ਹਿੰਦੂ ਭਾਈਚਾਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ’ਚ ਘਰਾਂ ਵਿੱਚ ਦੀਵੇ ਜਗਾਉਣ – ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ।
ਵਣਜਾਰੇ ਸਿੱਖ, ਲੁਬਾਣਾ ਸਿੱਖ ਅਤੇ ਸਿਕਲੀਗਰ ਆਦਿ ਜੋ ਸਿੱਖੀ ਦਾ ਅਨਿੱਖੜਵਾਂ ਅੰਗ, ਇਨ੍ਹਾਂ ਦੀ ਬਾਂਹ ਫੜਨ ਦੀ ਲੋੜ।
ਸਿੱਖ ਧਰਮ ਵਰਗਾ ਨਿਵੇਕਲਾ ਧਰਮ ਦੁਨੀਆ ਵਿੱਚ ਕਿਤੇ ਵੀ ਨਹੀਂ ਮਿਲੇਗਾ।
ਸਿੱਖ ਧਰਮ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਨਫ਼ਰਤ ਦੂਈ ਦਵੈਤ ਦੀਆਂ ਕੰਧਾਂ ਸਿੱਖ ਧਰਮ ਨੇ ਕਦੇ ਵੀ ਨਹੀਂ ਉਸਾਰੀਆਂ ਹਨ।
ਚਾਂਦਨੀ ਚੌਕ ਦਿੱਲੀ / ਚੌਕ ਮਹਿਤਾ 6 ਦਸੰਬਰ 2024
ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਨਿਮਰਤਾ ਸਹਿਤ ਹਿੰਦੂ ਭਾਈਚਾਰੇ ਦੇ ਵੀਰਾਂ ਨੂੰ ਕਿਹਾ ਕਿ ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਣ ਦਾ ਸਮਾਂ ਹੈ, ਉਹਨਾਂ ਦੀ ਯਾਦ ਮਨਾਉਣ ਦਾ ਸਮਾਂ ਹੈ ਅਤੇ ਤੁਹਾਡੇ ਦੇਵੀ ਦੇਵਤੇ ਤੁਹਾਡੇ ਇਸ਼ਟ ਤੁਹਾਡੇ ’ਤੇ ਤਾਂ ਹੀ ਪ੍ਰਸੰਨ ਹੋਣਗੇ ਜੇ ਤੁਹਾਡੇ ਘਰਾਂ ਵਿੱਚ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਦੀਵੇ ਜਗੇਗਾ।
ਦਮਦਮੀ ਟਕਸਾਲ ਦੇ ਮੁਖੀ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਦੇ 349 ਵੇਂ ਸ਼ਹੀਦੀ ਗੁਰਪੁਰਬ ਦਿਹਾੜੇ ’ਤੇ ਗੁਰਦੁਆਰਾ ਸ਼੍ਰੀ ਸੀਸ ਗੰਜ ਸਾਹਿਬ ਜੀ ਦਿੱਲੀ ਵਿਖੇ ਵਿਸ਼ੇਸ਼ ਸ਼ਹੀਦੀ ਸਮਾਗਮ ਦੌਰਾਨ ਗੁਰ ਇਤਿਹਾਸ ਚੋਂ ਸ਼ਹੀਦੀ ਪ੍ਰਸੰਗ ਦੀ ਕਥਾ ਸਰਵਨ ਕਰਾ ਰਹੇ ਸਨ। ਇਸ ਤੋਂ ਪਹਿਲਾਂ ਸੰਗਤਾਂ ਨਾਲ ਮਿਲ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 12 ਵੱਜ ਕੇ 25 ਮਿੰਟ ‘ਤੇ ਹੋਈ ਸੀ, ਉਸ ਤੋਂ ਪਹਿਲਾਂ ਗੁਰੂ ਸਾਹਿਬ ਨੇ ਸ੍ਰੀ ਜਪੁਜੀ ਸਾਹਿਬ ਦਾ ਪਾਠ ਕੀਤਾ ਸੀ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਦੁਨੀਆ ਅੰਦਰ ਧਾਰਮਿਕ ਹੱਕਾਂ ਦੀ ਖ਼ਾਤਰ ਮਹਾਨ ਸ਼ਹਾਦਤ ਦਿੱਤੀ ਅਤੇ ਬਾਦਸ਼ਾਹ ਔਰੰਗਜ਼ੇਬ ਦੇ ਹਰ ਜ਼ੁਲਮ ਨੂੰ ਖਿੜੇ ਮੱਥੇ ਸਹਾਰਦਿਆਂ ਸ਼ਾਂਤੀ ਨਾਲ ਹਿੰਦੂ ਧਰਮ ਦੀ ਰੱਖਿਆ ਲਈ ਮਹਾਨ ਸ਼ਹਾਦਤ ਦਿੱਤੀ। ਉਹਨਾਂ ਕਿਹਾ ਕਿ ਦਸਮੇਸ਼ ਪਿਤਾ ਨੇ ਵੀ ਕਿਹਾ ਹੈ ਕਿ ਕਲਯੁਗ ਵਿੱਚ ਇੰਨਾ ਵੱਡਾ ਸਾਕਾ ਕਦੀ ਨਹੀਂ ਦੇਖਿਆ ਗਿਆ। ਉਹਨਾਂ ਕਿਹਾ ਕਿ ਕਿਸੇ ਵੀ ਪੀਰ, ਪੈਗ਼ੰਬਰ, ਅਵਤਾਰ ਜਾਂ ਰਹਿਬਰ ਵੱਲੋਂ ਕਿਸੇ ਦੂਸਰੇ ਧਰਮ ਲਈ ਇੰਨੀ ਵੱਡੀ ਕੁਰਬਾਨੀ ਜਾਂ ਸ਼ਹਾਦਤ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪ੍ਰਸੰਗ ਨੂੰ ਦੁਨੀਆ ਭਰ ‘ਚ ਪਹੁੰਚਾਇਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਿੱਖ ਧਰਮ ਵਰਗਾ ਨਿਵੇਕਲਾ ਧਰਮ ਦੁਨੀਆ ਵਿੱਚ ਕਿਤੇ ਵੀ ਨਹੀਂ ਮਿਲੇਗਾ। ਖ਼ਾਲਸਾ ਰੱਬੀ ਮੌਜ ਤੋਂ ਪੈਦਾ ਹੋਇਆ ਹੈ, ਸਿੱਖੀ ਨੂੰ ਦੁਨੀਆ ਦੀ ਕੋਈ ਵੀ ਤਾਕਤ ਮੇਟ ਨਹੀਂ ਸਕੇਗੀ। ਸਿੱਖੀ ਜੁੱਗੋ ਜੁਗ ਰਹੇਗੀ ਤੇ ਨਿਸ਼ਾਨ ਸਾਹਿਬ ਝੂਲਦੇ ਰਹਿਣਗੇ। ਸਿੱਖ ਧਰਮ ਸਾਰੀ ਦੁਨੀਆ ਸਾਰੀ ਸ੍ਰਿਸ਼ਟੀ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਨਫ਼ਰਤ ਦੂਈ ਦਵੈਤ ਦੀਆਂ ਕੰਧਾਂ ਸਿੱਖ ਧਰਮ ਨੇ ਕਦੇ ਵੀ ਨਹੀਂ ਉਸਾਰੀਆਂ ਹਨ। ਖ਼ਾਲਸੇ ਦੇ ਹੱਥ ਤਾਕਤ ਆਈ ਤਾਂ ਸਿੱਖਾਂ ਨੇ ਦੂਜਿਆਂ ਦੇ ਧਾਰਮਿਕ ਅਸਥਾਨਾਂ ਦਾ ਸਤਿਕਾਰ ਕੀਤਾ, ਬੇਕਦਰੀ ਕਦੀ ਨਹੀਂ ਕੀਤੀ।
