ਨਸ਼ਾਖੋਰੀ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ’ਤੇ ਵਿਸ਼ੇਸ਼ ਧਿਆਨ ਅਤੇ ਉਸਾਰੂ ਪਹੁੰਚ ਦੀ ਲੋੜ : ਗਲੋਬਲ ਪੰਜਾਬੀ ਐਸੋਸੀਏਸ਼ਨ।

0
156

ਅੰਮ੍ਰਿਤਸਰ 14 ਮਈ
ਗਲੋਬਲ ਪੰਜਾਬੀ ਐਸੋਸੀਏਸ਼ਨ (ਜੀਪੀਏ) ਨੇ ਪੰਜਾਬ ਦੇ ਨੌਜਵਾਨਾਂ ਵਿਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ’ਤੇ ਡੂੰਘੀ ਚਿੰਤਾ ਜਤਾਈ ਹੈ। ਸੰਸਥਾ ਦਾ ਮੰਨਣਾ ਹੈ ਕਿ ਨਸ਼ਾਖੋਰੀ ਅਤੇ ਬੇਰੁਜ਼ਗਾਰੀ ਸਮੇਤ ਪੰਜਾਬੀਆਂ ਨਾਲ ਸਬੰਧਿਤ ਬਹੁਤ ਸਾਰੇ ਮੁੱਦੇ ਹਨ, ਜਿਨ੍ਹਾਂ ਵਲ ਵਿਸ਼ੇਸ਼ ਧਿਆਨ ਦੇਣ ਅਤੇ ਸਕਾਰਾਤਮਿਕ ਪਹੁੰਚ ਅਪਣਾਉਣ ਦੀ ਲੋੜ ਹੈ। ਪੰਜਾਬੀ ਐਸੋਸੀਏਸ਼ਨ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਦਰਪੇਸ਼ ਚੁਨੌਤੀਆਂ ਦੇ ਹੱਲ ਲੱਭਣ ਲਈ ਯਤਨ ਤੇਜ਼ ਕਰਨ ’ਤੇ ਜ਼ੋਰ ਦਿੱਤਾ ਅਤੇ ਇਸ ਸੰਬੰਧੀ ਜੂਨ ਦੇ ਦੂਜੇ ਹਫ਼ਤੇ ਦੋ ਰੋਜ਼ਾ ਸੈਮੀਨਾਰ ਕਰਾਉਣ ਦਾ ਫ਼ੈਸਲਾ ਲਿਆ ਹੈ।
ਪ੍ਰੋ. ਸਰਚਾਂਦ ਸਿੰਘ ਅਨੁਸਾਰ ਅੰਮ੍ਰਿਤਸਰ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਸਰਪ੍ਰਸਤ ਡਾ. ਇਕਬਾਲ ਸਿੰਘ ਲਾਲਪੁਰਾ ਚੇਅਰਮੈਨ, ਕੌਮੀ ਘੱਟ ਗਿਣਤੀ ਕਮਿਸ਼ਨ ਅਤੇ ਸੰਸਥਾ ਦੇ ਪ੍ਰਧਾਨ ਡਾ. ਕੁਲਵੰਤ ਸਿੰਘ ਧਾਲੀਵਾਲ ਚੇਅਰਮੈਨ, ਵਰਡ ਕੈਂਸਰ ਕੇਅਰ ਵੱਲੋਂ ਨਸ਼ਿਆਂ ਨੂੰ ਠੱਲ੍ਹ ਪਾਉਣ ਪ੍ਰਤੀ ਧਾਰਮਿਕ ਤੇ ਸਮਾਜਿਕ ਦਿਸ਼ਾ ਵਿਚ ਕਾਰਜ ਕਰਨ ਲਈ ਸੰਸਥਾ ਦੇ ਸੀਨੀਅਰ ਮੈਂਬਰ ਤੇ ਸਾਬਕਾ ਵਿਧਾਇਕ ਸ: ਮਨਮੋਹਨ ਸਿੰਘ ਸਠਿਆਲਾ ਦੀ ਅਗਵਾਈ ’ਚ ਧਾਰਮਿਕ ਵਿੰਗ ਸਥਾਪਿਤ ਕਰਨ ਦੇ ਫ਼ੈਸਲੇ ਬਾਰੇ ਸੰਸਥਾ ਦੇ ਆਨਰੇਰੀ ਸਕੱਤਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਜਾਣਕਾਰੀ ਦਿੱਤੀ। ਮੀਟਿੰਗ ਵਿਚ ਡਾ. ਢਿਲੋਂ, ਸ੍ਰੀ ਰਮਨ ਗੁਪਤਾ, ਸ੍ਰੀਮਤੀ ਜਸਵਿੰਦਰ ਕੌਰ ਸੋਹਲ, ਸ. ਕੁਲਦੀਪ ਸਿੰਘ ਕਾਹਲੋਂ, ਪ੍ਰੋ. ਸਰਚਾਂਦ ਸਿੰਘ, ਡਾ. ਸਰਬਜੀਤ ਸਿੰਘ ਸਠਿਆਲਾ, ਪ੍ਰਿੰਸੀਪਲ ਡਾ. ਧਰਮਵੀਰ ਸਿੰਘ, ਸੂਰਯਾ ਪ੍ਰਕਾਸ਼ ਆਨੰਦ, ਤਰਸੇਮ ਲਾਲ ਸੈਣੀ, ਸਰਬਜੀਤ ਸਿੰਘ ਅਤੇ ਸ੍ਰੀ ਅਟੁਲ ਆਦਿ ਮੌਜੂਦ ਸਨ।
