*ਵਿਧਾਇਕ ਵਿਜੈ ਸਿੰਗਲਾ ਨੇ ਬਲਾਕ ਭੀਖੀ ਦੀਆਂ ਖੇਡਾਂ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ
*ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਤੀਜੇ ਦਿਨ ਵੱਖ ਵੱਖ ਖੇਡਾਂ ਦੇ
ਹੋਏ ਦਿਲਚਸਪ ਮੁਕਾਬਲੇ
ਮਾਨਸਾ, 03 ਸਤੰਬਰ:
ਸੂਬੇ ਅੰਦਰ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਖੇਡ ਮੈਦਾਨਾਂ ਦੀ ਰੌਣਕ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿਚ ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਸੀਜ਼ਨ ਦਾ ਆਗਾਜ਼ ਕੀਤਾ ਗਿਆ ਹੈ, ਜਿਸ ਤਹਿਤ ਅੱਜ ਜ਼ਿਲ੍ਹੇ ਅੰਦਰ ਚੱਲ ਰਹੀਆਂ ਬਲਾਕ ਪੱਧਰੀ ਖੇਡਾਂ ਦੇ ਤੀਜੇ ਦਿਨ ਅੰਡਰ-17 ਉਮਰ ਵਰਗ ਦੇ ਖੇਡ ਮੁਕਾਬਲੇ ਕਰਵਾਏ ਗਏ ਹਨ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਕੀਤਾ । ਉਹ ਅੱਜ ਬਲਾਕ ਭੀਖੀ ਦੀਆਂ ਖੇਡਾਂ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਉਚੇਚੇ ਤੌਰ ’ਤੇ ਪਹੁੰਚੇ।
ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਹਰ ਸਾਲ ਹੋਣ ਵਾਲੇ ‘ਖੇਡਾਂ ਵਤਨ ਪੰਜਾਬ ਦੀਆਂ’ ਖੇਡ ਮੁਕਾਬਲਿਆਂ ਨੇ ਪੰਜਾਬ ਦੀ ਜਵਾਨੀ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਖੇਡਾਂ ਦੇ ਖੇਤਰ ਵਿਚ ਪੂਰੇ ਦੇਸ਼ ਵਿਚ ਪੰਜਾਬ ਮੋਹਰੀ ਸੂਬੇ ਵਜੋਂ ਉਭਰੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਖੇਡ ਸਭਿਆਚਾਰ ਪ੍ਰਫੁਲਿਤ ਹੋ ਰਿਹਾ ਹੈ। ਬਲਾਕ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਹੋਣ ਵਾਲੇ ਖੇਡ ਮੁਕਾਬਲਿਆਂ ਨਾਲ ਸੂਬੇ ਦੇ ਪਿੰਡ ਪੱਧਰ ’ਤੇ ਖਿਡਾਰੀਆਂ ਨੂੰ ਇਕ ਵੱਡਾ ਪਲੇਟਫਾਰਮ ਮਿਲਿਆ ਹੈ, ਜਿਸ ਰਾਹੀਂ ਉਹ ਆਪਣੀ ਪ੍ਰਤਿਭਾ ਨੂੰ ਸਭ ਦੇ ਸਾਹਮਣੇ ਰੱਖ ਪਾਉਣਗੇ। ਇਸ ਦੌਰਾਨ ਉਨ੍ਹਾਂ ਖਿਡਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹੌਂਸਲਾ ਵੀ ਵਧਾਇਆ।
ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਨਵਜੋਤ ਸਿੰਘ ਧਾਲੀਵਾਲ ਨੇ ਤੀਜੇ ਦਿਨ ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਲਾਕ ਸਰਦੂਲਗੜ੍ਹ ਅੰਡਰ-17 ਲੜਕਿਆਂ ਦੇ ਕਬੱਡੀ (ਸਰਕਲ ਸਟਾਇਲ) ਦੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਕੁਸਲਾ ਨੇ ਪਹਿਲਾ ਅਤੇ ਫੱਕਰ ਝੰਡਾ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ (ਨੈਸ਼ਨਲ ਸਟਾਇਲ) ਵਿਚ ਸਰਕਾਰੀ ਸੈਕੰਡਰੀ ਸਕੂਲ, ਸੰਘਾ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਖੈਰਾ ਕਲੱਬ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਬਲਾਕ ਭੀਖੀ ਅੰਡਰ-17 ਵਾਲੀਬਾਲ ਲੜਕਿਆਂ ਵਿਚ ਸਰਕਾਰੀ ਸੈਕੰਡਰੀ ਸਕੂਲ ਪਿੰਡ ਮੱਤੀ ਨੇ ਪਹਿਲਾ ਅਤੇ ਪਿੰਡ ਖੀਵਾ ਖੁਰਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ ਦੇ ਈਵੈਂਟ 100 ਮੀਟਰ ਵਿਚ ਲਵਪ੍ਰੀਤ ਸਿੰਘ ਸਰਕਾਰੀ ਸੈਕੰਡਰੀ ਸਕੂਲ ਪਿੰਡ ਅਤਲਾ ਕਲਾਂ ਨੇ ਪਹਿਲਾ, ਸੁਖਵੀਰ ਸਿੰਘ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈਕੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਵਿਚ ਪ੍ਰਦੀਪ ਸਿੰਘ ਪਿੰਡ ਹਮੀਰਗੜ੍ਹ ਢੈਪਈ ਨੇ ਪਹਿਲਾ ਅਤੇ ਗੁਰਜੀਤ ਸਿੰਘ ਸਰਕਾਰੀ ਸੈਕੰਡਰੀ ਸਕੂਲ ਅਤਲਾ ਕਲਾਂ ਨੇ ਦੂਜਾ ਸਥਾਨ ਹਾਸਿਲ ਕੀਤਾ। ਲੰਮੀ ਛਾਲ ਵਿਚ ਜਸਵਿੰਦਰ ਸਿੰਘ ਅਲਪਾਇਨ ਸਕੂਲ ਅਕਲੀਆ ਨੇ ਪਹਿਲਾ ਅਤੇ ਅਰਮਾਨ ਸਿੰਘ ਮਾਈ ਭਾਗੋੋ ਗਰੁੱਪ ਰੱਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਬਲਾਕ ਬੁਢਲਾਡਾ ਅੰਡਰ-17 ਲੜਕਿਆਂ ਦੇ ਅਥਲੈਟਿਕਸ ਵਿਚ 3000 ਮੀਟਰ ਦੇ ਈਵੈਂਟ ਵਿਚ ਦਿਲਪ੍ਰੀਤ ਸਿੰਘ ਨੇ ਪਹਿਲਾ ਅਤੇ ਜਗਜੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਦੇ ਈਵੈਂਟ ਵਿਚ ਅਰਸ਼ਦੀਪ ਸਿੰਘ ਨੇ ਪਹਿਲਾ ਅਤੇ ਮਨਪ੍ਰੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਵਿਚ ਹਰਮਨ ਸਿੰਘ ਨੇ ਪਹਿਲਾ ਅਤੇ ਕਰਮਜੀਤ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
Boota Singh Basi
President & Chief Editor