ਉਨ੍ਹਾਂ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਛੋਟੇ ਛੋਟੇ ਦੁਨਿਆਵੀ ਮਤਲਬ ਲਈ ਸਿੱਖੀ ਛੱਡਣ ਲੱਗਿਆਂ ਸਾਨੂੰ ਰੰਜਕ ਵੀ ਸ਼ਰਮ ਨਹੀਂ ਆਉਂਦੀ, ਪਰ ਵਣਜਾਰੇ ਸਿੱਖ, ਲੁਬਾਣਾ ਸਿੱਖ ਅਤੇ ਸਿਕਲੀਗਰ ਆਦਿ ਜੋ ਸਿੱਖੀ ਦਾ ਅਨਿੱਖੜਵਾਂ ਅੰਗ ਹਨ, ਜਿਨ੍ਹਾਂ ਨੇ ਸਿੱਖੀ ਬਦਲੇ ਆਪਣਾ ਰਾਜ ਭਾਗ ਗਵਾ ਦਿੱਤੇ ਹਨ। ਜਿਨ੍ਹਾਂ ਨੂੰ ਮੁਗ਼ਲੀਆ ਹਕੂਮਤ ਨੇ ਬਰਬਾਦ ਕੀਤਾ ਅਤੇ ਇਨ੍ਹਾਂ ਲੋਕਾਂ ਨੂੰ ਜੰਗਲ ਬੇਲਿਆਂ ਵਿੱਚ ਸਮਾਂ ਗੁਜ਼ਾਰਨਾ ਪਿਆ। ਅਸਲ ਚ ਇਹ ਵੱਡੇ ਵਪਾਰੀ ਸਨ ਪਰ ਅੱਜ ਸਿੱਖੀ ਬਦਲੇ ਕੰਗਾਲਾਂ ਵਾਂਗ ਬਤੀਤ ਕਰ ਰਹੇ ਹਨ। ਅੱਜ ਵੀ ਇਹ ਟੱਪਰੀਵਾਸ ਬਣੇ ਨਾਨਕ ਪੰਥੀ ਅਖਵਾ ਰਹੇ ਹਨ । ਇਹ ਗ਼ਰੀਬ ਸਿੱਖ ਭਾਰਤ ਵਿੱਚ ਜਿੱਥੇ ਵੀ ਬੈਠੇ ਹਨ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਾਰ ਲਈ ਮਜਬੂਰ ਹਨ। ਜਿਨ੍ਹਾਂ ਦੀ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਗਿਣਤੀ ਕਰੋੜਾਂ ਵਿੱਚ ਹੈ। ਇਹਨਾਂ ਲੋਕਾਂ ਦੀ ਬਾਂਹ ਫੜਨ ਦੀ ਲੋੜ ਹੈ। ਉਹਨਾਂ ਕਿਹਾ ਕਿ ਖ਼ਾਲਸੇ ਦੀ ਜ਼ੁਲਮ ਨਾਲ ਟੱਕਰ ਰਹੀ ਅਤੇ ਰਹੇਗੀ।ਉਹਨਾਂ ਬਚਿਆਂ ਨੂੰ ਗੁਰਸਿੱਖੀ ਅਤੇ ਵਿਰਸੇ ਨਾਲ ਜੋੜੀ ਰੱਖਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਹਨਾਂ ਸੰਗਤ ਨੂੰ ਅੰਮ੍ਰਿਤਧਾਰੀ ਹੋਣ ਅਤੇ ਗੁਰਸਿੱਖੀ ‘ਚ ਪਰਪੱਕ ਹੋਣ ਲਈ ਪ੍ਰੇਰਿਆ। ਇਸ ਤੋਂ ਪਹਿਲਾਂ ਉਹਨਾਂ ਗੁਰਦਵਾਰਾ ਸੀਸਗੰਜ ਸਾਹਿਬ ਤੋਂ ਗੁਰਦਵਾਰਾ ਰਕਾਬਗੰਜ ਤਕ ਦੇ ਨਗਰ ਕੀਰਤਨ ਦੀ ਆਰੰਭਤਾ ਮੌਕੇ ਹਿੱਸਾ ਲਿਆ।