‘ਆਪ’ ਸਰਕਾਰ ਨੇ ਆਪਣੇ ਦੋ ਬਜਟਾਂ ‘ਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ, ਪਰ ਫ਼ਿਰ ਵੀ ਮਾਲੀਏ ਵਿੱਚ ਚੋਖਾ ਵਾਧਾ ਹੋਇਆ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

0
194

ਮਾਲੀਏ ਵਿੱਚ ਵਾਧਾ ਇਮਾਨਦਾਰ ਮਾਨ ਸਰਕਾਰ ਦੀ ਕਾਮਯਾਬੀ ਅਤੇ ਆਮ ਲੋਕਾਂ ਦੇ ਸਮਰਥਨ ਦਾ ਸਬੂਤ: ਆਪ ਮੰਤਰੀ

ਮਾਸਿਕ SGST, IGST, ਆਬਕਾਰੀ, ਸਟੈਂਪ ਅਤੇ ਰਜਿਸਟ੍ਰੇਸ਼ਨ ਦੇ ਮਾਲੀਏ ਵਿੱਚ ਪ੍ਰਸ਼ੰਸਾਯੋਗ ਵਾਧਾ ਦਰਜ ਕੀਤਾ ਗਿਆ, ਵਿੱਤ ਮੰਤਰੀ ਨੇ ਸਾਂਝੇ ਕੀਤੇ ਅੰਕੜੇ ਅਤੇ ਵੇਰਵੇ

ਚੀਮਾ ਦਾ ਕਹਿਣਾ ਹੈ ਕਿ ਮਾਲੀਆ ਵਧਣਾ ਮਾਫੀਆ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਦਾ ਨਤੀਜਾ ਹੈ

ਜਲੰਧਰ, 3 ਮਈ

“ਪੰਜਾਬ ਵਿੱਚ ਪਹਿਲੀ ਵਾਰ ਲੋਕਾਂ ਨੇ ਤੀਜੀ ਧਿਰ ਦਾ ਮੁੱਖ ਮੰਤਰੀ ਚੁਣਿਆ ਅਤੇ ਉਹ ਵੀ ਇਤਿਹਾਸਕ ਬਹੁਮਤ ਨਾਲ। ਅਤੇ ਹੁਣ ‘ਆਪ’ ਸਰਕਾਰ ਅਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਉਮੀਦਾਂ ‘ਤੇ ਖਰੇ ਉਤਰ ਰਹੇ ਹਨ, ਜਿਨ੍ਹਾਂ ਲੋਕਾਂ ਨੇ ਬੜੀਆਂ ਉਮੀਦਾਂ ਨਾਲ ਉਨ੍ਹਾਂ ਨੂੰ ਚੁਣਿਆ ਸੀ,” ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ।

ਜਲੰਧਰ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸਾਡੀ ਪਾਰਟੀ ਦਾ ਇੱਕੋ ਉਦੇਸ਼ ਇਮਾਨਦਾਰ ਰਾਜਨੀਤੀ ਹੈ। ਸਾਡੀ ਪਾਰਟੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਵਿੱਚੋਂ ਪੈਦਾ ਹੋਈ ਸੀ ਅਤੇ ਦਿੱਲੀ ਅਤੇ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਅਸੀਂ ਆਪਣੇ ਕੰਮ ਨਾਲ ਸਾਬਤ ਕਰ ਦਿੱਤਾ ਹੈ ਕਿ ਇਮਾਨਦਾਰੀ ਦੀ ਰਾਜਨੀਤੀ ਨਾ ਸਿਰਫ਼ ਸੰਭਵ ਹੈ, ਸਗੋਂ ਬਹੁਤ ਸਫ਼ਲ ਵੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਇਮਾਨਦਾਰ ‘ਆਪ’ ਸਰਕਾਰ ਕਰਕੇ ਸੂਬੇ ਦੇ ਸਮੁੱਚੇ ਮਾਲੀਏ ਵਿੱਚ ਚੋਖਾ ਵਾਧਾ ਹੋਇਆ ਹੈ।

ਨੰਬਰ ਪੇਸ਼ ਕਰਦੇ ਹੋਏ ਚੀਮਾ ਨੇ ਕਿਹਾ ਕਿ ਅਪ੍ਰੈਲ 2022 ਵਿੱਚ ਪੰਜਾਬ ਦਾ ਐੱਸਜੀਐੱਸਟੀ ਕੁਲੈਕਸ਼ਨ 1532 ਕਰੋੜ ਰੁਪਏ ਸੀ ਅਤੇ ਅਪ੍ਰੈਲ 2023 ਵਿੱਚ 2015 ਕਰੋੜ ਰੁਪਏ ਭਾਵ 31.53 ਫੀਸਦੀ ਵਾਧਾ ਹੋਇਆ ਹੈ। ਅਪ੍ਰੈਲ 2023 ਵਿੱਚ 38.34% ਦੇ ਵਾਧੇ ਨਾਲ ਆਬਕਾਰੀ ਮਾਲੀਆ ਅਪ੍ਰੈਲ 2022 ਦੇ ₹564.12 ਕਰੋੜ ਦੇ ਮੁਕਾਬਲੇ ₹781.64 ਕਰੋੜ ਸੀ। ‘ਆਪ’ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਸਦਕਾ ਰਾਜ ਦੇ ਆਬਕਾਰੀ ਮਾਲੀਏ ਵਿੱਚ ਸਾਲਾਨਾ 41.41% ਵਾਧਾ ਦਰਜ ਕੀਤਾ ਗਿਆ ਹੈ। ਸਟੈਂਪ ਅਤੇ ਰਜਿਸਟ੍ਰੇਸ਼ਨ ਤੋਂ ਰਾਜ ਸਰਕਾਰ ਨੇ ਅਪ੍ਰੈਲ 2022 ਦੇ ₹355 ਕਰੋੜ ਦੀ ਕੁਲੈਕਸ਼ਨ ਨਾਲ 24% ਦੇ ਵਾਧੇ ਸਮੇਤ ₹441 ਕਰੋੜ ਇਕੱਠੇ ਕੀਤੇ। ਇਸੇ ਤਰ੍ਹਾਂ ਵਾਹਨਾਂ ‘ਤੇ ਟੈਕਸ ਤੋਂ ਇਸ ਸਾਲ ਅਪ੍ਰੈਲ ‘ਚ ਮਾਲੀਏ ਵਿੱਚ 4 ਫੀਸਦੀ ਵਾਧਾ ਦਰਜ ਕੀਤਾ ਗਿਆ। ਜਦੋਂ ਅਸੀਂ ਅਪ੍ਰੈਲ 2022 ਅਤੇ ਅਪ੍ਰੈਲ 2023 ਦੇ ਕੁੱਲ ਮਾਲੀਏ ਦੀ ਤੁਲਨਾ ਕਰਦੇ ਹਾਂ ਤਾਂ ਰਾਜ ਦੇ ਸਾਰੇ ਟੈਕਸ ਮਾਲੀਏ ਵਿੱਚ 22% ਦਾ ਵਾਧਾ ਹੋਇਆ ਹੈ।

