ਸ: ਇਕਬਾਲ ਸਿੰਘ ਲਾਲਪੁਰਾ ਦੇ ਯਤਨਾਂ ਸਦਕਾ ਗੁਰਦੁਆਰਾ ਡਾਂਗ ਮਾਰ ਦਾ ਮਾਮਲਾ ਸੁਲਝਿਆ।

0
178

ਸਿੱਕਮ ਦੇ ਗੁਰੂ ਡਾਂਗਮਾਰ ਸਾਹਿਬ ’ਚ ਮਰਯਾਦਾ ਮੁੜ ਬਹਾਲ ਹੋਵੇਗੀ : ਪ੍ਰੋ: ਸਰਚਾਂਦ ਸਿੰਘ।
ਸਿੱਕਮ ਹਾਈ ਕੋਰਟ ਦੇ ਫ਼ੈਸਲੇ ਨਾਲ ਇਨਸਾਫ਼ ਮਿਲਣ ਤੋਂ ਬਾਅਦ ਸਿੱਖ ਭਾਈਚਾਰੇ ’ਚ ਖੁਸ਼ੀ ਦੀ ਲਹਿਰ।
ਗੁਰੂ ਪ੍ਰਮਾਤਮਾ ਦਾ ਸ਼ੁਕਰਾਨਾ ਅਤੇ ਸ: ਲਾਲਪੁਰਾ ਅਤੇ ਸਿੱਕਮ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਸਿੰਘ ਤਮਾਂਗ ਦਾ ਵੀ ਕੀਤਾ ਧੰਨਵਾਦ।

