ਟੂਰਿਜ਼ਮ ਸਮਿਟ: ਈਕੋ ਅਤੇ ਫਾਰਮ ਟੂਰਿਜ਼ਮ ਸੈਸ਼ਨ

0
141

ਪੰਜਾਬੀਆਂ ਦੀ ਮੇਜ਼ਬਾਨੀ ਸਦਕਾ ਸੂਬੇ ਵਿੱਚ ਹੋਮ ਅਤੇ ਫਾਰਮ ਸਟੇਅ ਦੀਆਂ ਅਥਾਹ ਸੰਭਾਵਨਾਵਾਂ

• ਪੰਜਾਬ ਸੈਰ-ਸਪਾਟਾ ਖੇਤਰ ਵਿੱਚ ਨਵੀਆਂ ਉਚਾਈਆਂ ਛੂਹੇਗਾ

ਐਸ.ਏ.ਐਸ. ਨਗਰ/ਚੰਡੀਗੜ੍ਹ, 11 ਸਤੰਬਰ

ਈਕੋ ਅਤੇ ਫਾਰਮ ਟੂਰਿਜ਼ਮ ਦੀ ਸਫਲਤਾਪੂਰਵਕ ਸ਼ੁਰੂਆਤ ਕਰਦਿਆਂ ਸੈਰ-ਸਪਾਟੇ ਪ੍ਰਤੀ ਪੰਜਾਬ ਦੀ ਵਚਨਬੱਧਤਾ ਤਹਿਤ ਐਮਿਟੀ ਯੂਨੀਵਰਸਿਟੀ, ਮੋਹਾਲੀ ਵਿਖੇ ਆਪਣੀ ਕਿਸਮ ਦੇ ਪਹਿਲੇ ‘ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ-2023’ ਦੌਰਾਨ ਸੈਰ-ਸਪਾਟੇ ਦੀਆਂ ਅਣਛੋਹੀਆਂ ਸੰਭਾਵਨਾਵਾਂ ‘ਤੇ ਇੱਕ ਮਹੱਤਵਪੂਰਨ ਸੈਸ਼ਨ ਕਰਵਾਇਆ ਗਿਆ। ਈਕੋ ਅਤੇ ਫਾਰਮ ਟੂਰਿਜ਼ਮ ‘ਤੇ ਇਸ ਸੈਸ਼ਨ ਨੇ ਸੂਬੇ ਦੀ ਅਮੀਰ ਖੇਤੀਬਾੜੀ ਵਿਰਾਸਤ ਅਤੇ ਕੁਦਰਤੀ ਸੁੰਦਰਤਾ ਨੂੰ ਉਜਾਗਰ ਕੀਤਾ ਜਿਸ ਨਾਲ ਇਹ ਵਿਸ਼ਵ ਭਰ ਦੇ ਵਾਤਾਵਰਣ ਅਤੇ ਖੇਤੀ ਸੈਰ-ਸਪਾਟਾ ਪ੍ਰੇਮੀਆਂ ਲਈ ਇੱਕ ਪਸੰਦੀਦਾ ਸਥਾਨ ਬਣ ਗਿਆ। ਪੰਜਾਬੀਆਂ ਦੀ ਮੇਜ਼ਬਾਨੀ ਸਦਕਾ ਸੂਬੇ ਵਿੱਚ ਹੋਮ ਅਤੇ ਫਾਰਮ ਸਟੇਅ ਦੀਆਂ ਅਥਾਹ ਸੰਭਾਵਨਾਵਾਂ ਹਨ।

ਇਸ ਮਹੱਤਵਪੂਰਨ ਸੈਸ਼ਨ ਦਾ ਸੰਚਾਲਨ ਕਰਦਿਆਂ ਸ੍ਰੀ ਪ੍ਰਸਾਦ ਰੈਬਾਪ੍ਰਗਾਡਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੈਰ-ਸਪਾਟਾ ਖੇਤਰ ਦੇ ਸਰਬਪੱਖੀ ਅਤੇ ਟਿਕਾਊ ਵਿਕਾਸ, ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦੇਣ ਅਤੇ ਇਸ ਦੀ ਆਰਥਿਕ ਖੁਸ਼ਹਾਲੀ ਵਾਸਤੇ ਨਵੇਂ ਰਾਹ ਖੋਲ੍ਹਣ ਲਈ ਵਚਨਬੱਧ ਹੈ। ਇਸ ਸੈਸ਼ਨ ਦਾ ਉਦੇਸ਼ ਅਣਛੋਹੀਆਂ ਥਾਵਾਂ, ਈਕੋ ਅਤੇ ਐਡਵੈਂਚਰ ਟੂਰਿਜ਼ਮ ਦੇ ਅਨੁਭਵਾਂ ਨੂੰ ਉਤਸ਼ਾਹਿਤ ਕਰਨਾ ਹੈ।