ਚੀਮਾ ਨੇ ਕਿਹਾ ਕਿ ਪਹਿਲੀ ਵਾਰ ਪੰਜਾਬ ਦਾ ਮਾਲੀਆ ਇੱਕ ਮਹੀਨੇ ਵਿੱਚ 4,000 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ ਜੋ ਕਿ ਇੱਕ ਵੱਡੀ ਪ੍ਰਾਪਤੀ ਹੈ ਅਤੇ ਇਹ ਇੱਕ ਇਮਾਨਦਾਰ ਸਰਕਾਰ ਕਰਕੇ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਮਾਫੀਆ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਨਹੀਂ ਰਿਹਾ, ਇਸੇ ਕਾਰਨ ਮਾਲੀਆ ਵਧ ਰਿਹਾ ਹੈ। ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਭਰੋਸਾ ਹੈ ਅਤੇ ਉਹ ਇਸ ‘ਚ ਸਾਡਾ ਸਾਥ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ਼ ਸਭ ਲਈ ਪੰਜਾਬ ਦੇ ਲੋਕ ਸਭ ਤੋਂ ਵੱਧ ਸਿਹਰੇ ਅਤੇ ਧੰਨਵਾਦ ਦੇ ਹੱਕਦਾਰ ਹਨ ਕਿਉਂਕਿ ਉਨ੍ਹਾਂ ਨੇ ਹੀ ਇਮਾਨਦਾਰ ਸਰਕਾਰ ਚੁਣੀ ਹੈ। ਉਨ੍ਹਾਂ ਇਸ ਪ੍ਰਾਪਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵੀ ਧੰਨਵਾਦ ਕੀਤਾ।

ਚੀਮਾ ਨੇ ਕਿਹਾ ਕਿ ਜੁਲਾਈ 2015 ਵਿੱਚ ਜਦੋਂ ਭਾਰਤ ਵਿੱਚ ਜੀਐੱਸਟੀ ਦੀ ਵਿਵਸਥਾ ਸ਼ੁਰੂ ਹੋਈ ਤਾਂ ਰਾਜ ਸਰਕਾਰਾਂ ਨੂੰ ਵੀ ਆਪਣੇ ਪੱਧਰ ‘ਤੇ ਮਾਲੀਆ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਪਰ ਪੰਜਾਬ ਦੀ ਬਦਕਿਸਮਤੀ ਕਿ ਸੂਬੇ ਵਿੱਚ ਇੱਕ ਭ੍ਰਿਸ਼ਟ ਕਾਂਗਰਸ ਸਰਕਾਰ ਸੀ ਜਿਸ ਨੇ ਪੰਜ ਸਾਲਾਂ ਵਿੱਚ ਮਾਲੀਆ ਵਧਾਉਣ ਲਈ ਕੁਝ ਨਹੀਂ ਕੀਤਾ ਅਤੇ ਪੰਜ ਸਾਲ ਸਿਰਫ਼ ਜੀਐੱਸਟੀ ਦੇ ਮੁਆਵਜ਼ੇ ਦੇ ਪੈਸੇ ’ਤੇ ਹੀ ਗੁਜ਼ਾਰਾ ਕੀਤਾ। ਚੀਮਾ ਨੇ ਕਿਹਾ ਕਿ ਸਾਡੀ ਸਰਕਾਰ ਨੇ ਦੋ ਬਜਟ ਪੇਸ਼ ਕੀਤੇ ਅਤੇ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ, ਫਿਰ ਵੀ ਮਾਲੀਏ ਵਿਚ ਪ੍ਰਸ਼ੰਸਾਯੋਗ ਵਾਧਾ ਹੋਣ ਦਾ ਮਤਲਬ ਹੈ ਕਿ ਇਮਾਨਦਾਰ ਸਰਕਾਰ ਅਤੇ ਲੋਕਾਂ ਦੇ ਸਹਿਯੋਗ ਨਾਲ ਸਭ ਕੁਝ ਸੰਭਵ ਹੈ।

LEAVE A REPLY

Please enter your comment!
Please enter your name here