*ਹਰ ਬੱਚੇ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਪੰਜਾਬ ਸਰਕਾਰ ਦਾ ਉਦੇਸ਼-ਵਿਧਾਇਕ ਬੁੱਧ ਰਾਮ*
*ਵਿਧਾਇਕ ਬੁੱਧ ਰਾਮ ਨੇ ਅਹਿਮਦਪੁਰ ਅਤੇ ਕਲੀਪੁਰ ਦੇ ਸਰਕਾਰੀ ਸਕੂਲਾਂ ’ਚ 68.99 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ*
*ਅਹਿਮਦਪੁਰ ਡਾਈਟ ਇੰਸਟੀਚਿਊਟ ਨੂੰ ਬਣਾਇਆ ਜਾਵੇਗਾ ਡਾਈਟ ਆਫ ਐਕਸਲੈਂਸ-ਬੁੱਧ ਰਾਮ*
ਮਾਨਸਾ, 02 ਮਈ 2025 :
ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਹਲਕਾ ਬੁਢਲਾਡਾ ਦੇ ਸਰਕਾਰੀ ਸਕੂਲਾਂ ਵਿੱਚ 68.99 ਲੱਖ ਰੁਪਏ ਦੀ ਲਾਗਤ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਬਦਲਾਅ ਲਿਆ ਰਹੀ ਹੈ।
ਵਿਧਾਇਕ ਬੁੱਧ ਰਾਮ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਹਿਮਦਪੁਰ ਵਿਖੇ 16.63 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਚਾਰਦੀਵਾਰੀ, ਪਖ਼ਾਨੇ, ਸਕੂਲ ਆਫ ਹੈਪੀਨੈਂਸ ਅਤੇ ਹੋਰ ਕੰਮਾਂ ਦੇ ਉਦਘਾਟਨ ਕੀਤੇ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਅਹਿਮਦਪੁਰ ਵਿਖੇ 28.71 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਚਾਰਦੀਵਾਰੀ, ਪਖ਼ਾਨਿਆਂ ਦਾ ਨਵੀਨੀਕਰਨ, ਕਲਾਸਰੂਮ ਅਤੇ ਰਿਪੇਅਰ ਦੇ ਕੰਮਾਂ ਦਾ ਉਦਘਾਟਨ ਕੀਤਾ। ਉਨ੍ਹਾਂ ਸਰਕਾਰੀ ਹਾਈ ਸਕੂਲ ਕਲੀਪੁਰ ਵਿਖੇ 23.65 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਸਾਇੰਸ ਲੈਬ, ਚਾਰਦੀਵਾਰੀ ਅਤੇ ਹੋਰ ਮੁਕੰਮਲ ਹੋਏ ਕੰਮਾਂ ਦਾ ਉਦਘਾਟਨ ਕੀਤਾ।
ਵਿਧਾਇਕ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਇਹ ਕ੍ਰਾਂਤੀ ਨਾ ਸਿਰਫ਼ ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰੇਗੀ ਸਗੋਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਵੀ ਮਦਦ ਕਰੇਗੀ। ਉਨ੍ਹਾਂ ਨਾਲ ਹੀ ਦੱਸਿਆ ਕਿ ਅਹਿਮਦਪੁਰ ਵਿਖੇ ਡਾਈਟ ਸੰਸਥਾ ਨੂੰ ਡਾਈਟ ਆਫ ਐਕਸਲੈਂਸ ਬਣਾਇਆ ਜਾਵੇਗਾ ਜਿਸ ਦੇ ਲਈ ਜਲਦ ਹੀ ਗਰਾਂਟਾ ਜਾਰੀ ਕੀਤੀਆਂ ਜਾਣਗੀਆਂ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਚੇਅਰਮੈਨ ਕੋਆਪਰੇਟਿਵ ਸੁਸਾਇਟੀ ਸੋਹਣਾ ਸਿੰਘ ਕਲੀਪੁਰ, ਹਲਕਾ ਸਿੱਖਿਆ ਕੋਆਰਡੀਨੇਟ ਸੁਭਾਸ਼ ਨਾਗਪਾਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ ਭੋਗਲ, ਸਕੂਲ ਮੁਖੀ ਅਮਨਦੀਪ ਸ਼ਰਮਾ, ਜਗਜੀਤ ਸਿੰਘ ਅਤੇ ਆਰਤੀ ਦੇਵੀ, ਚੇਅਰਮੈਨ ਐਸ.ਐਮ.ਸੀ. ਅਮ੍ਰਿਤਪਾਲ ਸ਼ਰਮਾ, ਸੋਨਾ ਸਿੰਘ ਤੇ ਕੁਲਵਿੰਦਰ ਸਿੰਘ ਤੋਂ ਇਲਾਵਾ ਪਿਆਰਾ ਸਿੰਘ ਗੁਰਨੇ ਅਤੇ ਸਕੂਲ ਸਟਾਫ, ਵਿਦਿਆਰਥੀ ਤੇ ਪੰਚਾਇਤ ਮੈਂਬਰ ਮੌਜੂਦ ਸਨ।