‘ਆਪ ਪੰਜਾਬ ਦੇ ਜਰਨਲ ਸਕੱਤਰ ਅਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਸ਼੍ਰੋਮਣੀ ਕਮੇਟੀ ਨੂੰ ਕੀਤੀ ਅਪੀਲ

0
75

ਕਿਹਾ, ਸਰਬਸਾਂਝੀਂ ਗੁਰਬਾਣੀ ਦੇ ਪ੍ਰਸਾਰਨ ਦਾ ਹੱਕ ਕਿਸੇ ਇੱਕ ਚੈਨਲ ਦੀ ਬਜਾਏ ਸਭ ਨੂੰ ਦਿੱਤਾ ਜਾਵੇ!

ਗੁਰਬਾਣੀ ਸਮੂਹ ਮਾਨਵਤਾ ਦੀ ਸਾਂਝੀ ਹੈ, ਫਿਰ ਇਸਦੇ ਪ੍ਰਚਾਰ-ਪਸਾਰ ਦਾ ਹੱਕ ਕਿਸੇ ਇੱਕ ਦਾ ਕਿਵੇਂ ਹੋ ਸਕਦਾ ਹੈ?- ਹਰਚੰਦ ਸਿੰਘ ਬਰਸਟ

ਚੰਡੀਗੜ੍ਹ, 22 ਮਈ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦੇ ਹੁੰਦੇ ਪ੍ਰਸਾਰਨ ਦੇ ਮਸਲੇ ‘ਤੇ ‘ਆਪ ਪੰਜਾਬ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਸ਼੍ਰੌਮਣੀ ਕਮੇਟੀ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਗੁਰਬਾਣੀ ਦਾ ਉਪਦੇਸ਼ ਸਮੂਹ ਮਾਨਵਤਾ ਦੀ ਭਲਾਈ ਲਈ ਹੈ ਅਤੇ ਇਸਦੇ ਪਸਾਰ ਦਾ ਹੱਕ ਕਿਸੇ ਇੱਕ ਖਾਸ ਚੈਨਲ ਨੂੰ ਦੇਣ ਦੀ ਬਜਾਏ ਸਭ ਨੂੰ ਇਸਦੀ ਇਜਾਜ਼ਤ ਮਿਲਣੀ ਚਾਹੀਦੀ ਹੈ।

ਆਪਣੇ ਜਾਰੀ ਬਿਆਨ ਵਿੱਚ ਬਰਸਟ ਨੇ ਕਿਹਾ ਕਿ, “ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਸਮੂਹ ਮਾਨਵਤਾ ਦੀ ਸਾਂਝੀ ਹੈ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੁੰਦੇ ਗੁਰਬਾਣੀ ਕੀਰਤਨ ਨੂੰ ਸੁਣਨ ਲਈ ਸੰਗਤਾਂ ਹਰ ਸਮੇਂ ਤੜਫ਼ਦੀਆਂ ਹਨ। ਇਸ ਲਈ ਪਵਿੱਤਰ ਗੁਰਬਾਣੀ ਦੇ ਉਪਦੇਸ਼ ਨੂੰ ਦੇਸ਼-ਦੁਨੀਆਂ ਦੇ ਵਿੱਚ ਵੱਸਦੇ ਲੋਕਾਂ ਤੱਕ ਪਹੁੰਚਾਉਣਾ ਸਾਡਾ ਸਭ ਦਾ ਸਾਂਝਾ ਫ਼ਰਜ਼ ਹੈ।”

ਸ. ਬਰਸਟ ਨੇ ਦੱਸਿਆ ਕਿ ਇੱਕ ਸਮਾਂ ਸੀ ਜਦੋਂ ਖ਼ੁਦ ਸ਼੍ਰੋਮਣੀ ਅਕਾਲੀ ਦਲ ਇਹ ਮੰਗ ਕਰਦਾ ਸੀ ਕਿ ਗੁਰਬਾਣੀ ਦੇ ਪ੍ਰਚਾਰ-ਪਸਾਰ ਲਈ ਹਰਿਮੰਦਰ ਸਾਹਿਬ ਵਿਖੇ ਇੱਕ ਟਰਾਂਸਮੀਟਰ ਲਗਾਇਆ ਜਾਵੇ। ਇਹ ਅਨੰਦਪੁਰ ਸਾਹਿਬ ਦਾ ਮਤਾ ਹੋਵੇ ਜਾਂ ਧਰਮ ਯੁੱਧ ਮੋਰਚਾ, ਗੁਰਬਾਣੀ ਦੇ ਉਪਦੇਸ਼ ਨੂੰ ਸੰਸਾਰ ਪੱਧਰ ‘ਤੇ ਪਹੰਚਾਉਣ ਦੀ ਮੰਗ ਅਕਾਲੀ ਦਲ ਅਤੇ ਪੰਜਾਬੀਆਂ ਵੱਲੋਂ ਸਦਾ ਉੱਠਦੀ ਰਹੀ ਹੈ। ਪਰ ਅਫ਼ਸੋਸ ਕਿ ਅੱਜ ਜਦ ਉਹ ਮੌਕਾ ਹੈ ਤਾਂ ਗੁਰਬਾਣੀ ਦੇ ਪ੍ਰਸਾਰਨ ਦਾ ਹੱਕ ਸ਼੍ਰੋਮਣੀ ਕਮੇਟੀ ਨੇ ਸਿਰਫ਼ ਇੱਕ ਚੈਨਲ ਨੂੰ ਦੇ ਰੱਖਿਆ ਹੈ ਜੋ ਕਿ ਗਲ਼ਤ ਹੈ।

ਆਪਣੇ ਬਿਆਨ ਵਿੱਚ ਸ. ਬਰਸਟ ਨੇ ਗੁਰਬਾਣੀ ਪ੍ਰਸਾਰਨ ਦੇ ਮਾਮਲੇ ‘ਤੇ ਪਿਛਲੇ ਸਾਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਐਲਾਨ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਹੈ ਸ਼੍ਰੋਮਣੀ ਕਮੇਟੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ‘ਸਰਬੱਤ ਦੇ ਭਲੇ’ ਦੇ ਉਪਦੇਸ਼ ਨੂੰ ਸੰਸਾਰ ਭਰ ਤੱਕ ਪਹੁੰਚਾਉਣ ਲਈ ਸ੍ਰੀ ਦਰਬਾਰ ਸਾਹਿਬ ਤੋਂ ਹੁੰਦੇ ਗੁਰਬਾਣੀ ਪ੍ਰਸਾਰਨ ਦੇ ਹੱਕ ਕਿਸੇ ਇੱਕ ਖਾਸ ਵਿਅਕਤੀ ਜਾਂ ਚੈਨਲ ਤੱਕ ਸੀਮਿਤ ਕਰਨ ਦੀ ਬਜਾਏ ਖੁੱਲ੍ਹੇ ਦਿਲ ਨਾਲ ਸੰਸਾਰ ਦੇ ਸਾਰੇ ਚੈਨਲਾਂ, ਰੇਡੀਓ ਸਟੇਸ਼ਨਾਂ ਨੂੰ ਇਸਦੀ ਆਗਿਆ ਦੇਣ ਜਾਂ ਖੁਦ ਇਹ ਜ਼ਿੰਮੇਵਾਰੀ ਸੰਭਾਲਣ।

LEAVE A REPLY

Please enter your comment!
Please enter your name here