ਹੋਲੀ ਸਿਟੀ ਦੇ ਗੁਰਦੁਆਰਾ ਸਾਹਿਬ ਵਿੱਚ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼

0
288
ਅੰਮ੍ਰਿਤਸਰ,ਰਾਜਿੰਦਰ ਰਿਖੀ -ਸਥਾਨਕਹੋਲੀ ਸਿਟੀ ਕਾਲੋਨੀ ਵਿੱਚ ਕਤਲ ਦੀ ਹੋਈ ਵਾਰਦਾਤ ਤੋਂ ਬਾਅਦ ਕੁਝ ਅਨਸਰਾਂ ਵਲੋਂ ਹੁਣ ਕਾਲੋਨੀ ਦੇ ਅੰਦਰ ਗੁਰਦੁਆਰਾ ਸਾਹਿਬ ਦੀ ਕੰਧ ਪਾੜਕੇ ਇੱਕ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਤਿੰਨ ਅਣਪਛਾਤੇ ਵਿਅਕਤੀ ਜਿੰਨਾਂ ਨੇ ਮੂੰਂਹ ਬੰਨੇ ਹੋਏ ਸਨ ਰਾਤ ਕਰੀਬ ਇੱਕ ਵਜੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਅਦਾਲਤ ਸਾਹਿਬ ਵਿੱਚ ਕੰਧ ਪਾੜਕੇ ਦਾਖਲ ਹੋਏ। ਉਹਨਾਂ ਵਿਅਕਤੀਆਂ ਨੇ ਗੁਰਦੁਆਰਾ ਸਾਹਿਬ ਦੇ ਉਸ ਕਮਰੇ ਦੇ ਦਰਵਾਜ਼ੇ ਤੋੜਨ ਦੀ ਕੋਸ਼ਿਸ਼ ਕੀਤੀ ਜਿਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ। ਅਚਾਨਕ ਕਮਰੇ ਅੰਦਰ ਸੁੱਤੇ ਗ੍ਰੰਥੀ ਸਿੰਘ ਦੀ ਜਾਗ ਖੁੱਲਣ ਕਾਰਨ ਇਹ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ। ਗੁਰਦੁਆਰਾ ਸਾਹਿਬ ਵਿਖੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਇਹਨਾਂ ਦੀਆਂ ਤਸਵੀਰਾਂ ਆ ਗਈਆਂ ਹਨ। ਜਦੋਂ ਇਹਨਾਂ ਵਿਅਕਤੀਆਂ ਨੂੰ ਇਹ ਪਤਾ ਲੱਗਾ ਕਿ ਉਹਨਾਂ ਦੀਆਂ ਤਸਵੀਰਾਂ ਕੈਮਰਾ ਵਿਚ ਆ ਗਈਆਂ ਹਨ ਤਾਂ ਜਾਂਦੇ ਹੋਏ ਉਹ ਤੇਜ਼ ਧਾਰ ਹਥਿਆਰ ਨਾਲ ਕੈਮਰਾ ਵੀ ਤੋੜ ਗਏ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਚੌਂਕੀ ਗੁਮਟਾਲਾ ਵਲੋਂ ਮੌਕੇ ‘ਤੇ ਆ ਕੇ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ ਹੈ। ਪੁਲਿਸ ਨੇ ਕੈਮਰਿਆਂ ਦੀ ਫੁੱਟੇਜ਼ ਵੀ ਲੈ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਥੇ ਵਰਣਨਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕਾਲੋਨੀ ਵਿਚ ਕੁਝ ਹਥਿਆਰਬੰਦ ਵਿਅਕਤੀਆਂ ਵਲੋਂ ਇਕ ਪਟਰੌਲ ਪੰਪ ਦੇ ਮਾਲਕ ਦੀ ਉਸਦੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਪਰ ਅੱਜ 20 ਦਿਨ ਬੀਤ ਜਾਣ ਤੇ ਵੀ ਪੁਲਿਸ ਅਜੇ ਤੱਕ ਉਸਦਾ ਕੋਈ ਸੁਰਾਗ ਨਹੀਂ ਲਗਾ ਸਕੀ। ਨਿੱਤ ਦਿਨ ਵਾਪਰ ਰਹੀਆਂ ਇਹਨਾਂ ਘਟਨਾਵਾਂ ਨੂੰ ਲੈ ਕੇ ਕਾਲੋਨੀ ਵਾਸੀਆਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ।
