ਹਰਿਆਣਾ ਪੈਟਰਨ ਲਾਗੂ ਨਾ ਕਰਨ ਦਾ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਵਲੋਂ ਵਿਰੋਧ

0
393

* ਐਨ.ਐਚ.ਐਮ. ਵੀ ਸਿਹਤ ਮੰਤਰੀ ਦੇ ਹੁਕਮਾਂ ਨੂੰ ਜਾਣਦੈ ਟਿੱਚ – ਸੂਬਾ ਆਗੂ
ਚੋਹਲਾ ਸਾਹਿਬ/ਤਰਨਤਾਰਨ, (ਨਈਅਰ)-ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਰਾਣੋ ਖੇੜੀ ਗਿੱਲਾਂ,ਚੇਅਰਪਰਸਨ ਸੁਖਵਿੰਦਰ ਕੌਰ,ਜਨਰਲ ਸਕੱਤਰ ਲਖਵਿੰਦਰ ਕੌਰ ਅਤੇ ਵਿੱਤ ਸਕੱਤਰ ਹਰਨਿੰਦਰ ਕੌਰ ਨੇ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਜੱਥੇਬੰਦੀ ਵਲੋਂ 21 ਨਵੰਬਰ ਨੂੰ ਸਿਹਤ ਮੰਤਰੀ ਦੇ ਸ਼ਹਿਰ ਅਮ੍ਰਿਤਸਰ ਵਿਖੇ ਕੀਤੀ ਵਿਸ਼ਾਲ ਸੂਬਾ ਪੱਧਰੀ ਰੈਲੀ ਦੇ ਦਬਾਅ ਸਦਕਾ ਸਿਹਤ ਮੰਤਰੀ ਓ.ਪੀ. ਸੋਨੀ ਵਲੋਂ ਮਿਤੀ 23 ਨਵੰਬਰ ਨੂੰ ਚੰਡੀਗੜ੍ਹ ਵਿਖੇ ਜੱਥੇਬੰਦੀ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ। ਜੱਥੇਬੰਦੀ ਨਾਲ ਹੋਈ ਇਸ ਮੀਟਿੰਗ ਵਿੱਚ ਸਿਹਤ ਮੰਤਰੀ ਵਲੋਂ ਕੀਤੇ ਗਏ ਫੈਸਲਿਆਂ ਨੂੰ ਅਜੇ ਤੱਕ ਵੀ ਲਾਗੂ ਨਹੀਂ ਕੀਤਾ ਗਿਆ,ਜਿਸ ਕਾਰਣ ਸੂਬੇ ਦੀਆਂ ਆਸਾ ਵਰਕਰਾਂ/ ਫੈਸਿਲੀਟੇਟਰਾਂ ਅੰਦਰ ਭਾਰੀ ਰੋਸ ਹੈ। ਜੱਥੇਬੰਦੀ ਦੀਆਂ ਆਗੂਆਂ ਸੰਦੀਪ ਕੌਰ,ਇੰਦੂ ਬਾਲਾ ਨੇ ਕਿਹਾ ਕਿ ਮੀਟਿੰਗ ਵਿੱਚ ਫੈਸਲਾ ਹੋਇਆ ਸੀ ਕਿ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ‘ਤੇ ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇਗਾ ਅਤੇ ਇਸ ਸਬੰਧੀ ਸਿਹਤ ਮੰਤਰੀ ਵਲੋਂ ਮੀਟਿੰਗ ਵਿੱਚ ਹਾਜਰ ਸਿਹਤ ਡਾਇਰੈਕਟਰ ਅਤੇ ਐਨ.ਐਚ.ਐਮ. ਦੇ ਅਧਿਕਾਰੀਆਂ ਨੂੰ ਹਰਿਆਣਾ ਪੈਟਰਨ ਲਾਗੂ ਕਰਨ ਸਬੰਧੀ ਫਾਈਲ ਤਿਆਰ ਕਰਕੇ ਸਰਕਾਰ ਨੂੰ ਭੇਜਣ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਸਨ,ਪ੍ਰੰਤੂ ਬਹੁਤ ਅਫਸੋਸ ਦੀ ਗੱਲ ਹੈ ਕਿ ਵਿਭਾਗ ਵਲੋਂ ਇਸ ਪ੍ਰਕਿਰਿਆ ਨੂੰ ਨੇਪਰੇ ਚਾੜਨ ਲਈ ਅਜੇ ਤੱਕ ਪਹਿਲੀ ਪੂਣੀ ਵੀ ਨਹੀ ਕੱਤੀ,ਜਿਸ ਤੋਂ ਇਹ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਸਰਕਾਰ,ਸਿਹਤ ਮੰਤਰੀ ਅਤੇ ਵਿਭਾਗ ਇਸ ਮੰਗ ਨੂੰ ਪੂਰਾ ਕਰਨ ਲਈ ਸੁਹਿਰਦ ਨਹੀਂ ਹੈ।ਇਸ ਤੋਂ ਇਹ ਵੀ ਸਪੱਸ਼ਟ ਝਲਕ ਰਿਹਾ ਹੈ ਕਿ ਵਿਭਾਗ ਸਿਹਤ ਮੰਤਰੀ ਦੇ ਹੁਕਮਾਂ ਨੂੰ ਵੀ ਟਿੱਚ ਹੀ ਸਮਝਦਾ ਹੈ ਜਾਂ ਸਿਹਤ ਮੰਤਰੀ ਵੀ ਮੁੱਖ ਮੰਤਰੀ ਚੰਨੀ ਵਾਂਗ ਸਿਰਫ ਐਲਾਨ ਕਰਨ ਨੂੰ ਹੀ ਪ੍ਰਾਪਤੀ ਮੰਨ ਰਹੇ ਹਨ।ਆਗੂਆਂ ਨੇ ਕਿਹਾ ਕਿ ਇਸ ਸਬੰਧੀ ਐਨ.ਐਚ.ਐਮ. ਨੂੰ ਜੱਥੇਬੰਦੀ ਵਲੋਂ ਯਾਦ ਪੱਤਰ ਵੀ ਭੇਜਿਆ ਜ ਚੁੱਕਾ ਹੈ।ਉਹਨਾਂ ਕਿਹਾ ਕਿ ਬਾਕੀ ਮੰਗਾਂ ਦੇ ਨਾਲ-ਨਾਲ ਜੇਕਰ ਹਰਿਆਣਾ ਪੈਟਰਨ ਲਾਗੂ ਕਰਨ ਦੀ ਮੰਗ ਨੂੰ ਵੀ ਤੁਰੰਤ ਪੂਰਾ ਨਾ ਕੀਤਾ ਗਿਆ ਤਾਂ ਜੱਥੇਬੰਦੀ ਵਲੋਂ ਸਿਹਤ ਮੰਤਰੀ ਅਤੇ ਡਾਇਰੈਕਟਰ ਐਨ.ਐਚ.ਐਮ.ਖਿਲਾਫ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਅਤੇ ਆਉਣ ਵਾਲੀਆਂ ਚੋਣਾਂ ਦੌਰਾਨ ਵੀ ਮੁੱਖ ਮੰਤਰੀ,ਸਿਹਤ ਮੰਤਰੀ,ਵਿੱਤ ਮੰਤਰੀ ਸਹਿਤ ਸਮੁੱਚੇ ਕਾਂਗਰਸੀ ਉਮੀਦਵਾਰਾਂ ਦਾ ਪੂਰੇ ਪੰਜਾਬ ਅੰਦਰ ਡਟਵਾਂ ਵਿਰੋਧ ਕੀਤਾ ਜਾਵੇਗਾ।ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਰੀਨਾ ਰਾਣੀ,ਰਾਜ ਕੁਮਾਰੀ,ਰੀਟਾ ਰਾਣੀ,ਚਰਨਜੀਤ ਕੌਰ,ਨਸੀਬ ਕੌਰ, ਪਰਮਜੀਤ ਕੌਰ,ਸਰਬਜੀਤ ਕੌਰ,ਬੀਰਪਾਲ ਕੌਰ,ਰਜਿੰਦਰ ਕੌਰ ਵਲਟੋਹਾ,ਰਛਪਾਲ ਕੌਰ,ਕਮਲਜੀਤ ਕੌਰ,ਰਾਜ ਰਾਣੀ,ਨਿਰਮਲਾ ਦੇਵੀ,ਜਸਵਿੰਦਰ ਕੌਰ ਆਦਿ ਸੂਬਾਈ ਆਗੂ ਵੀ ਹਾਜਰ ਸਨ।

LEAVE A REPLY

Please enter your comment!
Please enter your name here