ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਦੀ ਸੰਭਾਲ ਕਰਨਾ

0
146

ਸਾਡਾ ਮੁੱਢਲਾ ਫਰਜ਼-ਚਰਨਜੀਤ ਸਿੰਘ ਅੱਕਾਂਵਾਲੀ
*ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਇਕ ਰੋਜ਼ਾ
ਸਿਖਲਾਈ ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਮਾਨਸਾ, 24 ਮਾਰਚ:
ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੈਣੀ ਬਾਘਾ ਵਿਖੇੇ ਇਕ ਰੋਜ਼ਾ ਸਿਖਲਾਈ ਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿੱਥੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ੍ਰ. ਚਰਨਜੀਤ ਸਿੰਘ ਅੱਕਾਂਵਾਲੀ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਹਾਜ਼ਰ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰ. ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਸਾਡੇ ਜੀਵਨ ਲਈ ਵਾਤਾਵਰਣ ਦੀ ਸ਼ੁੱਧਤਾ ਅਤੇ ਸੰਭਾਲ ਦਾ ਹੋਣਾ ਬਹੁਤ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਰੁੱਖ, ਪਾਣੀ ਅਤੇ ਹਵਾ ਦੀ ਅਹਿਮੀਅਤ ਨੂੰ ਸਮਝਦਿਆਂ ਇਨ੍ਹਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਉਣ ਦੀ ਅਹਿਮ ਲੋੜ ਹੈ, ਜਿਸ ਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਤੋਂ ਲੈ ਕੇ ਹਰ ਉਮਰ ਵਰਗ ਦੇ ਲੋਕਾਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਪ੍ਰੇਰਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਵੱਧ ਵੱਧ ਤੋਂ ਰੁੱਖ ਲਗਾਉਣੇ ਚਾਹੀਦੇ ਹਨ। ਇੰਨ੍ਹਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ, ਤਦ ਹੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਤੰਦਰੁਸਤ ਵਾਤਾਵਰਣ ਦੀ ਸਿਰਜਣਾ ਕਰ ਸਕਦੇ ਹਾਂ।
ਵਣ ਮੰਡਲ ਅਫ਼ਸਰ ਸ੍ਰੀ ਸਵਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਯੋਜਿਤ ਇਸ ਜਾਗਰੂਕਤਾ ਪ੍ਰੋਗਰਾਮ ਦੀ ਅਗਵਾਈ ਕਰਦਿਆਂ ਰੇਂਜ ਅਫ਼ਸਰ ਸ੍ਰੀ ਗੁਰਜੰਗ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਵਾਤਾਵਰਣ ਪ੍ਰਤੀ ਪ੍ਰੇਰਿਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਜੰਗਲਾਤ ਨਾਲ ਸਬੰਧਤ ਸਾਹਿਤ ਮੁਹੱਈਆ ਕਰਵਾਇਆ ਗਿਆ। ਵਿਦਿਆਰਥੀਆਂ ਦੇ ਪੇਂਟਿੰਗ, ਕਵਿਤਾ, ਭਾਸ਼ਣ ਅਤੇ ਕੁਇੱਜ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪਿੰਡ ਵਿਖੇ ਸਥਿਤ ਨਰਸਰੀ ਦਾ ਦੌਰਾ ਕਰਵਾਉਂਦਿਆ ਨਰਸਰੀ ਦੀ ਸਿਖਲਾਈ ਦਿੱਤੀ ਗਈ।
ਸਟੇਜ਼ ਸੰਚਾਲਨ ਕਰਦਿਆਂ ਵਣ ਰੇਂਜ ਅਫ਼ਸਰ ਸ੍ਰੀ ਮਨਪ੍ਰੀਤ ਸਿੰਘ ਨੇ ਵਣ ਵਿਭਾਗ ਦੀਆਂ ਗਤੀਵਿਧੀਆਂ ਅਤੇ ਜਾਗਰੂਕਤਾ ਪ੍ਰੋਗਰਾਮ ਦੀ ਅਹਿਮੀਅਤ ਬਾਰੇ ਜਾਣੂ ਕਰਵਾਇਆ, ਉੱਥੇ ਹੀ ਵਣ ਗਾਰਡ ਪਲਵਿੰਦਰ ਕੌਰ ਵੱਲੋਂ ਵਿਭਾਗ ਵਿਚ ਭਰਤੀ ਹੋਣ ਦੀ ਪ੍ਰਕਿਰਿਆ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ।
ਮਨਦੀਪ ਸ਼ਰਮਾ, ਨੇਕੀ ਫਾਊਂਡੇਸ਼ਨ ਬੁਢਲਾਡਾ ਵੱਲੋਂ ਸੰਸਥਾ ਦੀਆਂ ਵਾਤਾਵਰਣ ਹਿਤ ਵਿਚ ਕੀਤੀਆਂ ਜਾਂਦੀਆਂ ਵੱਖ ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀ ਸੰਸਥਾ ਵਾਤਾਵਰਣ ਬਚਾਉਣ ਵਿਚ ਕੀਤੇ ਜਾਂਦੇ ਹਰ ਉਪਰਾਲੇ ਵਿਚ ਸਹਿਯੋਗ ਦੇਣ ਲਈ ਵਚਨਬੱਧ ਹੈ। ਇਸ ਮੌਕੇ ਵੱਖ ਵੱਖ ਮੁਕਾਬਲਿਆਂ ਵਿਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਹਾਜ਼ਰ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਯੂਥ ਆਗੂ ਸ੍ਰੀ ਇੰਦਰਜੀਤ ਸਿੰਘ ਉੱਭਾ, ਗੁਰਤੇਜ ਸਿੰਘ ਸਰਪੰਚ, ਸਕੂਲ ਇੰਚਾਰਜ ਯੋਗਿਤਾ ਜੋਸ਼ੀ, ਵਣ ਬਲਾਕ ਅਫ਼ਸਰ ਬਲਜੀਤ ਸਿੰਘ, ਵਣ ਗਾਰਡ ਗੁਰਦੀਪ ਸਿੰਘ ਗਿੱਲ, ਗੁਰਦੀਪ ਸਿੱਧੂ, ਖੁਸ਼ਦੀਪ ਕੌਰ, ਲਖਵਿੰਦਰ ਕੌਰ, ਕਿਰਨਦੀਪ ਕੌਰ, ਸਿਮਰਜੀਤ ਕੌਰ, ਕੁਲਬੀਰ ਸਿੰਘ, ਬੇਅੰਤ ਕੌਰ, ਹਰਦੀਪ ਸਿੰਘ ਸਿੱਧੂ, ਸੰਦੀਪ ਘੰਡ ਤੋਂ ਇਲਾਵਾ ਵਣ ਮੰਡਲ ਵਿਸਥਾਰ ਬਠਿੰਡਾ ਦਾ ਸਮੂਹ ਸਟਾਫ ਹਾਜ਼ਰ ਸੀ।

LEAVE A REPLY

Please enter your comment!
Please enter your name here