ਹਲਕਾ ਖਡੂਰ ਸਾਹਿਬ ਵਿੱਚ ਭਾਜਪਾ ਨੇ ਅਕਾਲੀ ਦਲ ਦੇ ਬਰਾਬਰ ਰਹਿ ਕੇ ਨਵੇਂ ਸਿਆਸੀ ਸਮੀਕਰਣ ਸਿਰਜੇ

0
36
ਹਲਕਾ ਖਡੂਰ ਸਾਹਿਬ ਵਿੱਚ ਭਾਜਪਾ ਨੇ ਅਕਾਲੀ ਦਲ ਦੇ ਬਰਾਬਰ ਰਹਿ ਕੇ ਨਵੇਂ ਸਿਆਸੀ ਸਮੀਕਰਣ ਸਿਰਜੇ
ਜ਼ਿਲ੍ਹਾ ਪ੍ਰਧਾਨ ਹਰਜੀਤ ਸੰਧੂ ਦੀ ਮਿਹਨਤ ਸਦਕਾ ਭਾਜਪਾ ਨੇ ਚੋਣਾਂ ਦੌਰਾਨ ਮਜ਼ਬੂਤ ਦਸਤਕ ਦਿੱਤੀ
ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,5 ਜੂਨ
ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਪੰਜਾਬ ਵਿੱਚ ਇਕੱਲਿਆਂ ਲੋਕ ਸਭਾ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਤਾਂ ਪਾਰਟੀ ਦੇ ਸਮੂਹ ਆਗੂਆਂ ਅਤੇ ਵਰਕਰਾਂ ਨੇ ਪੂਰੇ ਜੀਅ-ਜਾਨ ਨਾਲ ਮਿਹਨਤ ਕਰਕੇ ਭਾਜਪਾ ਦੇ ਵੋਟ ਬੈੰਕ ਵਿੱਚ ਵੱਡਾ ਵਾਧਾ ਕੀਤਾ ਹੈ।ਪੰਥਕ ਹਲਕੇ ਵਜੋਂ ਜਾਣੇ ਜਾਂਦੇ ਹਲਕਾ ਖਡੂਰ ਸਾਹਿਬ ਜਿਸ ਵਿੱਚ ਜ਼ਿਲਾ ਤਰਨ ਤਾਰਨ ਦੇ ਚਾਰ ਹਲਕੇ ਹਨ,ਦੀ ਜ਼ਿਮੇਵਾਰੀ ਹਰਜੀਤ ਸਿੰਘ ਸੰਧੂ ਨੂੰ ਪਾਰਟੀ ਨੇ ਸੌਂਪੀ ਸੀ ਤਾਂ ਪ੍ਰਧਾਨ ਸੰਧੂ ਵਲੋਂ ਆਪਣੀ ਦਿਨ-ਰਾਤ ਦੀ ਸਖ਼ਤ ਮਿਹਨਤ ਨਾਲ ਪਾਰਟੀ ਵਲੋਂ ਪ੍ਰਗਟਾਏ ਵਿਸ਼ਵਾਸ ਨੂੰ ਸਹੀ ਸਿੱਧ ਕਰਦਿਆਂ ਜ਼ਿਲ੍ਹੇ ਵਿੱਚ ਭਾਜਪਾ ਦਾ ਮਜ਼ਬੂਤ ਅਧਾਰ ਕਾਇਮ ਕੀਤਾ ਗਿਆ।ਜਿਸਦੀ ਬਦੌਲਤ ਅੱਜ ਲੋਕ ਸਭਾ ਚੋਣ ਨਤੀਜਿਆਂ ਵਿੱਚ ਭਾਜਪਾ ਅਕਾਲੀ ਦਲ ਦੇ ਬਰਾਬਰ ਆ ਖੜੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇਸ ਹਲਕੇ ਉਪਰ 50-60 ਸਾਲ ਤੋਂ ਪੂਰਾ ਦਬਦਬਾ ਬਣਿਆ ਹੋਇਆ ਸੀ,ਪਰ ਜ਼ਿਲ੍ਹਾ ਪ੍ਰਧਾਨ ਹਰਜੀਤ ਸੰਧੂ ਨੇ ਆਪਣੀ ਸਖ਼ਤ ਮਿਹਨਤ ਨਾਲ ਪਿੰਡ-ਪਿੰਡ ਭਾਜਪਾ ਦਾ ਕਮਲ ਖਿੜਾ ਕੇ ਡੇਢ ਸਾਲ ਵਿੱਚ ਹੀ ਰਾਜਨੀਤਿਕ ਸਮੀਕਰਣ ਬਦਲ ਦਿਤੇ ਹਨ।