ਅੰਮ੍ਰਿਤਸਰ 29 ਅਪ੍ਰੈਲ
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਦੀ ਅਹਿਮ ਭੂਮਿਕਾ ਸਦਕਾ ਸਿੱਕਮ ਵਿਚ ਸਥਿਤ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦਾ ਮਾਮਲਾ ਹੱਲ ਹੋ ਗਿਆ ਹੈ। ਕੌਮੀ ਘਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਨੇ ਦੱਸਿਆ ਕਿ ਸਿੱਕਮ ਦੀ ਮਾਨਯੋਗ ਹਾਈ ਕੋਰਟ ਨੇ (27.04.2023 ਨੂੰ) ਰਾਜ ਦੇ ਐਡੀਸ਼ਨਲ ਐਡਵੋਕੇਟ ਜਨਰਲ ਦੀ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖ ਭਾਈਚਾਰੇ ਦੇ ਹੱਕ ਇੱਕ ਆਦੇਸ਼ ਪਾਸ ਕੀਤਾ ਹੈ । ਜਿਸ ਨਾਲ ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਗੁਰੂ ਡਾਂਗਮਾਰ ਵਿਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਮੁੜ ਕੀਤਾ ਜਾ ਸਕੇਗਾ। ਬਾਕੀ ਰੂਪ-ਰੇਖਾਵਾਂ ਨੂੰ ਪਟੀਸ਼ਨਕਰਤਾਵਾਂ ਅਤੇ ਉੱਤਰਦਾਤਾਵਾਂ ਵੱਲੋਂ ਆਪਸੀ ਤਾਲਮੇਲ ਨਾਲ ਪੂਰਾ ਕੀਤਾ ਜਾਵੇਗਾ।
ਪ੍ਰੋ: ਸਰਚਾਂਦ ਸਿੰਘ ਨੇ ਦੱਸਿਆ ਕਿ 14 ਅਗਸਤ 2017 ਨੂੰ ਗੁਰਦੁਆਰਾ ਗੁਰੂ ਡਾਂਗਮਾਰ ਤੋਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜ਼ਬਰਦਸਤੀ ਰੋਕ ਦਿੱਤੇ ਜਾਣ ਨਾਲ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਇਸ ਸੰਵੇਦਨਸ਼ੀਲ ਮੁੱਦੇ ਦੇ ਹੱਲ ਲਈ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਨੇ ਗਹਿਰੀ ਦਿਲਚਸਪੀ ਦਿਖਾਈ ਅਤੇ ਲਗਾਤਾਰ ਪੈਰਵੀ ਕੀਤੀ। ਦਸੰਬਰ, 2017 ਵਿੱਚ, ਕੌਮੀ ਘੱਟ ਗਿਣਤੀ ਕਮਿਸ਼ਨ ਨੇ ਸਿੱਕਮ ਵਿੱਚ ਗੁਰੂ ਡਾਂਗ ਮਾਰ ਵਿਖੇ ਸਥਿਤ ਗੁਰਦੁਆਰਾ ਡਾਂਗ ਮਾਰ ਸਾਹਿਬ ਬਾਰੇ ਮੀਡੀਆ ਰਿਪੋਰਟਾਂ ਦਾ ਨੋਟਿਸ ਲਿਆ । ਜਿੱਥੇ ਗੁਰਦੁਆਰੇ ਤੋਂ ਧਾਰਮਿਕ ਸ਼ਰਧਾ ਨਾਲ ਸੰਬੰਧਿਤ ਦੇ ਕੁਝ ਸਮਾਨ ਨੂੰ ਹਟਾ ਕੇ ਸੜਕ ‘ਤੇ ਰੱਖ ਦਿੱਤਾ ਗਿਆ ਸੀ। ਇਸ ਘਟਨਾ ਨੇ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਸਿੱਖ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਬਹਾਲੀ ਲਗਾਤਾਰ ਯਤਨਸ਼ੀਲ ਰਿਹਾ। ਰਾਜ ਸਰਕਾਰ ਨੇ ਰਿਪੋਰਟ ਦੇ ਜਵਾਬ ’ਚ ਦੱਸਿਆ ਕਿ ਇਹ ਮਾਮਲਾ ਸਿੱਕਮ ਹਾਈ ਕੋਰਟ ਵਿੱਚ WP(C) 49/2017 ਦੇ ਅਧੀਨ ਹੈ। ਇਸ ਪਟੀਸ਼ਨ ਵਿੱਚ ਗੁਰੂ ਸਿੰਘ ਸਭਾ ਦੀ ਪਟੀਸ਼ਨ ਗੁਰਦੁਆਰਾ ਗੁਰੂ ਡਾਂਗ ਮਾਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਦੀ ਬਹਾਲੀ, ਨਿਸ਼ਾਨ ਸਾਹਿਬ ਦੀ ਬਹਾਲੀ, ਗੁਰਦੁਆਰਾ ਕੰਪਲੈਕਸ ਵਿੱਚ ਸਾਰੇ ਅੰਦਰੂਨੀ ਫ਼ਰਨੀਚਰ ਅਤੇ ਹੋਰ ਪਵਿੱਤਰ ਵਸਤੂਆਂ ਨੂੰ 16.08.2017 ਤੋਂ ਪਹਿਲਾਂ ਵਾਲੀ ਸਥਿਤੀ ’ਚ ਵਾਪਸ ਲਿਆਉਣ ਨਾਲ ਸੀ ਅਤੇ ਰਾਜ ਸਰਕਾਰ ਅਤੇ ਸਥਾਨਕ ਅਥਾਰਟੀਆਂ ਨੂੰ ਗੁਰਦੁਆਰੇ ਦੇ ਢਾਂਚੇ ਨੂੰ ਤੋੜਨ ਲਈ ਕੋਈ ਵੀ ਕਾਰਵਾਈ ਕਰਨ ਜਾਂ ਕਰਨ ਤੋਂ ਗੁਰੇਜ਼ ਕਰਨ ਲਈ ਨਿਰਦੇਸ਼ ਦੇਣਾ ਸੀ। ਜਿਸ ’ਤੇ ਹਾਈ ਕੋਰਟ ਨੇ 13.09.2017 ਦੇ ਆਪਣੇ ਹੁਕਮਾਂ ਰਾਹੀਂ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਸਨ। ਇਸ ਦੇ ਚਲਦਿਆਂ ਸਿੱਖ ਭਾਈਚਾਰੇ ਵੱਲੋਂ ਕੌਮੀ ਘੱਟ ਗਿਣਤੀ ਕਮਿਸ਼ਨ (ਐੱਨ.ਸੀ.ਐੱਮ.), ਭਾਰਤ ਸਰਕਾਰ ਨੂੰ ਸਾਲ 2017 ਵਿੱਚ ਗੁਰਦੁਆਰੇ ਦੀ ਸਥਿਤੀ ਸਬੰਧੀ ਪਟੀਸ਼ਨਾਂ ਪ੍ਰਾਪਤ ਹੋਈਆਂ ਸਨ ਅਤੇ ਅਗਸਤ, 2018 ਅਤੇ ਅਕਤੂਬਰ, 2018 ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ (ਐੱਨ.ਸੀ.ਐੱਮ.) ਵਿੱਚ ਸੁਣਵਾਈਆਂ ਹੋਈਆਂ ਸਨ ਪਰ ਇਸ ਦੇ ਬਾਵਜੂਦ ਬਹੁਤੀ ਪ੍ਰਗਤੀ ਨਹੀਂ ਹੋ ਸਕੀ ਸੀ। ਇਸ ਮਾਮਲੇ ਵਿੱਚ ਰਾਜ ਸਰਕਾਰ ਨੇ ਉਪਰੋਕਤ ਵੇਰਵਿਆਂ ਤੋਂ ਜਾਣੂ ਕਰਵਾਉਣ ਤੋਂ ਇਲਾਵਾ ਦੱਸਿਆ ਕਿ ਇਹ ਮਾਮਲਾ ਇਸ ਸਮੇਂ ਸਿੱਕਮ ਦੇ ਮਾਨਯੋਗ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ ਅਤੇ ਅਦਾਲਤ ਦੇ 13.09.2017 ਦੇ ਹੁਕਮਾਂ ਅਨੁਸਾਰ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖੀ ਗਈ ਹੈ। ਹੁਣ ਜਦੋਂ ਕਿ ਐਨ ਸੀ ਐਮ ਦੇ ਚੇਅਰਮੈਨ ਸ: ਲਾਲਪੁਰਾ ਦੀਆਂ ਕੋਸ਼ਿਸ਼ਾਂ ਸਦਕਾ ਮਾਮਲਾ ਹੱਲ ਹੋ ਚੁਕਾ ਹੈ ਤਾਂ ਪ੍ਰੋ: ਸਰਚਾਂਦ ਸਿੰਘ ਨੇ ਇਸ ਮੌਕੇ ਜਿੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਉੱਥੇ ਹੀ ਸ: ਲਾਲਪੁਰਾ ਅਤੇ ਸਿੱਕਮ ਦੇ ਮੁੱਖ ਮੰਤਰੀ ਸਰਵ ਸ਼੍ਰੀ ਪ੍ਰੇਮ ਸਿੰਘ ਤਮਾਂਗ ਦਾ ਵੀ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ 4 ਸਾਲ ਬਾਅਦ ਆਇਆ ਇਹ ਫ਼ੈਸਲਾ ਮਾਹੌਲ ਨੂੰ ਸੁਖਾਵਾਂ ਬਣਾਉਣ ਵਿੱਚ ਸਹਾਈ ਹੋਏਗਾ।
ਇਸ ਮੌਕੇ ਅਮਰਪਾਲ ਸਿੰਘ ਖਹਿਰਾ ਜ਼ਿਲ੍ਹਾ ਮੀਤ ਪ੍ਰਧਾਨ, ਗੁਰਸਾਹਿਬ ਸਿੰਘ ਰਾਮਪੁਰੀਆ, ਕੁਲਵੰਤ ਸਿੰਘ ਭੈਲ, ਜਸਵੰਤ ਸਿੰਘ ਸੋਹਲ, ਸੁਖਜੀਤ ਸਿੰਘ ਬਿਹਾਰੀਪੁਰ, ਗੁਲਜ਼ਾਰ ਸਿੰਘ ਜਹਾਂਗੀਰ ਸਾਹਿਬ ਸਿੰਘ ਸੁੱਗਾ, ਉਪਕਾਰਦੀਪ ਪ੍ਰਿੰਸ, ਅਸ਼ੋਕ ਬੰਟੀ, ਪ੍ਰਿੰਸ ਲਾਲਪੁਰਾ ਵੀ ਮੌਜੂਦ ਸਨ।

LEAVE A REPLY

Please enter your comment!
Please enter your name here