ਹਰਪ੍ਰੀਤ ਸੇਖੋਂ ਦਾ  ਕਾਵਿ ਸੰਗ੍ਰਹਿ ‘ਚਾਨਣ’ ਹੋਇਆ ਰਿਲੀਜ

0
287
ਚੰਡੀਗੜ੍ਹ-(ਨਿੰਦਰ ਘੁਗਿਆਣਵੀ)-
ਨੌਜਵਾਨ ਲੇਖਕ ਹਰਪ੍ਰੀਤ  ਸੇਖੋਂ ਦੀ ਪਲੇਠੀ ਕਾਵਿ-ਪੁਸਤਕ ‘ਚਾਨਣ’ ਅਜੋਕੇ ਸਮਾਜ ਦੀਆਂ ਤਲਖ਼ ਹਕੀਕਤਾਂ ਨੂੰ ਬਾਖੂਬੀ ਬਿਆਨਦੀ ਹੋਈ ਹਨੇਰਿਆਂ ਨੂੰ ਚੀਰ ਕੇ ਰੁਸ਼ਨਾਉਂਦੇ ਰਾਹ ਵੱਲ ਤੁਰਨ ਲਈ ਪ੍ਰੇਰਨਾ ਦਿੰਦੀ ਹੈ ਤੇ ਇਸਦਾ ਸਵਾਗਤ ਕਰਨਾ ਬਣਦਾ ਹੈ।
ਇਹ ਸ਼ਬਦ ਆਖੇ ਪੰਜਾਬ ਕਲਾ ਭਵਨ ਚੰਡੀਗੜ੍ਹ  ਦੇ  ਆਡੀਟੋਰੀਅਮ ਵਿਖੇ  ਉਘੇ ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ  ਵਾਲੇ ਨੇ।  ਇਹ ਸਮਾਗਮ ‘ਬੋਲ ਪੰਜਾਬ ਦੇ’ ਸੱਭਿਆਚਾਰਕ ਮੰਚ (ਰਜਿ) ਵੱਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸੇਖੋਂ ਦੇ ਕਾਵਿ-ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਮਾਣਯੋਗ ਸ਼ਖਸੀਅਤਾਂ ਨੇ ਕਿਹਾ ਕਿ ਹਰਪ੍ਰੀਤ  ਸੇਖੋਂ ਦੀਆਂ ਕਵਿਤਾਵਾਂ ਮਨੁੱਖੀ ਜੀਵਨ ਦੀਆਂ ਸੰਵੇਦਨਾਵਾਂ ਤੇ ਵੇਦਨਾ ਨੂੰ ਡੂੰਘਾਈਆਂ ਨੂੰ ਛੂੰਹਦੀਆਂ ਹਨ ਅਤੇ ਨਾਲੋ-ਨਾਲ ਪਾਠਕਾਂ ਨੂੰ ਆਸ ਦਾ ਪੱਲਾ ਨਾ ਛੱਡਣ ਦੀ ਸੇਧ ਵੀ ਦਿੰਦੀਆਂ ਹਨ।
 ਮਾਨ ਮਰਾੜ੍ਹਾਂ ਵਾਲਾ ਨੇ ਇਸ ਕਿਤਾਬਾ ਬਾਰੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਕਿਸੇ ਵੀ ਇਨਸਾਨ ਨੂੰ ਜੀਵਨ ਵਿਚ ਨਵੇਂ ਰਾਹ ਸਿਰਜਣ ਲਈ ਨਿਵੇਕਲੇ ਪੈਂਡੇ ਅਖਤਿਆਰ ਕਰਨੇ ਪੈਂਦੇ ਹਨ ਅਤੇ ਹਰਪ੍ਰੀਤ ਸੇਖੋਂ ਨੇ ਵੀ ਆਪਣੀ ਐਕਸੀਅਨ  ਦੀ ਨੌਕਰੀ ਦੀ ਵੱਡੀ  ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ ਕਾਵਿ-ਸਾਹਿਤ ਦੀ ਸਿਰਜਣਾ ਦਾ ਮਹੱਤਵਪੂਰਨ ਕਾਰਜ ਕਰਕੇ ਆਪਣੀ ਸ਼ਖਸੀਅਤ ਦਾ ਵਿਲੱਖਣ ਪੱਖ ਪੇਸ਼ ਕੀਤਾ ਹੈ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸੀਨੀਅਰ ਆਈ.ਏ.ਐਸ ਅਧਿਕਾਰੀ  ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਹਰਪ੍ਰੀਤ ਸੇਖੋਂ ਨੇ ਇਸ ਕਿਤਾਬ ਦੀ ਰਚਨਾ ਕਰਕੇ ਸਾਹਿਤ ਦੀ ਸੇਵਾ ਕਰਨ ਪ੍ਰਤੀ ਆਪਣੀ ਲਗਨ ਅਤੇ ਸ਼ਿੱਦਤ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਹੁਦੇ ਉਤੇ ਜ਼ਿੰਮੇਵਾਰੀ ਨਿਭਾਉਂਦੇ ਸਮੇਂ ਕਾਵਿ-ਸਾਹਿਤ ਦੀ ਰਚਨਾ ਦਾ ਕਾਰਜ ਬਹੁਤ ਚੁਣੌਤੀਪੂਰਨ ਹੁੰਦਾ ਹੈ ਪਰ ਹਰਪ੍ਰੀਤ ਨੇ ਇਸ ਕਾਰਜ ਨੂੰ ਤਨਦੇਹੀ ਨਾਲ ਨਿਭਾਇਆ ਹੈ। ਇਸ ਮੌਕੇ ਸਾਬਕਾ ਲੋਕ ਸਭਾ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਨੇ ਕਿਹਾ ਕਿ ਸਾਹਿਤਕਾਰ ਆਪਣੀ ਕਲਮ ਰਾਹੀਂ ਸਮਾਜਿਕ ਤੇ ਵਿਅਕਤੀਤੱਵ ਤੌਰ ਉਤੇ ਹੰਢਾਈ ਵੇਦਨਾ ਤੇ ਤਜਰਬਿਆਂ ਬਿਆਨ ਕਰਦਾ ਹੈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਦੀਆਂ ਕਵਿਤਾਵਾਂ ਵੀ ਉਸ ਦੀ ਸੂਖਮ ਪਹੁੰਚ ਦੀ ਗਵਾਹੀ ਭਰਦੀਆਂ ਹਨ। ਇਸ ਮੌਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪੰਜਾਬ ਵਿਭਾਗ ਦੇ ਚੇਅਰਮੈਨ ਡਾ. ਯੋਗਰਾਜ ਅਤੇ ਸਾਹਿਤਕ ਆਲੋਚਕ ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਕਾਵਿ-ਪੁਸਤਕ ਦੇ ਵੱਖ-ਵੱਖ ਪਹਿਲੂਆਂ ਬਾਰੇ ਬਾਰੀਕੀ ਨਾਲ ਚਾਨਣਾ ਪਾਇਆ।
ਕਲਾ ਪਰਿਸ਼ਦ ਦੇ ਸਕੱਤਰ ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਹਰਪ੍ਰੀਤ ਸੇਖੋਂ ਦੀ ਕਵਿਤਾ ਆਉਣ ਵਾਲੇ ਸਮੇਂ ਵਿਚ ਨਵੇਂ ਦਿਸਹੱਦੇ ਕਾਇਮ ਕਰੇਗੀ।
ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਸ਼੍ਰੋਮਣੀ ਗਾਇਕ ਸੁਰਿੰਦਰ ਸ਼ਿੰਦਾ ਅਤੇ ਪ੍ਰਸਿੱਧ ਹਾਸਰਸ ਕਲਾਕਾਰ ਬਾਲ ਮੁਕੰਦ ਸ਼ਰਮਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।
ਕਿਤਾਬ ‘ਚਾਨਣ’ ਦੇ ਲੇਖਕ ਹਰਪ੍ਰੀਤ ਸਿੰਘ ਸੇਖੋਂ ਨੇ ਆਪਣੇ ਕਾਵਿ ਸਫ਼ਰ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਇਸ ਵਿਚ ਮੇਰੇ ਦੋਸਤਾਂ, ਮੇਰੇ ਪਰਿਵਾਰ ਖਾਸ ਕਰਕੇ ਮੇਰੀ ਪਤਨੀ ਦਾ ਮਹੱਤਵਪੂਰਨ ਯੋਗਦਾਨ ਹੈ।
 ਆਖ਼ਰ ਵਿਚ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ, ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਸਲਾਹਿਆ ਗਿਆ।
ਇਸ ਦੌਰਾਨ ਹਰਪ੍ਰੀਤ ਸੇਖੋਂ ਦੀ ਸਪੁੱਤਰੀ ਜੁਆਏ ਸੇਖੋਂ ਨੇ ਆਪਣੇ ਪਿਤਾ ਦੇ ਸਾਹਿਤਕ ਸਫਰ ਬਾਰੇ ਚਾਨਣਾ ਪਾਉਂਦੇ ਹੋਏ ਰਚਨਾ ਵੀ ਪੇਸ਼ ਕੀਤੀ। ਇਸ ਮੌਕੇ ਵਿਧਾਇਕ ਗੁਰਪ੍ਰੀਤ ਗੋਗੀ, ਆਈ.ਏ.ਐਸ਼. ਅਧਿਕਾਰੀ ਭੁਪਿੰਦਰ ਸਿੰਘ, ਰਿਟਾ: ਡੀ ਜੀ ਪੀ ਐਮ ਪੀ ਐਸ ਔਲਖ, ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਸਮੇਤ ਉਘੀਆਂ ਹਸਤੀਆਂ ਹਾਜਰ ਸਨ।

LEAVE A REPLY

Please enter your comment!
Please enter your name here