ਜਨਤਕ ਜਥੇਬੰਦੀਆਂ ਵੱਲੋਂ ਲਹਿਰਾਗਾਗਾ ਵਿਖੇ ਮਨਾਇਆ ਗਿਆ ਮਈ ਦਿਹਾੜਾ

0
16
ਜਨਤਕ ਜਥੇਬੰਦੀਆਂ ਵੱਲੋਂ ਲਹਿਰਾਗਾਗਾ ਵਿਖੇ ਮਨਾਇਆ ਗਿਆ ਮਈ ਦਿਹਾੜਾ
ਲਹਿਰਾਗਾਗਾ, 1 ਮਈ, 2024: ਅੱਜ ਇੱਥੇ ਨਗਰ ਕੌਂਸਲ ਦਫ਼ਤਰ  ਅੱਗੇ ਸਫਾਈ ਸੇਵਕ ਯੂਨੀਅਨ ਨੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਵਿੱਚ ਔਰਤਾਂ ਸਮੇਤ ਬਹੁਤ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੇ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਨਾਅਰਿਆਂ ਦੀ ਗੂੰਜ ਵਿੱਚ ਸਫ਼ਾਈ ਸੇਵਕ ਯੂਨੀਅਨ ਦਾ ਝੰਡਾ ਲਹਿਰਾਉਣ ਨਾਲ ਹੋਈ।
ਉਪਰੰਤ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰ ਦਿਵਸ ਦਾ ਇਤਿਹਾਸ ਅੱਜ ਵੀ ਸਾਡਾ ਪ੍ਰੇਰਨਾ ਸਰੋਤ ਅਤੇ ਚਾਨਣ ਮੁਨਾਰਾ ਹੈ। ਮਈ ਦਿਵਸ ਦੇ ਸ਼ਹੀਦਾਂ ਨੇ ਆਪਣੀ ਸ਼ਹੀਦੀ ਦੇ ਕੇ ਮਜ਼ਦੂਰਾਂ ਦੀ ਜ਼ਿੰਦਗੀ ਨੂੰ ਸੁਖਾਲਾ ਕੀਤਾ। ਉਹਨਾਂ ਕਿਹਾ ਕਿ ਵਰਤਮਾਨ ਹਾਕਮ ਫਿਰ ਮਜ਼ਦੂਰਾਂ ਦੇ ਆਰਥਿਕ ਸ਼ੋਸ਼ਣ ਦੇ ਨਾਲ ਨਾਲ ਕੰਮ ਦੇ ਘੰਟੇ ਵਧਾ ਕੇ ਸਰੀਰਕ ਸ਼ੋਸ਼ਣ ਕਰ ਰਹੇ ਹਨ।
ਬੁਲਾਰਿਆਂ ਨੇ ਕਿਹਾ ਕਿ ਮੌਜੂਦਾ ਨਿਜ਼ਾਮ ਕਿਰਤ ਦੀ ਲੁੱਟ ਤੇ ਟਿਕਿਆ ਹੋਇਆ ਹੈ। ਇਸ ਆਰਥਿਕ ਮਾਡਲ ਵਿੱਚ ਸਾਰੀ ਉਪਜ ਮਜ਼ਦੂਰ ਪੈਦਾ ਕਰਦਾ ਹੈ, ਪਰ ਉਸ ਨੂੰ ਉਸਦਾ ਮਿਹਨਤਾਨਾ ਬਹੁਤ ਘੱਟ ਮਿਲਦਾ ਹੈ। ਸਾਰਾ ਮੁਨਾਫਾ ਪੂੰਜੀਪਤੀ ਕੋਲ ਚਲਾ ਜਾਂਦਾ ਹੈ। ਜਿਸ ਕਰਕੇ ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ। ਮਜ਼ਦੂਰ ਦੀ ਆਰਥਿਕ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।ਇਸ ਪ੍ਰਬੰਧ ਨੂੰ ਬਦਲੇ ਬਿਨਾਂ ਮਜ਼ਦੂਰ ਦੀ ਆਰਥਿਕ ਮੁਕਤੀ ਸੰਭਵ ਨਹੀਂ। ਇਸ ਕਿਰਤ ਦੀ ਲੁੱਟ ਅਧਾਰਿਤ ਪ੍ਰਬੰਧ ਨੂੰ ਬਦਲਣ ਵਾਸਤੇ ਉਹਨਾਂ ਦੁਨੀਆਂ ਭਰ ਦੇ ਮਜ਼ਦੂਰਾਂ ਨੂੰ  ਇਕੱਠੇ ਹੋਣ ਦਾ ਸੱਦਾ ਦਿੱਤਾ।
ਇਸ ਸਮੇਂ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਮੰਗੂ, ਲੋਕ ਚੇਤਨਾ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ, ਸਕੱਤਰ ਹਰਭਗਵਾਨ ਗੁਰਨੇ, ਫੀਲਡ ਵਰਕਰ ਯੂਨੀਅਨ ਦੇ ਪ੍ਰਧਾਨ ਸੁਖਦੇਵ ਚੰਗਾਲੀਵਾਲਾ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਜਗਜੀਤ ਭੁਟਾਲ, ਬਿਜਲੀ ਮੁਲਾਜ਼ਮ ਆਗੂ ਪੂਰਨ ਸਿੰਘ ਖਾਈ, ਮਹਿੰਦਰ ਸਿੰਘ, ਰਣਜੀਤ ਲਹਿਰਾ, ਕਾਮਰੇਡ ਮਹਿੰਦਰ ਬਾਗ਼ੀ, ਜਿਲਾ ਰਾਮ, ਬਾਬੂ ਸਿੰਘ, ਡਾ: ਸੁਖਜਿੰਦਰ ਲਾਲੀ, ਦਰਸ਼ਨ ਸ਼ਰਮਾ, ਬਾਵਾ ਸਿੰਘ ਗਾਗਾ, ਧਰਮ ਸਿੰਘ, ਰਿਸ਼ੀਪਾਲ, ਮੱਖਣ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here