ਚੋਹਲਾ ਸਾਹਿਬ ਵਿਖੇ ਆਈਲੈਟਸ ਸੈਂਟਰ ਦੀ ਦੋ ਮੰਜ਼ਿਲਾਂ ਬਿਲਡਿੰਗ ਦੇਖਦਿਆਂ ਹੀ ਦੇਖਦਿਆਂ ਹੋਈ ਢਹਿ ਢੇਰੀ

0
20
ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਕੁਝ ਮਿੰਟ ਪਹਿਲਾਂ ਹੀ ਸੈਂਟਰ ਬੰਦ ਹੋਣ ਕਰਕੇ ਵਿਦਿਆਰਥੀ ਨਿਕਲੇ ਸੀ ਬਾਹਰ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,17 ਅਪ੍ਰੈਲ
ਕਸਬਾ ਚੋਹਲਾ ਸਾਹਿਬ-ਸਰਹਾਲੀ ਮੇਨ ਰੋਡ ‘ਤੇ ਚੱਲ ਰਹੇ ਬਲੈਕ ਸਟੋਨ ਐਕਡਮੀ (ਆਈਲੈਟਸ ਸੈਂਟਰ) ਦੀ ਦੋ ਮੰਜ਼ਿਲਾਂ ਬਿਲਡਿੰਗ ਅੱਜ ਵੇਖਦਿਆਂ ਹੀ ਵੇਖਦਿਆਂ ਹੇਠਾਂ ਡਿੱਗ ਕੇ ਢਹਿ ਢੇਰੀ ਹੋ ਗਈ।ਇਸ ਦੋ ਮੰਜ਼ਿਲਾਂ ਬਿਲਡਿੰਗ ਦੀ ਹੇਠਲੀ ਇਮਾਰਤ ਵਿੱਚ ਬਿਲਡਿੰਗ ਮਾਲਕ ਨੇ ਆਪਣਾ ਫਰਨੀਚਰ ਦਾ ਸਮਾਨ ਰੱਖਿਆ ਹੋਇਆ ਸੀ,ਜਦਕਿ ਉਪਰਲੀ ਇਮਾਰਤ ਆਈਲੈਟਸ ਸੈਂਟਰ ਲਈ ਕਿਰਾਏ ‘ਤੇ ਦਿੱਤੀ ਹੋਈ ਸੀ ਜਿਸ ਵਿੱਚ 40 ਤੋਂ 45 ਵਿਦਿਆਰਥੀ ਰੋਜ਼ਾਨਾ ਆਈਲੈਟਸ ਦੀ ਸਿਖਲਾਈ ਲਈ ਆਉਂਦੇ ਹਨ,ਜ਼ੋ ਇਹ ਬਿਲਡਿੰਗ ਡਿੱਗਣ ਤੋਂ ਕੁਝ ਮਿੰਟ ਪਹਿਲਾਂ ਹੀ ਬਾਹਰ ਨਿਕਲੇ ਸਨ।ਬਿਲਡਿੰਗ ਦੇ ਅੰਦਰ ਕੋਈ ਵੀ ਮੌਜੂਦ ਨਾ ਹੋਣ ਕਰਕੇ ਕਿਸੇ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ,ਨਹੀਂ ਤਾਂ ਵੱਡਾ ਜਾਨੀ ਹਾਦਸਾ ਵਾਪਰ ਸਕਦਾ ਸੀ।ਮੌਕੇ ਤੇ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਇਸ ਬਿਲਡਿੰਗ ਵਿੱਚ 40 ਤੋਂ 45 ਵਿਦਿਆਰਥੀ ਰੋਜ਼ਾਨਾ ਸਿਖਲਾਈ ਲਈ ਆਉਂਦੇ ਹਨ।ਇਸ ਸੈਂਟਰ ਦਾ ਸੰਚਾਲਕ ਵਿਦਿਆਰਥੀਆਂ ਨੂੰ ਛੁੱਟੀ ਕਰਨ ਤੋਂ ਬਾਅਦ ਸੈਂਟਰ ਬੰਦ ਕਰਕੇ ਕੁਝ ਮਿੰਟ ਪਹਿਲਾਂ ਹੀ ਘਰ ਗਿਆ ਸੀ ਕਿ ਇਸ ਦੋ ਮੰਜਲੀ ਇਮਾਰਤ ਦੀਆਂ ਦੀਵਾਰਾਂ ਵਿੱਚ ਪਾੜ ਪੈਣੇ ਸ਼ੁਰੂ ਹੋ ਗਏ।