ਅਮਰੀਕਾ ਵਸਦੇ ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ਸ. ਗੁਲਿੰਦਰ ਸਿੰਘ ਗਿੱਲ ਵੱਲੋਂ ਕਿਸਾਨੀ ਅੰਦੋਲਨ ਦੇ 5 ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤੀ ਗਈ ਵਿੱਤੀ ਸਹਾਇਤਾ

0
315

ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਇਸ ਦੁਨੀਆਂ ‘ਤੇ ਬਹੁਤ ਸਾਰੇ ਦਿਆਲੂ ਅਤੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਇਨਸਾਨ ਮੌਜੂਦ ਹਨ , ਜੋ ਕਿ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਲੋੜਵੰਦਾਂ ਦੀ ਸਹਾਇਤਾ ਕਰਦੇ ਹਨ। ਅਜਿਹਾ ਹੀ ਇੱਕ ਮਨੁੱਖਤਾ ਦੀ ਸੇਵਾ ਕਰਨ ਵਾਲਾ ਇਨਸਾਨ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਸੈਕਰਾਮੈਂਟੋ ਵਸਦਾ ਇੱਕ ਉੱਘਾ ਕਾਰੋਬਾਰੀ ਤੇ ਸਮਾਜ ਸੇਵੀ ਸ. ਗੁਲਿੰਦਰ ਸਿੰਘ ਹੈ। ਸ. ਗੁਲਿੰਦਰ ਸਿੰਘ ਨੇ ਭਾਰਤ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ 5 ਕਿਸਾਨੀ ਪਰਿਵਾਰਾਂ ਦੀ 3.60 ਲੱਖ ਰੁਪਏ ਨਾਲ ਆਰਥਿਕ ਸਹਾਇਤਾ ਕੀਤੀ ਹੈ। ਜਿਕਰਯੋਗ ਹੈ ਕਿ ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿਖੇ ਪਿਛਲੇ ਦਿਨੀਂ ਕਿਸਾਨੀ ਅੰਦੋਲਨ ਨੂੰ ਸਮਰਪਿਤ ਇੱਕ ਸਮਾਗਮ ਵਿੱਚ ਸ. ਗੁਲਿੰਦਰ ਸਿੰਘ ਵੀ ਪਹੁੰਚੇ ਸਨ ਅਤੇ ਉਸ ਮੌਕੇ ਉਹਨਾਂ ਵੱਲੋਂ ਕਿਸਾਨੀ ਅੰਦੋਲਨ ਲਈ ਡਾਕਟਰ ਸਵੈਮਾਨ ਹੁਣਾਂ ਨੂੰ ਇੱਕ ਐਂਬੂਲੈਂਸ ਦੇਣ ਦੀ ਘੋਸ਼ਣਾ ਕੀਤੀ ਸੀ। ਜਿਸ ਦੇ ਬਾਅਦ ਐਂਬੂਲੈਂਸ ਦੀ ਸੇਵਾ ਕਿਸੇ ਹੋਰ ਵੱਲੋਂ ਕਰ ਦਿੱਤੀ ਗਈ ਅਤੇ ਸ. ਗੁਲਿੰਦਰ ਸਿੰਘ ਨੇ 5 ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਲਈ 3.60 ਲੱਖ ਦੀ ਵਿੱਤੀ ਸਹਾਇਤਾ ਕੀਤੀ। ਇਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਦੀ ਸਾਂਭ-ਸੰਭਾਲ ਲਈ ਆਤਮ ਪਰਗਾਸ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਯੋਜਨਾਬੱਧ ਯਤਨ ਕੀਤੇ ਜਾ ਰਹੇ ਹਨ। ਜਿਸ ਵਿੱਚ ਸ. ਗੁਲਿੰਦਰ ਸਿੰਘ ਜੀ ਨੇ ਹੇਠ ਲਿਖੇ 5 ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਸੇਵਾ ਸੰਭਾਲ ਲਈ 3.60 ਲੱਖ ਰੁਪਏ ਦਾ ਮਾਇਕ ਸਹਿਯੋਗ ਕੀਤਾ ਹੈ:
1. ਇਕਬਾਲ ਸਿੰਘ, ਪਿੰਡ ਗੰਡੇਰ, ਸ੍ਰੀ ਮੁਕਤਸਰ ਸਾਹਿਬ (ਦੁੱਧ ਦੇ ਕਾਰੋਬਾਰ ਲਈ ਇੱਕ ਮੱਝ ਦੀ ਖਰੀਦ ਲਈ 71 ਹਜ਼ਾਰ ਰੁਪਏ)
2. ਮਨਪ੍ਰੀਤ ਸਿੰਘ ਕਾਕਾ, ਭਵਾਨੀਗੜ੍ਹ, ਸੰਗਰੂਰ (ਦਰਜੀ ਦੀ ਦੁਕਾਨ ਖੋਲਣ ਲਈ 50 ਹਜ਼ਾਰ ਰੁਪਏ)
3. ਗੁਰਚਰਨ ਸਿੰਘ, ਪਿੰਡ ਮੁਲਾਂਪੁਰ, ਲੁਧਿਆਣਾ (ਟੈਂਪੂ ਦੀ ਖਰੀਦ ਲਈ 50 ਹਜ਼ਾਰ ਰੁਪਏ)
4. ਨਿਰਮਲ ਸਿੰਘ, ਪਿੰਡ ਮੰਡੇਰ, ਪਟਿਆਲਾ (ਪਰਿਵਾਰ ਦੇ ਗੁਜਰਾਨ ਲਈ 10 ਹਜ਼ਾਰ ਰੁਪਏ ਮਾਸਿਕ ਸਹਿਯੋਗ)
5. ਰਾਜ ਕੁਮਾਰ, ਪਿੰਡ ਕਾਹਮਾ, ਸ਼ਹੀਦ ਭਗਤ ਸਿੰਘ ਨਗਰ (ਪਰਿਵਾਰ ਦੇ ਗੁਜਰਾਨ ਲਈ 10 ਹਜ਼ਾਰ ਰੁਪਏ ਮਾਸਿਕ ਸਹਿਯੋਗ)
ਇਸ ਦੇ ਇਲਾਵਾ ਇਨ੍ਹਾਂ ਪਰਿਵਾਰਾਂ ਨਾਲ ਨਿਰੰਤਰ ਸੰਪਰਕ ਬਣਾ ਕੇ ਰੱਖਣ ਅਤੇ ਪਰਿਵਾਰ ਦੇ ਸਹਿਯੋਗ ਲਈ ਕ੍ਰਮਵਾਰ ਡਾ. ਰੁਪਿੰਦਰ ਕੌਰ (ਗੁਰੂ ਨਾਨਕ ਕਾਲਜ, ਸ੍ਰੀ ਮੁਕਤਸਰ ਸਾਹਿਬ), ਸ. ਮੇਜਰ ਸਿੰਘ (ਸਿੱਖ ਮਿਸ਼ਨਰੀ ਕਾਲਜ, ਸਰਕਲ ਨਾਭਾ), ਸ. ਧਰਮਿੰਦਰ ਸਿੰਘ (ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ), ਅਤੇ ਪ੍ਰਿ. ਰਣਜੀਤ ਸਿੰਘ (ਭਾਈ ਸੰਗਤ ਸਿੰਘ ਖਾਲਸਾ ਕਾਲਜ, ਸ਼ਹੀਦ ਭਗਤ ਸਿੰਘ ਨਗਰ) ਕੋਆਰਡੀਨੇਟਰ ਵਜੋਂ ਸੇਵਾ ਨਿਭਾ ਰਹੇ।

LEAVE A REPLY

Please enter your comment!
Please enter your name here