ਤਰਕਸ਼ੀਲਾਂ ਵੱਲੋਂ ਚੇਤਨਾ ਪਰਖ਼ ਪ੍ਰੀਖਿਆ ਦਾ ਪ੍ਰਚਾਰ ਜੋਰਾਂ ਤੇ ਵਿਦਿਆਰਥੀਆਂ ਨੂੰ ਚੇਤਨਾ ਪਰਖ਼ ਪ੍ਰੀਖਿਆ ਸੰਬੰਧੀ ਸਿਲੇਬਸ ਪੁਸਤਕਾਂ ਤਕਸੀਮ ਕੀਤੀਆਂ

0
264

ਭਵਾਨੀਗੜ੍ਹ, 31 ਮਈ, 2023: ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਸੰਗਰੂਰ-ਬਰਨਾਲਾ ਦੇ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਨੇ ਇਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਬਨਣ ਜਾ ਰਹੀ ਨਵੀਂ ਇਕਾਈ ਭਵਾਨੀਗੜ੍ਹ ਦੇ ਤਰਕਸ਼ੀਲ ਕਾਰਕੁਨਾਂ ਵਲੋਂ ਵਿਗਿਆਨਕ ਸੋਚ ਦਾ ਪ੍ਰਚਾਰ-ਪ੍ਰਸਾਰ ਤੇ ਸਾਰੇ ਸੂਬੇ ਵਿਚ ਕਰਵਾਈ ਜਾ ਰਹੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦਾ ਪ੍ਰਚਾਰ ਪੂਰੇ ਸਿਖਰਾਂ ‘ਤੇ ਹੈ। ਅੱਜ ਭਵਾਨੀਗੜ੍ਹ ਇਕਾਈ ਦੇ ਕਨਵੀਨਰ ਹਰਪ੍ਰੀਤ ਦਾਸ ਝਨੇੜੀ ਆਪਣੇ ਤਰਕਸ਼ੀਲ ਕਾਰਕੁੰਨਾਂ ਨਾਲ ਭਵਾਨੀਗੜ੍ਹ ਦੇ ਨੇੜਲੇ ਸਰਕਾਰੀ ਸਕੂਲਾਂ ਬਲਿਆਲ, ਬਾਸੀਅਰਕ, ਝਨੇੜੀ, ਘਰਾਚੋਂ ਤੇ ਰਾਮਪੁਰਾ ਦੇ ਸਕੂਲ਼ਾਂ ਵਿਚ ਗਏ ਤੇ ਹਾਜ਼ਰੀਨ ਨੂੰ ਵਿਗਿਆਨਕ ਸੋਚ ਦਾ ਸੰਚਾਰ ਕਰਨ ਲਈ ਕਰਵਾਈ ਜਾ ਰਹੀ ਚੇਤਨਾ ਪਰਖ਼ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਇਸ ਸੰਬੰਧੀ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ। ਵਿਦਿਆਰਥੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ, ਸਕੂਲ ਮੁਖੀਆਂ ਸਮੇਤ ਅਧਿਆਪਕ ਸਾਹਿਬਾਨ ਨੇ ਵੀ ਇਸ ਜਾਗਰੂਕਤਾ ਵਾਲੇ ਪ੍ਰੋਗਰਾਮ ਵਿੱਚ ਪੂਰਾ ਸਹਿਯੋਗ ਦਿੱਤਾ।

ਝਨੇੜੀ ਸਕੂਲ ਵਿਖੇ ਤਰਕਸ਼ੀਲ ਆਗੂ ਹਰਪ੍ਰੀਤ ਦਾਸ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅੰਧਵਿਸ਼ਵਾਸ਼ਾਂ, ਵਹਿਮਾਂ-ਭਰਮਾਂ, ਲਾਈਲਗਤਾ ਤੇ ਰੂੜੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ। ਝਨੇੜੀ ਸਕੂਲ ਵਿਖੇ ਵਿਦਿਆਰਥੀਆਂ ਨੇ ਮੌਕੇ ਤੇ ਰਜਿਸਟ੍ਰੇਸਨ ਕਾਰਵਾਈ ਤੋਂ ਵਿਦਿਆਰਥੀਆਂ ਨੂੰ ਚੇਤਨਾ ਸਿਲੇਬਸ ਪੁਸਤਕਾਂ ਤੇ ਹੋਰ ਵਿਗਿਆਨਕ ਵਿਚਾਰਾਂ ਵਾਲੀਆਂ ਪੁਸਤਕਾਂ ਤਕਸੀਮ ਕੀਤੀਆਂ। ਵਿਦਿਆਰਥੀਆਂ ਨੂੰ ਦੱਸਿਆ ਗਿਆ ਇਹ ਪੁਸਤਕਾਂ ਸਾਡੇ ਨੇੜਲੇ ਦੋਸਤ ਹੁੰਦੇ ਹਨ, ਜਿਨ੍ਹਾਂ ਦੇ ਸਾਥ ਨਾਲ ਸਾਨੂੰ ਅਗਾਂਹ ਵਧਣ ਦੇ ਬਹੁਤ ਸਾਰੇ ਮੌਕੇ ਮਿਲਦੇ ਹਨ। ਪ੍ਰੀਖਿਆ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੀਖਿਆ ਸੰਸਾਰ ਪ੍ਰਸਿੱਧ ਵਿਗਿਆਨੀ ਚਾਰਲਸ ਡਾਰਵਿਨ ਦੇ ਜੀਵ ਵਿਕਾਸ ਸਿਧਾਂਤ ਨੂੰ ਸਮੱਰਪਿਤ ਹੈ। ਇਸ ਪ੍ਰੀਖਿਆ ਵਿੱਚ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ, ਇਸ ਵਾਰੀ ਕਲਾਸ ਅਨੁਸਾਰ ਮੈਰਿਟ ਬਣਾਈ ਜਾਵੇਗੀ।

ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸੂਬਾ ਪੱਧਰ ਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਤੇ ਪੜ੍ਹਨ ਸਮੱਗਰੀ ਨਾਲ, ਇਕਾਈ ਤੇ ਜ਼ੋਨ ਪੱਧਰ ਤੇ ਜੇਤੂ ਵਿਦਿਆਰਥੀਆਂ ਨੂੰ ਵਧੀਆ ਪੜ੍ਹਨ ਸਮੱਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਝਨੇੜੀ ਸਕੂਲ ਦੇ ਸਕੂਲ ਮੁਖੀ ਮਾਲਵਿੰਦਰ ਸਿੰਘ ਜੀ ਨੇ ਤਰਕਸ਼ੀਲ ਟੀਮ ਨੂੰ ਜੀ ਆਇਆਂ ਕਿਹਾ ਤੇ ਵਿਦਿਆਰਥੀਆਂ ਨੂੰ ਆਪਣੀ ਸੋਚ ਵਿਗਿਆਨਕ ਬਣਾਉਣ ਦਾ ਸੱਦਾ ਦਿੰਦਿਆਂ ਵਿਗਿਆਨਕ ਵਿਚਾਰਾਂ ਵਾਲੀਆਂ ਪੁਸਤਕਾਂ ਪੜ੍ਹਨ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਕੀਤਾ ਪ੍ਰੀਖਿਆ ਵਿੱਚ ਪੂਰਾ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ।

LEAVE A REPLY

Please enter your comment!
Please enter your name here