ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ‘ਚ ਪੁੱਛਿਆ-ਅੰਮ੍ਰਿਤਸਰ ਤੋਂ ਨਾਂਦੇੜ, ਪਟਨਾ, ਗੁਹਾਟੀ ਅਤੇ ਧਰਮਸ਼ਾਲਾ ਲਈ ਉਡਾਣਾਂ ਕਿਉਂ ਨਹੀਂ ਹਨ? ਪੰਜਾਬ ਦੀ ਹਵਾਈ ਕਨੈਕਟੀਵੀਟੀ ‘ਤੇ ਜਤਾਈ ਚਿੰਤਾ

0
22

ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ ‘ਚ ਪੁੱਛਿਆ-ਅੰਮ੍ਰਿਤਸਰ ਤੋਂ ਨਾਂਦੇੜ, ਪਟਨਾ, ਗੁਹਾਟੀ ਅਤੇ ਧਰਮਸ਼ਾਲਾ ਲਈ ਉਡਾਣਾਂ ਕਿਉਂ ਨਹੀਂ ਹਨ? ਪੰਜਾਬ ਦੀ ਹਵਾਈ ਕਨੈਕਟੀਵੀਟੀ ‘ਤੇ ਜਤਾਈ ਚਿੰਤਾ

ਨਵੀਂ ਦਿੱਲੀ, 28 ਨਵੰਬਰ 2024

ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਰਾਜ ਸਭਾ ਸੈਸ਼ਨ ਵਿੱਚ ਪੰਜਾਬ ਵਿੱਚ ਹਵਾਈ ਸੰਪਰਕ ਦੀ ਸਥਿਤੀ ਬਾਰੇ ਸਵਾਲ ਉਠਾਏ ਹਨ। ਉਨ੍ਹਾਂ ਪੰਜਾਬ ਤੋਂ ਦੇਸ਼ ਦੇ ਵੱਖ-ਵੱਖ ਰਾਜਾਂ ਲਈ ਸਿੱਧੀਆਂ ਉਡਾਣਾਂ ਦੀ ਘਾਟ ‘ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਸੂਬੇ ਨਾਲ ਵਿਤਕਰਾ ਕਰਾਰ ਦਿੱਤਾ। ਸੰਸਦ ਮੈਂਬਰ ਰਾਘਵ ਚੱਢਾ ਨੇ ਇਸ ਸੰਦਰਭ ਵਿੱਚ ਚਾਰ ਅਹਿਮ ਸਵਾਲ ਉਠਾਏ। ਉਨ੍ਹਾਂ ਨੇ ਅੰਮ੍ਰਿਤਸਰ ਤੋਂ ਪ੍ਰਮੁੱਖ ਘਰੇਲੂ ਸਫ਼ਰ ਲਈ ਮੌਜੂਦਾ ਉਡਾਣਾਂ ਦੇ ਅੰਕੜੇ, ਨਵੀਆਂ ਉਡਾਣਾਂ ਦੀ ਚੋਣ ਲਈ ਮਾਪਦੰਡ, ਨਾਂਦੇੜ, ਪਟਨਾ, ਗੁਹਾਟੀ ਅਤੇ ਧਰਮਸ਼ਾਲਾ ਲਈ ਸਿੱਧੀਆਂ ਉਡਾਣਾਂ ਦੀ ਉਪਲਬਧਤਾ ਨਾ ਹੋਣ ਦੇ ਕਾਰਨਾਂ ਅਤੇ ਦੁਆਬਾ ਖੇਤਰ ਦੇ ਆਦਮਪੁਰ ਹਵਾਈ ਅੱਡੇ ਦੀ ਸਥਿਤੀ, ਯੂਨਾਈਟਿਡ ਕਿੰਗਡਮ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨਾਲ ਅੰਤਰਰਾਸ਼ਟਰੀ ਸੰਪਰਕ ਦੇ ਸਬੰਧ ਵਿੱਚ ਸਿਵਲ ਏਵੀਏਸ਼ਨ ਮੰਤਰਾਲੇ ਨੂੰ ਸਵਾਲ ਪੁੱਛੇ।

