ਨਹਿਰੀ ਪਾਣੀ ਪ੍ਰਾਪਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਧੂਰੀ ਅੱਗੇ ਪੱਕਾ ਮੋਰਚਾ ਸ਼ੁਰੂ

0
87

ਨਹਿਰੀ ਪਾਣੀ ਪ੍ਰਾਪਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਧੂਰੀ ਅੱਗੇ ਪੱਕਾ ਮੋਰਚਾ ਸ਼ੁਰੂ

ਧੂਰੀ, 20 ਸਤੰਬਰ, 2023: ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ, ਮਾਲੇਰਕੋਟਲਾ, ਅਮਰਗੜ੍ਹ ਅਤੇ ਮਹਿਲਕਲਾਂ ਦੇ ਨਹਿਰੀ ਪਾਣੀ ਤੋਂ ਵਿਹੂਣੇ 70 ਪਿੰਡਾਂ ਦੇ ਲੋਕ ਪਿਛਲੇ ਕਰੀਬ ਇੱਕ ਸਾਲ ਤੋਂ ਨਹਿਰੀ ਪਾਣੀ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਦੀ ਮੰਗ ਨੂੰ ਬੂਰ ਨਾ ਪੈਣ ਤੇ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਦੇ ਬੈਨਰ ਹੇਠ ਇਲਾਕੇ ਦੇ ਲੋਕਾਂ ਵੱਲੋਂ ਮੁੱਖ ਮੰਤਰੀ ਦਫ਼ਤਰ ਧੂਰੀ ਅੱਗੇ ਟਰੈਕਟਰ ਟਰਾਲੀਆਂ ਲਾ ਕੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਬੀਕੇਯੂ ਉਗਰਾਹਾਂ ਦੇ ਆਗੂ ਹਰਜੀਤ ਸਿੰਘ ਬਦੇਸ਼ਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕੁਲਵਿੰਦਰ ਸਿੰਘ ਭੂਦਨ, ਬੀਕੇਯੂ ਕਾਦੀਆਂ ਦੇ ਆਗੂ ਗੁਰਮੁਖ ਸਿੰਘ, ਬੀਕੇਯੂ ਲੱਖੋਵਾਲ ਦੇ ਆਗੂ ਨਿਰਮਲ ਸਿੰਘ ਘਨੌਰ ਨੇ ਦੱਸਿਆ ਕਿ ਹਰੀ ਕ੍ਰਾਂਤੀ ਦੇ ਨਾਂ ਹੇਠ ਲਿਆਂਦੇ ਰਸਾਇਣਕ ਖੇਤੀ ਮਾਡਲ ਵਿੱਚ ਪਾਣੀ ਦੀ ਬਹੁਤ ਜਿਆਦਾ ਖਪਤ ਹੈ। ਪੰਜਾਬ ਦੇ ਦਰਿਆਈ ਪਾਣੀ ਦਾ ਵੱਡਾ ਹਿੱਸਾ ਗੈਰ ਰਾਇਪੇਰੀਅਨ ਸੂਬਿਆਂ ਨੂੰ ਜਾਣ ਕਾਰਨ ਪੰਜਾਬ ਦੀਆਂ ਖੇਤੀ ਜਰੂਰਤਾਂ ਲਈ ਪਾਣੀ ਟਿਊਬਵੈਲਾਂ ਰਾਹੀਂ ਲਗਾਤਾਰ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ ਜਿਸ ਕਾਰਨ ਹੁਣ ਬਹੁਤ ਸਾਰੇ ਇਲਾਕਿਆਂ ਵਿੱਚ ਪਾਣੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਸੰਗਰੂਰ ਲੋਕ ਸਭਾ ਹਲਕੇ ਦੇ ਕਰੀਬ 70 ਪਿੰਡ ਨਹਿਰੀ ਪਾਣੀ ਤੋਂ ਬਿਲਕੁਲ ਵਾਂਝੇ ਹਨ ਅਤੇ ਜਿਹੜੇ ਇਲਾਕਿਆਂ ਵਿੱਚ ਪਾਣੀ ਲੱਗਦਾ ਹੈ ਉੱਥੇ ਪੂਰੀ ਮਾਤਰਾ ਵਿੱਚ ਨਹੀਂ ਮਿਲ ਰਿਹਾ, ਜਿਵੇਂ ਕੋਟਲਾ ਬ੍ਰਾਂਚ ਵਿੱਚੋਂ ਨਿੱਕਲਦੇ ਲੌਂਗੋਵਾਲ ਮਾਇਨਰ ਦੀ ਰੀਲਾਈਨਿੰਗ ਕਰਨ ਦੀ ਲੋਕ ਮੰਗ ਕਰ ਰਹੇ ਹਨ ਅਤੇ ਇਸੇ ਨਹਿਰ ਵਿਚੋਂ ਨਿਕਲਦੇ ਸ਼ੇਰੋਂ ਰਜਵਾਹੇ ਦੇ ਕੱਚੇ ਹਿੱਸੇ ਨੂੰ ਪੱਕਾ ਕਰਕੇ ਪਾਣੀ ਪੂਰਾ ਕਰਨ ਦੀ ਮੰਗ ਪਿਛਲੇ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ, ਦੇਸ਼ ਵੰਡ ਪਿੱਛੋਂ ਪਾਕਿਸਤਾਨ ਵਿਚੋਂ ਉਜੜ ਕੇ ਵਸੇ ਪਿੰਡ ਢੱਡਰੀਆਂ, ਰੱਤੋਕੇ, ਸਾਹੋਕੇ, ਤੱਕੀਪੁਰ ਦੇ ਲੋਕ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਸੇਮ ਤੋਂ ਪਹਿਲਾਂ ਦਾ ਪਾਣੀ ਬਹਾਲ ਕੀਤਾ ਜਾਵੇ ਅਤੇ ਬਹੁਤ ਸਾਰੇ ਪਿੰਡਾਂ ਵਿੱਚ ਨਹਿਰੀ ਖਾਲਿਆਂ ਅਤੇ ਪਾਇਪਲਾਈਨਾਂ ਦੇ ਕੰਮ ਅਧੂਰੇ ਪਏ ਹਨ। ਉਪਰੋਕਤ ਸਾਰੀਆਂ ਮੰਗਾਂ ਤੇ ਪਿਛਲੇ ਇੱਕ ਸਾਲ ਤੋਂ ਮੁਹਿੰਮ ਚੱਲ ਰਹੀ ਹੈ ਪਰ ਸਰਕਾਰ ਨੇ ਕੋਈ ਠੋਸ ਹੱਲ ਨਹੀਂ ਕੀਤਾ। ਇਸ ਕਰਕੇ ਅੱਜ ਮੁੱਖ ਮੰਤਰੀ ਦਫ਼ਤਰ ਧੂਰੀ ਅੱਗੇ ਪੱਕਾ ਮੋਰਚਾ ਲਾਉਣ ਲਈ ਮਜਬੂਰ ਹੋਣਾ ਪਿਆ।

ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਆਪਣੀਆਂ ਟਰਾਲੀਆਂ ਵਿੱਚ ਦਿੱਲੀ ਮੋਰਚੇ ਦੀ ਤਰਾਂ ਰਹਿਣ ਬਸੇਰੇ ਬਣਾਏ ਗਏ ਹਨ ਅਤੇ ਲੰਗਰ ਲਈ ਰਸਦ ਪਾਣੀ ਵੀ ਕਿਸਾਨ ਨਾਲ ਲੈ ਕੇ ਆਏ ਹਨ। ਕਿਸਾਨਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ ਜੇਕਰ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਮੋਰਚਾ ਅਣਮਿੱਥੇ ਸਮੇਂ ਲਈ ਚੱਲੇਗਾ। ਮੀਂਹ ਵੀ ਕਿਸਾਨਾਂ ਦੇ ਹੌਸਲੇ ਨਹੀਂ ਤੋੜ ਸਕਿਆ। ਅੱਜ ਦੇ ਮੋਰਚੇ ਨੂੰ ਸੰਘਰਸ਼ ਕਮੇਟੀ ਦੇ ਆਗੂ ਮੱਘਰ ਸਿੰਘ ਭੂਦਨ, ਸੁਖਵਿੰਦਰ ਸਿੰਘ ਚੁੰਘਾਂ, ਪਰਮੇਲ ਸਿੰਘ ਹਥਨ, ਬਲਵੰਤ ਸਿੰਘ ਭੈਣੀ, ਮੇਹਰ ਸਿੰਘ ਈਸਾਪੁਰ ਲੰਡਾ, ਚਮਕੌਰ ਸਿੰਘ ਬਧਰਾਵਾਂ ਨੇ ਸੰਬੋਧਨ ਕੀਤਾ।

LEAVE A REPLY

Please enter your comment!
Please enter your name here