ਇਸ ਸੈਸ਼ਨ ਵਿੱਚ ਹਿੱਸਾ ਲੈਂਦਿਆਂ ਕਿੱਕਰ ਲੌਂਜ ਦੇ ਸੀਈਓ ਅਮਰਿੰਦਰ ਸਿੰਘ ਚੋਪੜਾ ਨੇ ਕਿਹਾ ਕਿ ਪੰਜਾਬ ਕੁਦਰਤ ਦੇ ਖਜ਼ਾਨੇ ਨਾਲ ਭਰਿਆ ਹੋਇਆ ਹੈ ਅਤੇ ਇਹ ਸੂਬੇ ਵਿੱਚ ਮਾਨਵਤਾ ਅਤੇ ਜੰਗਲੀ ਜੀਵਾਂ ਦੀ ਸਹਿ-ਹੋਂਦ ਦੇ ਨਾਲ-ਨਾਲ ਜਲ ਸੰਸਕ੍ਰਿਤੀ ਲਈ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਸੂਬਾ ਆਪਣੇ ਟਿਕਾਊ ‘ਈਕੋ ਐਂਡ ਫਾਰਮ ਟੂਰਿਜ਼ਮ’ ਰਾਹੀਂ ਹਰ ਰੋਜ਼ ‘ਪੰਜਾਬੀਅਤ’ ਦਾ ਜਸ਼ਨ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਅਤ ਦੀ ਅਸਲੀ ਭਾਵਨਾ ਪੰਜਾਬ ਦੇ ਪਿੰਡਾਂ ਵਿੱਚ ਝਲਕਦੀ ਹੈ ਅਤੇ ਇਹ ਜ਼ਰੂਰੀ ਹੈ ਕਿ ਅਸੀਂ ਪੰਜਾਬ ਦੇ ਪੇਂਡੂ ਖੇਤਰ ਦੇ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਨੂੰ ਆਲਮੀ ਆਗੂਆਂ ਅੱਗੇ ਪ੍ਰਦਰਸ਼ਿਤ ਕਰੀਏ।

ਇਸ ਦੌਰਾਨ ਸਿਟਰਸ ਕਾਉਂਟੀ ਦੇ ਸੰਸਥਾਪਕ ਹਰਕੀਰਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਫਾਰਮ ਸਟੇਅ ਅਤੇ ਹੋਮ ਸਟੇਅ ਸੱਭਿਆਚਾਰ ਨੂੰ ਪਿਆਰ ਕਰਨ ਵਾਲਿਆਂ ਲਈ ਪ੍ਰਸਿੱਧ ਬਦਲ ਬਣ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪਿੰਡਾਂ ਵਿੱਚ ਵਸਦਾ ਹੈ ਅਤੇ ਅੱਜ ਇਸ ਸੰਮੇਲਨ ਦੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦਾਂ ਨਾਲ ਸਬੰਧਤ ਹਰੇਕ ਪਿੰਡ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਸੈਲਾਨੀ ਸ਼ਾਂਤਮਈ ਖੇਤਰਾਂ ਵਿੱਚ ਛੁੱਟੀਆਂ ਬਿਤਾਉਣਾ ਚਾਹੁੰਦੇ ਹਨ ਅਤੇ ਸੂਬਾ ਸਰਕਾਰ ਨੇ ਇਸ ਨੂੰ ਸਮਝਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਫਾਰਮ ਟੂਰਿਜ਼ਮ ਔਰਤਾਂ ਲਈ ਵੀ ਰੋਜ਼ਗਾਰ ਦਾ ਇੱਕ ਵਧੀਆ ਸਰੋਤ ਹੈ।