ਸੰਸਦ ਮੈਂਬਰ ਰਾਘਵ ਚੱਢਾ ਨੇ ਵਿਸ਼ੇਸ਼ ਤੌਰ ‘ਤੇ ਅੰਮ੍ਰਿਤਸਰ ਤੋਂ ਨਾਂਦੇੜ, ਪਟਨਾ, ਗੁਹਾਟੀ ਅਤੇ ਧਰਮਸ਼ਾਲਾ ਲਈ ਸਿੱਧੀਆਂ ਉਡਾਣਾਂ ਦੀ ਅਣਹੋਂਦ ‘ਤੇ ਸਵਾਲ ਉਠਾਏ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਵਿੱਚ ਹੋ ਰਹੀ ਦੇਰੀ ਅਤੇ ਯੂਨਾਈਟਿਡ ਕਿੰਗਡਮ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨਾਲ ਅੰਤਰਰਾਸ਼ਟਰੀ ਉਡਾਣਾਂ ਦੇ ਸੰਪਰਕ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ, “ਅੰਮ੍ਰਿਤਸਰ ਇੱਕ ਇਤਿਹਾਸਕ ਅਤੇ ਸੱਭਿਆਚਾਰਕ ਸ਼ਹਿਰ ਹੈ, ਜੋ ਕਿ ਸਿੱਖ ਧਰਮ ਦਾ ਕੇਂਦਰ ਹੀ ਨਹੀਂ ਸਗੋਂ ਇੱਕ ਪ੍ਰਮੁੱਖ ਸੈਰ ਸਪਾਟਾ ਸਥਾਨ ਵੀ ਹੈ। ਇੱਥੋਂ ਘਰੇਲੂ ਅਤੇ ਅੰਤਰਰਾਸ਼ਟਰੀ ਸੰਪਰਕ ਵਧਾਉਣ ਦੀ ਬਹੁਤ ਲੋੜ ਹੈ। ਸਰਕਾਰ ਨੂੰ ਏਅਰਲਾਈਨਜ਼ ਦੇ ਨਾਲ ਮਿਲ ਕੇ ਇਸ ਦਿਸ਼ਾ ਵਿੱਚ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਸਿਵਲ ਏਵੀਏਸ਼ਨ ਮੰਤਰਾਲੇ ਨੇ ਜਵਾਬ ਦਿੱਤਾ

ਨਾਂਦੇੜ, ਪਟਨਾ, ਗੁਹਾਟੀ ਅਤੇ ਧਰਮਸ਼ਾਲਾ ਵਰਗੇ ਹਵਾਈ ਮਾਰਗਾਂ ‘ਤੇ ਉਡਾਣਾਂ ਸ਼ੁਰੂ ਕਰਨ ਬਾਰੇ ਕੇਂਦਰੀ ਸਿਵਲ ਏਵੀਏਸ਼ਨ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਇੱਕ ਲਿਖਤੀ ਜਵਾਬ ਵਿੱਚ ਕਿਹਾ ਕਿ ਭਾਰਤੀ ਡੋਮੈਸਟਿਕ ਏਵੀਏਸ਼ਨ ਖੇਤਰ ਨੂੰ 1994 ਵਿੱਚ ਕੰਟਰੋਲ ਮੁਕਤ ਕਰ ਦਿੱਤਾ ਗਿਆ ਸੀ। ਉਦੋਂ ਤੋਂ, ਏਅਰਲਾਈਨਾਂ ਨੂੰ ਆਪਣੇ ਬਾਜ਼ਾਰਾਂ ਅਤੇ ਨੈੱਟਵਰਕਾਂ ਦੀ ਚੋਣ ਕਰਨ ਦੀ ਆਜ਼ਾਦੀ ਦਿੱਤੀ ਗਈ ਹੈ। ਏਅਰਲਾਈਨਾਂ ਆਪਣੀ ਵਪਾਰਕ ਵਿਹਾਰਕਤਾ ਅਤੇ ਨਿਯਮਾਂ ਜਿਵੇਂ ਕਿ ਰੂਟ ਡਿਸਪਰਸਲ ਗਾਈਡਲਾਈਨਜ਼ (RDGs) ਅਤੇ ਸਰਕਾਰ ਦੁਆਰਾ ਨਿਰਧਾਰਿਤ ਸਲਾਟ ਅਲਾਟਮੈਂਟ ਦੇ ਆਧਾਰ ‘ਤੇ ਉਡਾਣਾਂ ਚਲਾਉਂਦੀਆਂ ਹਨ।

ਮੰਤਰੀ ਨੇ ਇਹ ਵੀ ਦੱਸਿਆ ਕਿ ਦੋਆਬਾ ਖੇਤਰ ਦੇ ਆਦਮਪੁਰ ਹਵਾਈ ਅੱਡੇ ਨੂੰ ਕੇਂਦਰ ਸਰਕਾਰ ਦੀ ਉਡਾਣ ਸਕੀਮ ਤਹਿਤ ਵਿਕਸਤ ਕੀਤਾ ਗਿਆ ਹੈ। ਇਸ ਦੇ ਨਿਰਮਾਣ ‘ਤੇ 124.91 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਤਹਿਤ ਆਦਮਪੁਰ ਤੋਂ ਦਿੱਲੀ, ਜੈਪੁਰ, ਮੁੰਬਈ ਅਤੇ ਹਿੰਡਨ ਲਈ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ। ਹਾਲ ਹੀ ਵਿੱਚ, UDAN 5.0 ਦੇ ਤਹਿਤ ਹਿੰਡਨ ਤੋਂ ਆਦਮਪੁਰ ਤੱਕ ਕਨੈਕਟੀਵਿਟੀ ਸ਼ੁਰੂ ਕੀਤੀ ਗਈ ਹੈ।