ਸਥਾਨਕ ਲੋਕਾਂ ਨੇ ਦੱਸਿਆ ਕਿ ਉਸੇ ਵੇਲੇ ਹੀ ਉਨ੍ਹਾਂ ਵੱਲੋ ਦੀਵਾਰਾਂ ਵਿੱਚ ਪਾੜ ਪੈਣ ਬਾਰੇ ਇਸ ਬਿਲਡਿੰਗ ਦੇ ਮਾਲਕ ਨੂੰ ਸੂਚਿਤ ਕੀਤਾ ਗਿਆ ਸੀ।ਜਦ ਇਸ ਬਿਲਡਿੰਗ ਦਾ ਮਾਲਕ ਕੁਲਵੰਤ ਰਾਏ ਅਤੇ ਉਸਦਾ ਪੁੱਤਰ ਜਗਦੀਪ ਕੁਮਾਰ ਉਥੇ ਪੁੱਜੇ ਤਾਂ ਪੂਰੀ ਇਮਾਰਤ ਦੇਖਦੇ ਹੀ ਦੇਖਦੇ ਢਹਿ ਢੇਰੀ ਹੋ ਗਈ।ਇਸ ਬਿਲਡਿੰਗ ਦੇ ਮਾਲਕ ਨੇ ਆਪਣੇ ਨੇੜਲੇ ਗਵਾਂਢੀ ‘ਤੇ ਇਲਜਾਮ ਲਗਾਉਂਦੇ ਹੋਏ ਦੱਸਿਆ ਕਿ ਸਾਡੀ ਇਸ ਢਹਿ ਢੇਰੀ ਹੋਈ ਬਿਲਡਿੰਗ ਦੇ ਨਜਦੀਕ ਗੁਰਦੇਵ ਸਿੰਘ ਜੋ ਕਿ ਆਪਣੀ ਜਗ੍ਹਾ ਵਿੱਚ ਨਵੀਂ ਇਮਾਰਤ ਉਸਾਰਨ ਲਈ ਨੀਂਹ ਪੁੱਟ ਰਹੇ ਸਨ ਜਿਸ ਕਾਰਨ ਉਨ੍ਹਾਂ ਦੀ ਬਿਲਡਿੰਗ ਕਮਜੋਰ ਹੋ ਗਈ ਅਤੇ ਇਸੇ ਹੀ ਕਾਰਨ ਕਰਕੇ ਉਨ੍ਹਾਂ ਦੀ ਇਹ ਦੋ ਮੰਜ਼ਿਲਾਂ ਬਿਲਡਿੰਗ ਡਿੱਗੀ ਹੈ।ਜਦਕਿ ਨਵੀਂ ਇਮਾਰਤ ਦੀ ਉਸਾਰੀ ਕਰ ਰਹੇ ਗੁਰਦੇਵ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਆਪਣੀ ਜਮੀਨ ਵਿੱਚ ਅਜੇ ਥੋੜੀ ਹੀ ਨੀਂਹ ਪੁੱਟ ਰਹੇ ਸੀ ਅਤੇ ਅੱਜ ਸਰੀਆ ਬੰਨ੍ਹਣ ਦਾ ਕੰਮ ਕਰ ਰਹੇ ਸਨ ਕਿ ਵੇਖਦੇ ਹੀ ਵੇਖਦੇ ਇਹ ਇਮਾਰਤ ਹੇਠਾਂ ਡਿੱਗ ਗਈ।ਉਨ੍ਹਾਂ ਕਿਹਾ ਸਾਡੇ ਵਲੋਂ ਪਹਿਲਾਂ ਵੀ ਇਸ ਬਿਲਡਿੰਗ ਦੇ ਮਾਲਕ ਨੂੰ ਇਸ ਬਿਲਡਿੰਗ ਦੇ ਕਮਜ਼ੋਰ ਹੋਣ ਬਾਰੇ ਸੂਚਿਤ ਕੀਤਾ ਜਾਂਦਾ ਰਿਹਾ ਹੈ।ਸਾਡੇ ‘ਤੇ ਲੱਗਾਏ ਜਾ ਰਹੇ ਇਲਜਾਮ ਬੇਬੁਨਿਆਦ ਹਨ ਜਦ ਕਿ ਇੰਨਾ ਵੱਲੋ ਬਿਲਡਿੰਗ ਬਣਾਉਣ ਲਈ ਵਰਤੇ ਗਏ ਮਟੀਰੀਲ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।

LEAVE A REPLY

Please enter your comment!
Please enter your name here