ਕਾਲੋਨੀ ਵਾਸੀਆਂ ਵਲੋਂ ਆਪਣੀ ਸੁਰੱਖਿਆ ਖੁਦ ਕਰਨ ਦੇ ਮਕਸਦ ਨਾਲ ਆਪਣੇ ਪੱਧਰ ‘ਤੇ ਸੁਰੱਖਿਆ ਕਰਮਚਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਪਰ ਕਲੋਨਾਈਜ਼ਰ ਵਲੋਂ ਗੁੰਢਾਗਰਦੀ ਵਿਖਾਈ ਜਾਣ ਦੇ ਰੋਸ ਵਜੋਂ ਲੋਕ ਪਿਛਲੇ ਕਈ ਦਿਨਾਂ ਤੋਂ ਸੜਕਾਂ ‘ਤੇ ਉਤਰੇ ਹੋਏ ਹਨ।ਹੋਲੀ ਸਿਟੀ ਟਾਊਨਸ਼ਿਪ ਐਸੋਸੀੲਏਸ਼ਨ ਦੇ ਚੀਫ ਪੈਟਰਨ ਰਿਟਾਇਰਡ ਜੁਆਇੰਟ ਡਿਪਟੀ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਐਚ.ਐਸ.ਘੁੰਮਣ, ਰਾਜਨ ਮਾਨ, ਗੁਰਦੇਵ ਸਿੰਘ ਮਾਹਲ, ਗੁਰਪ੍ਰੀਤ ਸਿੰਘ ਸਿੱਧੂ, ਸਾਬਕਾ ਰਜਿਸਟਰਾਰ ਡਾ ਸ਼ਰਨਜੀਤ ਸਿੰਘ ਢਿੱਲੋਂ, ਵਿਜੇ ਸ਼ਰਮਾ, ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਕਤਲ ਦੀ ਵਾਰਦਾਤ ਤੋਂ ਬਾਅਦ ਕਾਲੋਨੀ ਵਾਸੀਆਂ ਵਲੋਂ ਆਪਣੀ ਸੁਰੱਖਿਆ ਖੁਦ ਕਰਨ ਲਈ ਚੁੱਕੇ ਗਏ ਕਦਮਾਂ ਤਹਿਤ ਕਲੋਨਾਈਜ਼ਰ ਢਿੱਲੋਂ ਬਿਲਡਰ ਵਲੋਂ ਆ ਕੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਅਤੇ ਅਜਿਹਾ ਕਰਨ ਤੇ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸੁਰੱਖਿਆ ਦੇ ਕੋਈ ਪ੍ਰਬੰਧ ਨਾ ਹੋਣ ਕਾਰਨ ਮਾੜੇ ਅਨਸਰਾਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹੋ ਗਏ ਹਨ ਅਤੇ ਹੁਣ ਉਹਨਾਂ ਨੇ ਗੁਰਦੁਆਰਾ ਸਾਹਿਬ ਵਿੱਚ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਪੁਲਿਸ ਵਲੋਂ ਵੀ ਕਲੋਨੀ ਵਾਸੀਆਂ ਦਾ ਸਾਥ ਦੇਣ ਦੀ ਬਜਾਏ ਕਲੋਨਾਈਜ਼ਰ ਨੂੰ ਢਿੱਲ ਦਿੱਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਇਸ ਸਬੰਧੀ ਉਹਨਾਂ ਵਲੋਂ ਕੁਝ ਦਿਨ ਪਹਿਲਾਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਪੱਤਰ ਵੀ ਦਿੱਤਾ ਗਿਆ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।  ਉਹਨਾਂ ਕਿਹਾ ਕਿ ਇਸ ਸਬੰਧੀ ਉਹ ਮੁੱਖ ਮੰਤਰੀ ਅਤੇ ਡਿਪਟੀ ਕਮਿਸ਼ਨਰ ਅਤੇ ਪੁੱਡਾ ਅਧਿਕਾਰੀਆਂ ਨੂੰ ਵੀ ਮਿਲਕੇ ਆਪਣੇ ਦੁੱਖੜੇ ਦੱਸ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਕਾਲੋਨੀ ਦੀ ਸੁਰੱਖਿਆ ‘ਤੇ ਹੋਰ ਕਈ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਉਹ ਕਲੋਨਾਈਜ਼ਰ ਵਿਰੁੱਧ ਪ੍ਰਸ਼ਾਸ਼ਨ ਨੂੰ ਪਹਿਲਾਂ ਵੀ ਕਈ ਵਾਰ ਲਿਖਕੇ ਦੇ ਚੁੱਕੇ ਹਨ ਪਰ ਕਲੋਨਾਈਜ਼ਰ ਤੇ ਪ੍ਰਸ਼ਾਸ਼ਨ ਦੀ ਕਥਿਤ ਮਿਲੀਭੁਗਤ ਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ।ਉਹਨਾਂ ਕਿਹਾ ਕਿ ਲੁੱਟ ਖਸੁੱਟ ਦੀਆਂ ਪਹਿਲਾਂ ਵੀ ਬਹੁਤ ਵਾਰਦਾਤਾਂ ਹੋ ਚੁੱਕੀਆਂ ਹਨ । ਉਹਨਾਂ ਕਿਹਾ ਕਿ ਆਪਣੀ ਸੁਰੱਖਿਆ ਕਰਨ ਦਾ ਅਧਿਕਾਰ ਹਰ ਵਿਅਕਤੀ ਨੂੰ ਹੈ ਪਰ ਇਥੇ ਜਦੋਂ ਅਸੀਂ ਕਾਲੋਨੀ ਦੇ ਸੁਰੱਖਿਆ ਪ੍ਰਬੰਧ ਆਪਣੇ ਖਰਚੇ ‘ਤੇ ਕਰਨ ਦਾ ਫੈਸਲਾ ਕੀਤਾ ਹੈ ਤਾਂ ਪੁਲਿਸ ਕਲੋਨਾਈਜ਼ਰ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਸਾਨੂੰ ਸਮਝਾਉਣ ਦੀਆਂ ਬਾਤਾਂ ਪਾ ਰਹੀ ਹੈ। ਉਹਨਾਂ ਕਿਹਾ ਕਿ ਇਕ ਪਾਸੇ ਹਜ਼ਾਰਾਂ ਕਾਲੋਨੀ ਵਾਸੀਆਂ ਦੀ ਜਿੰਦਗੀਆਂ ਦਾ ਸਵਾਲ ਹੈ ਅਤੇ ਦੂਜੇ ਪਾਸੇ ਗੁੰਢਾਗਰਦੀ ਕਰ ਰਹੇ ਕਲੋਨਾਈਜ਼ਰ ਦੀਆਂ ਧੱਕੇਸ਼ਾਹੀਆਂ ਹਨ। ਉਹਨਾਂ ਕਿਹਾ ਕੇ ਜੇਕਰ ਪੁਲਿਸ ਪ੍ਰਸ਼ਾਸ਼ਨ ਨੇ ਸਾਨੂੰ ਆਪਣੀ ਸੁਰੱਖਿਆ ਕਰਨ ਤੋਂ ਰੋਕਿਆ ਤਾਂ ਉਹ  ਸੜਕੀ ਆਵਾਜਾਈ ਬੰਦ ਕਰਕੇ ਧਰਨਾ ਦੇਣਗੇ। ਉਹਨਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਅਤੇ ਡੀ ਜੀ ਪੀ ਪੰਜਾਬ  ਨੂੰ ਵੀ ਪੱਤਰ ਲਿਖਕੇ ਮੰਗ ਕੀਤੀ ਗਈ ਹੈ ਕਿ ਇਸ ਕਲੋਨਾਈਜ਼ਰ ਵਿਰੁੱਧ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਕਲੋਨਾਈਜ਼ਰ ਦੇ ਲਾਇਸੰਸ ਕਈ ਸਾਲ ਪਹਿਲਾਂ ਦੇ ਖਤਮ ਹੋ ਚੁੱਕੇ ਹਨ ਅਤੇ ਇਹ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾ ਰਿਹਾ ਹੈ ਪਰ ਸਰਕਾਰ ਇਸ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਅਜਿਹੇ ਕਲੋਨਾਈਜ਼ਰਾਂ ਵਿਰੁੱਧ ਸਖਤ ਅੈਕਸ਼ਨ ਲਿਆ ਜਾਵੇ ਜੋ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾ ਰਿਹਾ ਹੈ। ਇਸਦੀ ਜਾਇਦਾਦ ਦੀ ਜਾਂਚ ਕਰਵਾਈ ਜਾਵੇ।

LEAVE A REPLY

Please enter your comment!
Please enter your name here