ਲੋਕ ਸਭਾ ਚੋਣ ਪ੍ਰਚਾਰ ਦੌਰਾਨ ਭਾਜਪਾ ਵਲੋਂ ਕੁੱਲ 319 ਚੋਣ ਮੀਟਿੰਗਾਂ 9 ਵਿਧਾਨ ਸਭਾ ਹਲਕਿਆਂ ਵਿੱਚ ਵੱਖ-ਵੱਖ ਪਿੰਡਾਂ ਵਿੱਚ ਕੀਤੀਆਂ ਗਈਆਂ,ਜਿਨ੍ਹਾਂ ਵਿੱਚੋਂ 188 ਸਿਰਫ਼ ਜ਼ਿਲ੍ਹਾ ਤਰਨ ਤਾਰਨ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਹੀ ਹਰਜੀਤ ਸਿੰਘ ਸੰਧੂ ਵਲੋਂ ਕਰਵਾ ਦਿਤੀਆਂ ਗਈਆਂ।ਇਸ ਤੋਂ ਇਲਾਵਾ ਰੋਡ ਸ਼ੋਅ ਅਤੇ ਵੱਡੀਆਂ ਰੈਲੀਆਂ ਕਰਵਾ ਕੇ ਲੋਕਾਂ ਨੂੰ ਭਾਜਪਾ ਨਾਲ ਜੋੜਿਆ ਗਿਆ।ਭਾਵੇਂ ਇਸ ਵਾਰ ਹਲਕੇ ਵਿੱਚ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਹਮਦਰਦੀ ਦੀ ਵੱਡੀ ਲਹਿਰ ਚੱਲ ਰਹੀ ਸੀ ਅਤੇ ਲੋਕ ਹੋਰਨਾਂ ਰਾਜਨੀਤਿਕ ਪਾਰਟੀਆਂ ਦੇ ਬੂਥ ਵੀ ਲਾਉਣ ਤੋਂ ਝਿਝਕ ਰਹੇ ਸਨ ਪਰ ਭਾਜਪਾ ਵਲੋਂ ਤਕਰੀਬਨ ਸਾਰੇ ਪਿੰਡਾਂ ਵਿੱਚ ਪੋਲਿੰਗ ਬੂਥ ਲਗਾ ਕੇ ਆਪਣੀ ਪ੍ਰਭਾਵਸ਼ਾਲੀ ਰਾਜਨੀਤਿਕ ਮੌਜੂਦਗੀ ਦਰਜ ਕਰਵਾਈ ਗਈ।ਇਸ ਤੋਂ ਵੀ ਵਧ ਕੇ ਕਿਸਾਨ ਸੰਗਠਨਾਂ ਦੇ ਤਿੱਖੇ ਵਿਰੋਧ ਅਤੇ ਧਰਨਿਆਂ ਦੀ ਪ੍ਰਵਾਹ ਨਾ ਕਰਦਿਆਂ ਜ਼ਿਲ੍ਹਾ ਤਰਨ ਤਾਰਨ ਵਿੱਚ ਭਾਜਪਾ ਦੇ ਚੋਣ ਪ੍ਰੋਗਰਾਮ ਸਫਲਤਾ ਨਾਲ ਕੀਤੇ ਗਏ।ਜਿਥੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਲਿਆ ਗਿਆ ਉੱਥੇ ਪ੍ਰਧਾਨ ਹਰਜੀਤ ਸੰਧੂ ਨੇ ਵਰਕਰਾਂ ਨਾਲ ਤਾਲਮੇਲ ਰੱਖਦਿਆਂ ਉਹਨਾਂ ਦਾ ਮਨੋਬਲ ਵੀ ਬਣਾਈ ਰੱਖਿਆ।ਵਰਨਣਯੋਗ ਹੈ ਕਿ 2022 ਵਿੱਚ ਜ਼ਿਲ੍ਹੇ ਅੰਦਰ ਸਿਰਫ ਇਕ ਹਲਕਾ  ਤਰਨ ਤਾਰਨ ਤੋਂ ਭਾਜਪਾ ਦੇ ਉਮੀਦਵਾਰ ਨੇ ਚੋਣ ਲੜੀ ਸੀ ਤਾਂ ਮਹਿਜ਼ 1100 ਦੇ ਲਗਭਗ ਵੋਟਾਂ ਹੀ ਪ੍ਰਾਪਤ ਕੀਤੀਆਂ ਸਨ,ਜਦਕਿ ਹੁਣ ਲੋਕ ਸਭਾ ਚੋਣਾਂ ਵਿੱਚ ਜ਼ਿਲ੍ਹਾ ਤਰਨ ਤਾਰਨ ਤੋਂ 36 ਹਜ਼ਾਰ ਤੋਂ ਵੱਧ ਵੋਟਾਂ ਲੈ ਕੇ ਭਾਜਪਾ ਨੇ ਆਉਣ ਵਾਲੇ ਸਮੇਂ ਵਿੱਚ ਆਪਣੀ ਮਜ਼ਬੂਤ ਦਾਵੇਦਾਰੀ ਪੇਸ਼ ਕਰ ਦਿਤੀ ਹੈ।ਜ਼ਿਲ੍ਹਾ ਪ੍ਰਧਾਨ ਹਰਜੀਤ ਸੰਧੂ ਦੀ ਅਗਵਾਈ ਹੇਠ ਪਿੰਡ-ਪਿੰਡ ਭਾਜਪਾ ਦਾ ਪੱਕਾ ਕੇਡਰ ਬਣਾਇਆ ਗਿਆ ਜੋ ਅੱਜ ਲੋਕ ਸਭਾ ਚੋਣਾਂ ਵਿੱਚ ਵੋਟਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ।ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਕੋਲ ਇਹ ਲੋਕ ਸਭਾ ਸੀਟ ਸੀ ਅਤੇ ਨੌਂ ਹਲਕਿਆਂ ਵਿੱਚੋਂ ਉਸਦੇ ਦੋ ਵਿਧਾਇਕ ਵੀ ਸਨ,ਪਰ ਫਿਰ ਵੀ ਕਾਂਗਰਸ ਇਹ ਚੋਣ ਵੱਡੇ ਫਰਕ ਨਾਲ ਹਾਰ ਕੇ ਇਹ ਸੀਟ ਗੁਆ ਚੁੱਕੀ ਹੈ।ਜਦਕਿ ਮੌਜੂਦਾ ਪੰਜਾਬ ਵਿੱਚ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਦੇ ਸੱਤ ਵਿਧਾਇਕ ਹੋਣ ਦੇ ਬਾਵਜੂਦ ਉਹ ਬੁਰੀ ਤਰੀਕੇ ਨਾਲ ਹਾਰ ਕੇ ਤੀਜੇ ਨੰਬਰ ‘ਤੇ ਰਹੀ,ਜਦਕਿ ਅਕਾਲੀ ਦਲ ਦਾ ਸਭ ਤੋਂ ਮਜ਼ਬੂਤ ਕਿਲਾ ਸਮਝਿਆ ਜਾਣ ਵਾਲਾ ਇਹ ਹਲਕਾ ਜਿੱਥੇ ਉਹ ਵਾਰ ਵਾਰ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਸੀਟਾਂ ਜਿਤਦੇ ਰਹੇ ਹਨ ਅਤੇ ਪਿੰਡ ਪਿੰਡ ਉਹਨਾਂ ਦਾ ਢਾਂਚਾ ਕਾਇਮ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ ਆਪਣੀ ਜ਼ਮਾਨਤ ਵੀ ਬਚਾ ਨਹੀਂ ਸਕੇ।ਭਾਜਪਾ ਨੇ ਨੌਂ ਵਿੱਚੋਂ ਚਾਰ ਹਲਕਿਆਂ ਵਿੱਚ ਅਕਾਲੀ ਦਲ ਤੋਂ ਵੱਧ ਵੋਟ ਲੈ ਕੇ ਆਉਣ ਵਾਲੇ ਸਮੇਂ ਦੀ ਰਾਜਨੀਤੀ ਦੀ ਤਸਵੀਰ ਉਭਾਰ ਦਿਤੀ ਹੈ।ਇਸ ਹਲਕੇ ਤੋਂ ਪਹਿਲੀ ਵਾਰ ਚੋਣ ਲੜ ਰਹੀ ਭਾਜਪਾ ਜਿਸਦਾ ਕਦੇ ਵੀ ਇਹਨਾਂ ਨੌਂ ਹਲਕਿਆਂ ਵਿੱਚ ਕੋਈ ਵਿਧਾਇਕ ਵੀ ਨਹੀਂ ਰਿਹਾ ਹੈ ਤਾਂ ਅਕਾਲੀ ਦਲ ਦੇ ਬਰਾਬਰ ਵੋਟਾਂ ਲੈ ਜਾਣਾ ਅਤੇ ਪਿੰਡ ਪਿੰਡ ਬੂਥ ਲਗਾਉਣ ਵਿੱਚ ਕਾਮਯਾਬ ਹੋ ਜਾਣ ਪਿੱਛੇ ਇਸਦੀ ਮਿਹਨਤੀ ਟੀਮ ਅਤੇ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਪ੍ਰਭਾਵਸ਼ਾਲੀ ਅਗਵਾਈ ਹੀ ਆਖੀ ਜਾ ਸਕਦੀ ਹੈ। ਇਨ੍ਹਾਂ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਵਰਕਰ ਅਤੇ ਸਮਰਥਕ ਵੱਡੇ ਉਤਸ਼ਾਹ ਵਿੱਚ ਹਨ ਅਤੇ ਲੋਕਾਂ ਦਾ ਭਾਜਪਾ ਪ੍ਰਤੀ ਨਜ਼ਰੀਆ ਵੀ ਬਦਲ ਰਿਹਾ ਹੈ।
ਫੋਟੋ: ਹਰਜੀਤ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਭਾਜਪਾ

LEAVE A REPLY

Please enter your comment!
Please enter your name here