ਪ੍ਰੋ. ਸਰਚਾਂਦ ਸਿੰਘ ਨੇ ਦਸਿਆ ਕਿ ਸੰਸਥਾ ਨੇ ਫੈਸਲਾ ਕੀਤਾ ਹੈ ਕਿ ਪੰਜਾਬੀਆਂ ਦੇ ਧਾਰਮਿਕ, ਸਮਾਜਿਕ, ਆਰਥਿਕ ਅਤੇ ਸਿਆਸੀ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਪੰਜਾਬੀਆਂ ਦੇ ਮੁੱਦਿਆਂ ਨੂੰ ਜਮਹੂਰੀ ਤਰੀਕੇ ਨਾਲ ਸਬੰਧਿਤ ਅਦਾਰਿਆਂ ਅਤੇ ਸਰਕਾਰਾਂ ਕੋਲ ਪੇਸ਼ ਕਰਦਿਆਂ ਨਿਪਟਾਰੇ ਲਈ ਆਪਣੀ ਭੂਮਿਕਾ ਨਿਭਾਏਗੀ। ਸੰਸਥਾ ਦਾ ਉਦੇਸ਼ ਵਿਸ਼ਵ ਭਰ ਵਿੱਚ ਫੈਲੇ ਪੰਜਾਬੀ ਭਾਈਚਾਰੇ ਨੂੰ ਇੱਕਜੁੱਟ ਕਰਨਾ ਅਤੇ ਪੰਜਾਬ ਅਤੇ ਦੁਨੀਆ ਭਰ ਦੇ ਸਮੂਹ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਕਰਨਾ ਹੈ।
ਸੰਸਥਾ ਦੇ ਆਨਰੇਰੀ ਸਕੱਤਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬੀ ਐਸੋਸੀਏਸ਼ਨ ਪੰਜਾਬੀ ਮੀਡੀਆ, ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਲ ਵਿਸ਼ੇਸ਼ ਤਵੱਜੋ ਦੇਵੇਗੀ। ਪੰਜਾਬੀ ਨੌਜਵਾਨਾਂ ਨੂੰ ਰੁਜ਼ਗਾਰ ਮੁਹਇਆ ਕਰਾਉਣ ਲਈ ਕੌਮੀ ਘੱਟ ਗਿਣਤੀ ਕਮਿਸ਼ਨ ਵੱਲੋਂ ਜਾਰੀ ਕੇਂਦਰੀ ਸਕੀਮਾਂ ਦਾ ਲਾਭ ਉਠਾਇਆ ਜਾਵੇਗਾ। ਪੰਜਾਬ ਅਤੇ ਸਮੁੱਚੇ ਪੰਜਾਬੀ ਭਾਈਚਾਰਿਆਂ ਲਈ ਖੇਤੀਬਾੜੀ, ਉਦਯੋਗ, ਉਦਮਤਾ, ਸੇਵਾ ਖੇਤਰ, ਸਿਹਤ, ਸਿੱਖਿਆ, ਆਰਥਿਕਤਾ ਅਤੇ ਯੁਵਾ ਗਤੀਵਿਧੀਆਂ ਦੇ ਹੋਰ ਸਮਾਜਿਕ-ਆਰਥਿਕ ਪਹਿਲੂਆਂ ਦੇ ਵਿਕਾਸ ਲਈ ਯਤਨ ਕੀਤੇ ਜਾਣਗੇ। ਉਨਾਂ ਕਿਹਾ ਕਿ ਸਮੇਂ ਸਿਰ ਮਾਰਗ ਦਰਸ਼ਨ ਦੀ ਘਾਟ ਕਾਰਨ ਹੁਸ਼ਿਆਰ ਹੋਣ ਦੇ ਬਾਵਜੂਦ ਬਹੁਤ ਸਾਰੇ ਪੰਜਾਬੀ ਨੌਜਵਾਨ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਪਛੜ ਜਾਂਦੇ ਹਨ। ਸੰਸਥਾ (ਜੀਪੀਏ) ਹੁਸ਼ਿਆਰ ਅਤੇ ਯੋਗ ਪੰਜਾਬੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ, ਸੇਵਾਵਾਂ, ਉਦਮਤਾ ਅਤੇ ਹੋਰ ਉੱਦਮਾਂ ਵਿੱਚ ਪਲੇਸਮੈਂਟ ਲਈ ਲੋੜੀਂਦੀ ਮਦਦ ਅਤੇ ਮਾਰਗ ਦਰਸ਼ਨ ਪ੍ਰਦਾਨ ਕਰਨ ਲਈ ਕਦਮ ਚੁੱਕੇਗੀ ਅਤੇ ਖੇਡਾਂ, ਸਿੱਖਿਆ ਅਤੇ ਸਨਅਤੀ ਵਿਕਾਸ ਵਿੱਚ ਨੌਜਵਾਨਾਂ ਦੇ ਯੋਗਦਾਨ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਵਧੀਆ ਤਰੀਕੇ ਨਾਲ ਅਗਵਾਈ ਦੇਣ ਦੀ ਕੋਸ਼ਿਸ਼ ਕਰੇਗੀ।
ਤਸਵੀਰ ਨਾਲ ਹੈ।

LEAVE A REPLY

Please enter your comment!
Please enter your name here