਹਰਮੀਤ ਸਿੰਘ ਕਾਦੀਆਂ, ਸੁਖਦੇਵ ਸਿੰਘ ਅਰਾਈਆਂ ਵਾਲਾ ਅਤੇ ਹਰਜਿੰਦਰ ਸਿੰਘ ਟਾਂਡਾ ਸ਼ਾਮਲ ਸਨ।