ਅੰਤਰਰਾਸ਼ਟਰੀ ਉਡਾਣਾਂ ‘ਤੇ ਸਰਕਾਰ ਦਾ ਰੁਖ

ਅੰਤਰਰਾਸ਼ਟਰੀ ਉਡਾਣਾਂ ਬਾਰੇ, ਮੋਹੋਲ ਨੇ ਸਪੱਸ਼ਟ ਕੀਤਾ ਕਿ ਉਹ ਭਾਰਤ ਅਤੇ ਹੋਰ ਦੇਸ਼ਾਂ ਵਿਚਕਾਰ ਦੁਵੱਲੇ ਹਵਾਈ ਸੇਵਾਵਾਂ ਸਮਝੌਤੇ (ਏਐਸਏ) ਦੇ ਤਹਿਤ ਚਲਾਈਆਂ ਜਾਂਦੀਆਂ ਹਨ। ਭਾਰਤੀ ਏਅਰਲਾਈਨਾਂ ਅੰਮ੍ਰਿਤਸਰ ਸਮੇਤ ਹੋਰ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੋਂ ਉਡਾਣ ਭਰ ਸਕਦੀਆਂ ਹਨ, ਪਰੰਤੂ ਇਸ ਦੇ ਲਈ ਵਪਾਰਕ ਸੰਭਾਵਨਾਵਾਂ ਅਤੇ ਆਪਸੀ ਸਹਿਮਤੀ ਨਾਲ ਸਮਰੱਥਾ ਸੀਮਾਵਾਂ ਦੀ ਪਾਲਨਾ ਕਰਨਾ ਜ਼ਰੂਰੀ ਹੈ। ਮੰਤਰਾਲੇ ਨੇ ਕਿਹਾ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਸੰਪਰਕ ਨੂੰ ਬਿਹਤਰ ਬਣਾਉਣ ਲਈ ਵੱਖ-ਵੱਖ ਯੋਜਨਾਵਾਂ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਵਿੱਚ ਨਵੇਂ ਰੂਟਾਂ ਦੀਆਂ ਸੰਭਾਵਨਾਵਾਂ ਦਾ ਵੀ ਅਧਿਐਨ ਕੀਤਾ ਜਾ ਰਿਹਾ ਹੈ ਅਤੇ ਏਅਰਲਾਈਨਾਂ ਨੂੰ ਹੋਰ ਉਡਾਣਾਂ ਚਲਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਨੈਕਟੀਵਿਟੀ ਡੇਟਾ

ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਘਰੇਲੂ ਸੰਪਰਕ ਦੇ ਅੰਕੜੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇੱਥੇ ਹਰ ਹਫ਼ਤੇ 454 ਫਲਾਈਟਾਂ ਆਉਂਦੀਆਂ-ਜਾਂਦੀਆਂ ਹਨ। ਇਹ ਉਡਾਣਾਂ ਦਿੱਲੀ, ਮੁੰਬਈ, ਬੈਂਗਲੁਰੂ, ਕੋਲਕਾਤਾ, ਜੈਪੁਰ, ਪੁਣੇ ਅਤੇ ਹੋਰ ਵੱਡੇ ਸ਼ਹਿਰਾਂ ਨੂੰ ਜੋੜਦੀਆਂ ਹਨ। ਇਸ ਵਿੱਚ ਇੰਡੀਗੋ, ਅਲਾਇੰਸ ਏਅਰ, ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈੱਸ, ਅਕਾਸਾ, ਸਪਾਈਸ ਜੈੱਟ ਅਤੇ ਵਿਸਤਾਰਾ ਵਰਗੀਆਂ ਪ੍ਰਮੁੱਖ ਏਅਰਲਾਈਨਾਂ ਸ਼ਾਮਲ ਹਨ।

ਪੰਜਾਬ ਦੀ ਕਨੈਕਟੀਵਿਟੀ ‘ਤੇ ਸਵਾਲ ਉਠਾਉਣਾ ਜ਼ਰੂਰੀ

ਯੂਥ ਸੰਸਦ ਮੈਂਬਰ ਰਾਘਵ ਚੱਢਾ ਨੇ ਇਸ ਵਿਸ਼ੇ ‘ਤੇ ਚਰਚਾ ਦੀ ਲੋੜ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਦੇ ਸੈਰ-ਸਪਾਟੇ ਅਤੇ ਯਾਤਰੀਆਂ ਨੂੰ ਉਤਸ਼ਾਹਿਤ ਕਰਨ ਲਈ ਹਵਾਈ ਸੰਪਰਕ ਨੂੰ ਬਿਹਤਰ ਬਣਾਇਆ ਜਾਣਾ ਚਾਹੀਦਾ ਹੈ। ਚੱਢਾ ਨੇ 2022 ਵਿੱਚ ਰਾਜ ਸਭਾ ਮੈਂਬਰ ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਸਨ ਅਤੇ ਉਦੋਂ ਤੋਂ ਉਹ ਲਗਾਤਾਰ ਪੰਜਾਬ ਦੀਆਂ ਸਮੱਸਿਆਵਾਂ ਨੂੰ ਸੰਸਦ ਵਿੱਚ ਉਠਾਉਂਦੇ ਆ ਰਹੇ ਹਨ।

LEAVE A REPLY

Please enter your comment!
Please enter your name here