* ਮਾਤਾ ਸੀਤਾ ਦਾ ਰੋਲ ਕਰਕੇ ਇਤਿਹਾਸ ਰਚਣ ਵਾਲੀ ਲੜਕੀ ਗੌਰੀ ਨੂੰ ਕੀਤਾ ਗਿਆ ਉਚੇਚੇ ਤੌਰ ’ਤੇ ਸਨਮਾਨਿਤ।
ਨੂਰਮਹਿਲ, ਨਕੋਦਰ, ਮਹਿਤਪੁਰ, (ਹਰਜਿੰਦਰ ਪਾਲ ਛਾਬੜਾ)-ਲੋਕਾਂ ਨੂੰ ਲੋਭ ਮੋਹ ਹੰਕਾਰ ਛੱਡਣ ਅਤੇ ਇੱਕ ਆਦਰਸ਼ ਜੀਵਨ ਜਿਊਣ ਦਾ ਸੁਨੇਹਾ ਦਿੰਦਿਆਂ ਰਾਮਾ ਡਰਾਮਾਟਿਕ ਕਲੱਬ ਨੂਰਮਹਿਲ ਦੇ ਪ੍ਰਬੰਧਕਾਂ ਵੱਲੋਂ ਰਾਮ ਲੀਲ੍ਹਾ ਨਾਟਕਾਂ ਦੀ ਲੰਘੀ ਰਾਤ ਆਖ਼ਰੀ ਧਾਰਮਿਕ ਪੇਸ਼ਕਸ਼ ਕੀਤੀ ਗਈ। ਰਾਮ-ਰਾਵਣ ਯੁੱਧ ਦੇ ਜ਼ਬਰਦਸਤ ਸੀਨ ਪੇਸ਼ ਕੀਤੇ ਗਏ। ਇਸ ਯੁੱਧ ਦੌਰਾਨ ਉਸ ਵਕਤ ਸੰਨਾਟਾ ਛਾ ਗਿਆ ਜਦੋਂ ਪ੍ਰਭੂ ਸ਼੍ਰੀ ਰਾਮ ਜੀ ਨੇ ਰਾਵਣ ਦੀ ਧੁੰਨੀ ਵਿੱਚ ਸਥਾਪਤ ਅੰਮ੍ਰਿਤ ਕੁੰਡ ਨੂੰ ਆਪਣੇ ਇੱਕ ਅਗਨੀ ਬਾਣ ਨਾਲ ਸੁਖਾ ਦਿੱਤਾ ਅਤੇ ਰਾਵਣ ਦੇ ਪ੍ਰਾਣ ਨਿਕਲ ਗਏ। ਪ੍ਰਾਣ ਨਿਕਲਦਿਆਂ ਸਾਰ ਹੀ ਰਾਵਣ ਦਾ ਹੰਕਾਰ ਟੁੱਟ ਗਿਆ, ਈਸ਼ਵਰ ਦਿਖਾਈ ਦੇਣ ਲੱਗ ਪਿਆ ਅਤੇ ਆਪਣੇ ਅੰਤਿਮ ਸਮੇਂ ਸ਼੍ਰੀ ਰਾਮ ਪੁਕਾਰਣ ਲੱਗ ਪਿਆ। ਦੱਸ ਦੇਈਏ ਕਿ ਇੱਕ ਅੰਮ੍ਰਿਤ ਕੁੰਡ ਹੀ ਸੀ ਜਿਸ ਕਾਰਣ ਰਾਵਣ ਨੂੰ ਲੱਗਣ ਲੱਗ ਪਿਆ ਕਿ ਉਹ ਖੁਦ ਹੀ ਰੱਬ ਹੈ। ਚਾਰੇ ਵੇਦਾਂ ਦਾ ਗਿਆਤਾ ਰਾਵਣ ਅੱਤਿਆਚਾਰੀ ਅਤੇ ਅਨੁਚਿੱਤ ਕਾਰਜਾਂ ਵਿੱਚ ਏਨਾ ਮਗਨ ਹੋ ਗਿਆ ਕਿ ਉਸ ਨੂੰ ਜਗਤ ਜਨਨੀ ਮਾਤਾ ਸੀਤਾ ਇੱਕ ਖ਼ੂਬਸੂਰਤ ਔਰਤ ਲੱਗੀ ਅਤੇ ਧੋਖੇ ਨਾਲ ਚੁੱਕ ਕੇ ਲੰਕਾਂ ਲੈ ਆਇਆ ਜੋ ਰਾਵਣ ਦੇ ਪੂਰੇ ਵੰਸ਼ ਦੇ ਪਤਨ ਦਾ ਕਾਰਣ ਬਣੀ। ਸਿੱਖਿਆ ਮਿਲੀ ਕਿ ਸਾਨੂੰ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ, ਬੁਰੀ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ ਨਹੀਂ ਤਾਂ ਪਤਨ ਸਾਡੇ ਸਾਹਮਣੇ ਹੀ ਹੈ। ਭਰਤ ਮਿਲਾਪ ਦੇ ਸੀਨ ਤੋਂ ਇਹ ਸਿੱਖਿਆ ਮਿਲੀ ਕਿ ਸਾਨੂੰ ਰਿਸ਼ਤੇ ਨਿਭਾਉਣੇ ਚਾਹੀਦੇ ਹਨ ਨਾ ਕਿ ਭਰਾਵਾਂ ਵਰਗੇ ਪਵਿੱਤਰ ਰਿਸ਼ਤਿਆਂ ਦਾ ਜ਼ਮੀਨ-ਜਾਇਦਾਦਾਂ ਜਾਂ ਰਾਜ ਪਾਟ ਬਦਲੇ ਕਤਲ ਕਰ ਦੇਣਾ ਚਾਹੀਦਾ ਹੈ। ਕਲੱਬ ਦੇ ਪ੍ਰਧਾਨ ਭੂਸ਼ਣ ਸ਼ਰਮਾਂ ਵੱਲੋਂ ਰਾਮ ਲੀਲ੍ਹਾ ਦੇ ਪਾਤਰਾਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਕਿਉਂਕਿ ਅਸਲ ਵਿਚ ਇਹਨਾਂ ਪਾਤਰਾਂ ਦੀ ਕਲਾ ਕਾਰਣ ਹੀ ਲੋਕ ਦੇਰ ਰਾਤ ਇੱਕ-ਇੱਕ ਵਜੇ ਤੱਕ ਭਗਤੀ ਵਿੱਚ ਲੀਨ ਹੋ ਕੇ ਰਾਮ ਲੀਲ੍ਹਾ ਦਾ ਆਨੰਦ ਮਾਣ ਰਹੇ ਸਨ। ਸਨਮਾਨ ਸਮਾਰੋਹ ਸਮੇਂ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ, ਕਲੱਬ ਦੇ ਡਾਇਰੈਕਟਰ ਸ਼ਸ਼ੀ ਭੂਸ਼ਣ ਪਾਸੀ, ਸੁਰਿੰਦਰ ਡੋਲ, ਅਸ਼ੋਕ ਵਿਆਸ, ਵਿਜੇ ਛਾਬੜਾ, ਕੌਂਸਲਰ ਦੀਪਕ ਕੁਮਾਰ, ਐਨ.ਆਰ.ਆਈ ਸ਼ਿਵੀ ਓਹਰੀ ਨੇ ਮਿਲਕੇ ਰਾਮਾ ਡਰਾਮਾਟਿਕ ਕਲੱਬ ਦੀ ਸਟੇਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਨੂਰਮਹਿਲ ਦੀ ਧੀ ਗੌਰੀ ਕਾਹਲੋਂ ਵੱਲੋਂ ਸੀਤਾ ਮਾਤਾ ਦਾ ਰੋਲ ਕਰਨ ਲਈ ਉਚੇਚੇ ਤੌਰ ਸਨਮਾਨਿਤ ਕੀਤਾ ਗਿਆ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੀ ਵਾਰ ਨਾਟਕਾਂ ਵਿੱਚ ਨੂਰਮਹਿਲ ਦੀਆਂ ਧੀਆਂ ਗੌਰੀ ਤੋਂ ਪ੍ਰੇਰਿਤ ਹੋ ਕੇ ਵੱਧ ਚੜ੍ਹਕੇ ਹਿੱਸਾ ਲੈਣਗੀਆਂ।