ਅਕਾਲੀ ਲੀਡਰਸ਼ਿਪ ਤੇ ਸ਼੍ਰੋਮਣੀ ਕਮੇਟੀ ਨੇ ਖ਼ੁਦ ਕਿਹਾ ਮੋਦੀ ਨੂੰ ’ਮਸੀਹਾ’ – ਪ੍ਰੋ. ਸਰਚਾਂਦ ਸਿੰਘ ਖਿਆਲਾ।

0
30
ਅਕਾਲੀ ਲੀਡਰਸ਼ਿਪ ਤੇ ਸ਼੍ਰੋਮਣੀ ਕਮੇਟੀ ਨੇ ਖ਼ੁਦ ਕਿਹਾ ਮੋਦੀ ਨੂੰ ’ਮਸੀਹਾ’ – ਪ੍ਰੋ. ਸਰਚਾਂਦ ਸਿੰਘ ਖਿਆਲਾ।

ਅਕਾਲੀ ਲੀਡਰਸ਼ਿਪ ਦਾ ਭਾਜਪਾ ਅਤੇ ਪੀ ਐਮ ਨਰਿੰਦਰ ਮੋਦੀ ਪ੍ਰਤੀ ਦੋਹਰੇ ਮਾਪਦੰਡ ?
ਅਕਾਲੀ ਲੀਡਰਸ਼ਿਪ ਤੇ ਸ਼੍ਰੋਮਣੀ ਕਮੇਟੀ ਨੇ ਖ਼ੁਦ ਕਿਹਾ ਮੋਦੀ ਨੂੰ ’ਮਸੀਹਾ’ – ਪ੍ਰੋ. ਸਰਚਾਂਦ ਸਿੰਘ ਖਿਆਲਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਭਾਜਪਾ ਪ੍ਰਤੀ ਟਿੱਪਣੀਆਂ ਪੂਰੀ ਤਰਾਂ ਰਾਜਨੀਤੀ ਤੋਂ ਪ੍ਰੇਰਿਤ ਅਤੇ ਗੁਮਰਾਹਕੁਨ ।
ਇਹ ਕਿਹੋ ਜਿਹੀ ਸਿੱਖ ਹਿਤੈਸ਼ੀ ਪਾਰਟੀ ਹੈ ਕਿ ਸਿੱਖਾਂ ਦੀ ਧਾਰਮਿਕ ਰਾਜਧਾਨੀ ਦੀ ਪ੍ਰਤੀਨਿਧਤਾ ਲਈ ਵੀ ਜਿਸ ਕੋਲ ਕੋਈ ਸਿੱਖ ਉਮੀਦਵਾਰ ਨਹੀਂ?
ਅੰਮ੍ਰਿਤਸਰ 1 ਮਈ (      ) ਭਾਜਪਾ ਦੇ ਸੂਬਾਈ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਭਾਜਪਾ ’ਤੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਤਾਸ਼ ਦੀ ਸਥਿਤੀ ’ਚ ਭਾਜਪਾ ਖ਼ਿਲਾਫ਼ ਝੂਠਾ ਬਿਰਤਾਂਤ ਬਿਠਾਉਣ ਦੀ ਕੋਸ਼ਿਸ਼ ਕਰਕੇ ਆਪਣੀਆਂ ਨਾਕਾਮੀਆਂ ਤੋਂ ਨਿਕਲਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਇੱਕੋ ਧਾਰਾ ਦੇ ਹੀ ਦੋ ਅੰਗ ਹਨ , ਤਾਂ ਫਿਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਹਵਾਲੇ ਨਾਲ ਭਾਜਪਾ ਪ੍ਰਤੀ ਅਕਾਲੀ ਖ਼ੈਮੇ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਪੂਰੀ ਤਰਾਂ ਰਾਜਨੀਤੀ ਤੋਂ ਪ੍ਰੇਰਿਤ ਅਤੇ ਗੁਮਰਾਹਕੁਨ ਹਨ। ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ ਕਿ ਕੀ ਜਿਸ ਭਾਜਪਾ ’ਤੇ ਸਿੱਖ ਵਿਰੋਧੀ ਹੋਣ ਦੇ ਬੇਬੁਨਿਆਦ ਬਿਆਨਾਂ ਰਾਹੀਂ ਸਿੱਖ ਸੰਗਤ ਨੂੰ ਗੁਮਰਾਹ ਕਰਨ ਦੀ ਅਕਾਲੀ ਲੀਡਰਸ਼ਿਪ ਕੋਸ਼ਿਸ਼ ਕਰ ਰਹੀ ਹੈ, ਉਸੇ ਪਾਰਟੀ ਦੀ ਸਰਕਾਰ ਜਿਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਮਸਲਿਆਂ ਨੂੰ ਲੈ ਕੇ ਕੀਤੀਆਂ ਗਈਆਂ ਪਹਿਲ ਕਦਮੀਆਂ ਦੇ ਲਈ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਸਟੇਜ ਤੋਂ ਨਰਿੰਦਰ ਮੋਦੀ ਦੀ ’ਮਸੀਹਾ’ ਕਹਿ ਕੇ ਕੀਤੀ ਗਈ ਵਡਿਆਈ ਕੀ ਮਹਿਜ਼ ਇਕ ਡਰਾਮ ਸੀ? ਉਹ ਇਕ ਡਰਾਮਾ ਸੀ ਤਾਂ ਪੰਥਕ ਸਟੇਜ ਦੀ ਕਿਸੇ ਡਰਾਮੇਬਾਜ਼ੀ ਲਈ ਦੁਰਵਰਤੋਂ ਨਾ ਬਖਸ਼ੇਜਾਣਯੋਗ ’ਗੁਨਾਹ’ ਹੈ।  ਉਨ੍ਹਾਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਲੀਡਰਸ਼ਿਪ ਨੂੰ ਯਾਦ ਦਿਵਾਉਂਦਿਆਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲੰਘੇ ਦੀ ਸਿੱਖ ਕੌਮ ਵੱਲੋਂ 70 ਸਾਲਾਂ ਤੋਂ ਕੀਤੀ ਜਾ ਰਹੀ ਮੰਗ ਪੂਰੀ ਕਰਨ ’ਤੇ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੌਮੀ ਸੇਵਾ ਅਵਾਰਡ ਨਾਲ ਸਨਮਾਨਿਤ ਕਰਨ ਸਮੇਂ ਸ਼੍ਰੋਮਣੀ ਕਮੇਟੀ ਨੇ ਲਿਖਤੀ ਸਨਮਾਨ ਪੱਤਰ ’ਚ ਖ਼ੁਦ ਲਿਖਿਆ ਕਿ ’’ਸਤਿਗੁਰੂ ਸੱਚੇ ਪਾਤਿਸ਼ਾਹ ਜੀ ਦੇ 550 ਵੇਂ ਪ੍ਰਕਾਸ਼ ਪੁਰਬ ’ਤੇ ਸਿੱਖ ਸੰਗਤ ਨੂੰ ਇਸ ਤੋਂ ਵੱਡੀ ਰੱਬੀ ਦਾਤ ਕੀ ਮਿਲ ਸਕਦੀ ਸੀ ਕਿ ਦੇਸ਼ ਦਾ ਕੋਈ ਮੁਖੀਆ ’ਮਸੀਹਾ’ ਬਣਕੇ ਸਿੱਖ ਜਗਤ ਦੀ ਇਸ ਸੱਧਰ ਦੀ ਪੂਰਤੀ ਲਈ ਸਿਆਸੀ, ਪ੍ਰਸ਼ਾਸਨਿਕ ਅਤੇ ਕੂਟਨੀਤਕ ਦਲੇਰੀ ਦਾ ਮੁਜ਼ਾਹਰਾ ਕਰੇ।’’ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਭਾਜਪਾ ਦਾ ਇਹੀ ਸਿੱਖ ਵਿਰੋਧੀ ਏਜੰਡਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਗੁਰੂ ਸਾਹਿਬਾਨ ਦਾ ਹਮੇਸ਼ਾਂ ਦਿਲੋਂ ਸਤਿਕਾਰ ਕੀਤਾ। ਜਿਸ ਲਾਲ ਕਿਲ੍ਹੇ ਤੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਲਈ ਸ਼ਹੀਦੀ ਦਾ ਫ਼ਰਮਾਨ ਜਾਰੀ ਹੋਇਆ, ਭਾਜਪਾ ਸਰਕਾਰ ਵੱਲੋਂ ਉਸੇ ਲਾਲ ਕਿਲ੍ਹੇ ’ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਜਦਾ ਕਰਨ ਲਈ ਹਰ ਸਾਲ ਵੀਰ ਬਾਲ ਦਿਵਸ ਮਨਾਇਆ ਜਾਂਦਾ ਹੈ। ਕੀ ਇਹ ਗ਼ਲਤ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕਰਦਿਆਂ ਪਾਰਲੀਮੈਂਟ ’ਚ ਜੂਨ ’84 ’ਚ ਸ੍ਰੀ ਦਰਬਾਰ ਸਾਹਿਬ ’ਤੇ ਕਾਂਗਰਸ ਵੱਲੋਂ ਕਰਾਏ ਗਏ ਹਥਿਆਰਬੰਦ ਹਮਲੇ ਨੂੰ ’ਹਮਲਾ’ ਕਰਾਰ ਦਿੱਤਾ। ਨਵੰਬਰ  ’84ਦੇ ਸਿੱਖ ਕਤਲੇਆਮ ਨੂੰ ’ਭਿਆਨਕ ਨਰਸੰਹਾਰ’ ਕਰਾਰ ਦਿੱਤਾ। ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ, ਜਦੋਂ ਕਿ ਕਾਂਗਰਸ  ਨੇ 35 ਸਾਲਾਂ ਤਕ ਦੋਸ਼ੀਆਂ ਨੂੰ ਬਚਾਈ ਰੱਖਿਆ ਸੀ। ਕਤਲੇਆਮ ਪੀੜਤਾਂ ਨੂੰ ਮਾਲੀ ਮਦਦ ਅਤੇ ਜੋਧਪੁਰ ਨਜ਼ਰਬੰਦਾਂ ਨੂੰ ਮੁਆਵਜ਼ਾ ਦੇਣ ਦੀ ਪਹਿਲ ਕਦਮੀ ਕੀਤੀ। ਕਾਲੀ ਸੂਚੀ ਦਾ ਖ਼ਾਤਮਾ ਕੀਤਾ।  ਅਫ਼ਗ਼ਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਤੇ ਅਨੇਕਾਂ ਸਿੱਖਾਂ ਨੂੰ ਸੁਰੱਖਿਅਤ ਲਿਆਂਦੇ ਗਏ। ਸਿੱਖ ਸ਼ਰਨਾਰਥੀਆਂ ਲਈ ਨਾਗਰਿਕਤਾ ਸੋਧ ਕਾਨੂੰਨ ਦਾ ਲਾਭ ਦਿੱਤਾ। ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਸਰਕਾਰ ਨੇ ਸਿੱਖਾਂ ਲਈ ਅਨੇਕਾਂ ਪਹਿਲ ਕਦਮੀਆਂ ਕੀਤੀਆਂ ਹਨ। ਕੁਝ ਮਾਮਲੇ ਲੰਬਿਤ ਹਨ ਉਹ ਵੀ ਜਲਦ ਹੱਲ ਕਰ ਲਏ ਜਾਣਗੇ। ਪ੍ਰੋ. ਸਰਚਾਂਦ ਸਿੰਘ ਨੇ ਅੱਗੇ ਕਿਹਾ ਕਿ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਜ਼ਿੰਮੇਵਾਰੀ ਖ਼ੁਦ ਅਕਾਲੀ ਲੀਡਰਸ਼ਿਪ ਨੂੰ ਲੈਣੀ ਚਾਹੀਦੀ ਹੈ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਅਕਾਲੀ ਦਲ ਦਾ ਜੋ ਹੁਣ ਹਸ਼ਰ ਬਣ ਚੁੱਕਾ ਹੈ ਉਹ ਸਿੱਖ ਪੰਥ ਨੂੰ ਪਿੱਠ ਦਿਖਾਉਣ ਕਰਕੇ ਹੀ ਸਿੱਖ ਸੰਗਤ ਵੱਲੋਂ ਦਿੱਤੇ ਗਏ ਮੋਹ ਤੋੜ ਜਵਾਬ ਦਾ ਨਤੀਜਾ ਹੈ। ਭਾਜਪਾ ਆਗੂ ਨੇ ਨੈਤਿਕ ਪਤਨ ਲਈ ਅਕਾਲੀ ਲੀਡਰਸ਼ਿਪ ਨੂੰ ਸਵੈ ਪੜਚੋਲ -ਅੰਤਰ ਝਾਤ ਮਾਰਨ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਡੇਰਾ ਸਾਧ ਨੂੰ ਬਿਨਾ ਮੰਗਿਆ  ਮੁਆਫ਼ੀ ਦੇਣ ਵਾਲੇ ਕੌਣ ਹਨ? ਸਲਾਮਤ ਪੁਰਾ ਡੇਰੇ ’ਚ ਅਮ੍ਰਿਤਛਕਾਉਣ ਅਤੇ ਗੁਰੂ ਦਸਮੇਸ਼ ਪਿਤਾ ਦਾ ਸਵਾਂਗ ਰਚਣ ਲਈ ਪੁਸ਼ਾਕ ਕਿਸ ਨੇ ਉਪਲਬਧ ਕਰਾਇਆ ? ਅਕਾਲੀ ਲੀਡਰਸ਼ਿਪ ਦੇ ਦਬਾਅ ਅਧੀਨ ਮੁਆਫ਼ੀ ਨਾਮਾ ਨੂੰ ਦਰੁਸਤ ਠਹਿਰਾਉਣ ਲਈ ਸ਼੍ਰੋਮਣੀ ਕਮੇਟੀ ਰਾਹੀਂ ਗੁਰੂ ਕੇ ਖ਼ਜ਼ਾਨੇ ਵਿਚੋਂ  80- 90 ਲੱਖ ਦੇ ਇਸ਼ਤਿਹਾਰ ਕਿਸ ਨੇ ਜਾਰੀ ਕਰਵਾਏ ਹਨ? ਉਨ੍ਹਾਂ ਕਿਹਾ ਕਿ  ਸਿੱਖ ਕੌਮ ਜਾਗਰੂਕ ਹੋ ਚੁੱਕੀ ਹੈ, ਅਕਾਲੀ ਲੀਡਰਸ਼ਿਪ ਦੀ ਸਿੱਖ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਦਾ ਹੁਣ ਕੋਈ ਅਸਰ ਨਹੀਂ ਹੋਵੇਗਾ। ਉਨ੍ਹਾਂ ਅਕਾਲੀ ਦਲ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਹ ਕਿਹੋ ਜਿਹੀ ਸਿੱਖ ਹਿਤੈਸ਼ੀ ਪਾਰਟੀ ਹੈ ਕਿ ਸਿੱਖਾਂ ਦੀ ਧਾਰਮਿਕ ਰਾਜਧਾਨੀ ਦੀ ਪ੍ਰਤੀਨਿਧਤਾ ਲਈ ਵੀ ਜਿਸ ਕੋਲ ਕੋਈ ਸਿੱਖ ਉਮੀਦਵਾਰ ਨਹੀਂ?

LEAVE A REPLY

Please enter your comment!
Please enter your name here