ਖੇਤੀ ਸੈਰ-ਸਪਾਟੇ ਦੇ ਇਨੋਵੇਟਰ ਪਾਂਡੁਰੰਗ ਤਵਾਰੇ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਖੇਤੀਬਾੜੀ ਸੈਰ-ਸਪਾਟੇ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕਰਨ ‘ਤੇ ਜ਼ੋਰ ਦਿੱਤਾ, ਜਿਸ ਨਾਲ ਕਿਸਾਨਾਂ ਦੀ ਆਮਦਨ ਕਈ ਗੁਣਾ ਵੱਧ ਸਕਦੀ ਹੈ। ਉਨ੍ਹਾਂ ਨੇ ਮਹਿਲਾ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਸੈਰ-ਸਪਾਟੇ ਦੀਆਂ ਸੰਭਾਵਨਾਵਾਂ ਦੀ ਪਛਾਣ ਕਰਨ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਖੇਤੀਬਾੜੀ ਸੈਰ ਸਪਾਟੇ ਦੇ ਹੋਰ ਪਹਿਲੂਆਂ ਬਾਰੇ ਬੋਲਦਿਆਂ ਹੁਨਰ ਵਿਕਾਸ ਅਤੇ ਵਿਦਿਅਕ ਟੂਰ ਤਹਿਤ ਖੇਤੀਬਾੜੀ ਸੈਰ ਸਪਾਟੇ ਬਾਰੇ ਕੋਰਸ ਸ਼ੁਰੂ ਕਰਨ ਲਈ ਕਿਹਾ।

ਸੈਰ ਸਪਾਟਾ ਲੇਖਿਕਾ ਬਿੰਦੂ ਗੋਪਾਲ ਰਾਓ ਨੇ ਪੰਜਾਬ ਸਰਕਾਰ ਦੀ ਨੀਤੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਈਕੋ-ਟੂਰਿਜ਼ਮ ਦਾ ਉਦੇਸ਼ ਕੁਦਰਤ ਦੀ ਸਾਂਭ-ਸੰਭਾਲ, ਸਥਾਨਕ ਭਾਈਚਾਰੇ ਦੀਆਂ ਲੋੜਾਂ ਅਤੇ ਸੈਲਾਨੀਆਂ ਦੀ ਆਮਦ ਦਰਮਿਆਨ ਸੰਤੁਲਨ ਕਾਇਮ ਕਰਨਾ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਤੋਂ ਬਾਅਦ, ਲੋਕਾਂ ਦੀ ਜੀਵਨ ਸ਼ੈਲੀ ਵਿੱਚ ਵਿਆਪਕ ਤਬਦੀਲੀ ਆਈ ਹੈ ਅਤੇ ਹਰ ਕੋਈ ਵਾਤਾਵਰਣ ਦੀ ਸਥਿਰਤਾ ਬਾਰੇ ਜਾਗਰੂਕ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਈਕੋ-ਟੂਰਿਜ਼ਮ ਦੀਆਂ ਅਥਾਹ ਸੰਭਾਵਨਾਵਾਂ ਹਨ।

ਆਪਣਾ ਤਜਰਬਾ ਸਾਂਝਾ ਕਰਦੇ ਹੋਏ ਹੰਸਾਲੀ ਆਰਗੈਨਿਕ ਫਾਰਮ ਦੇ ਸੰਸਥਾਪਕ ਪਾਵੇਲ ਗਿੱਲ ਨੇ ਕਿਹਾ ਕਿ ਸੂਬੇ ਵਿੱਚ ਫਾਰਮ ਸਟੇਅ ਟੂਰਿਜ਼ਮ ਦੀਆਂ ਬਹੁਤ ਸੰਭਾਵਨਾਵਾਂ ਹਨ ਪਰ ਇਸ ਸਬੰਧ ਵਿੱਚ ਹਰ ਸੰਭਾਵਨਾ ਤੱਕ ਪਹੁੰਚ ਬਣਾਉਣਾ ਬਹੁਤ ਮਹੱਤਵਪੂਰਨ ਹੈ। ਸੂਬੇ ਕੋਲ ਇੱਕ ਅਮੀਰ ਖੇਤੀ ਵਿਰਾਸਤ ਹੈ ਜਿਸ ਤੱਕ ਪਹੁੰਚ ਕਰਨ ਦੀ ਲੋੜ ਹੈ। ਆਰ.ਏ.ਆਰ.ਈ. ਦੀ ਇੰਡੀਆ ਸ਼ੋਭਨਾ ਜੈਨ ਨੇ ਸੂਬੇ ਦੇ ਸ਼ਾਂਤਮਈ ਮਾਹੌਲ ਬਾਰੇ ਸੰਖੇਪ ਜਾਣਕਾਰੀ ਦਿੱਤੀ।

LEAVE A REPLY

Please enter your comment!
Please enter your name here