ਨੌਜਵਾਨਾਂ ਲਈ ਸਰਾਭੇ ਦੀ ਵਿਰਾਸਤ ਨੂੰ ਸੰਭਾਲਣ ਦਾ ਵੇਲਾ- ਮਨਜੀਤ ਸਿੰਘ ਧਨੇਰ

0
281

ਸਰਾਭਾ/ਲੁਧਿਆਣਾ, (ਦਲਜੀਤ ਕੌਰ ਭਵਾਨੀਗੜ੍ਹ)-ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 106ਵੇਂ ਸ਼ਹੀਦੀ ਦਿਵਸ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਲੁਧਿਆਣਾ ਦੇ ਵੱਖ ਵੱਖ ਬਲਾਕਾਂ ਚੋਂ ਸੈਂਕੜੇ ਕਿਸਾਨਾਂ ਮਜਦੂਰਾਂ ਨੇ ਵੱਖ-ਵੱਖ ਪਿੰਡਾਂ ਚੋਂ ਮੋਟਰਸਾਈਕਲਾਂ ਸਕੂਟਰਾਂ ਗੱਡੀਆਂ ਤੇ ਮਾਰਚ ਕਰਦਿਆਂ ‘‘ਕਾਲੇ ਕਾਨੂੰਨਾਂ ਤੋਂ ਮੁਕਤੀ ਦਾ ਰਾਹ-ਗਦਰ ਗਦਰ ਗਦਰ’’ ਦੇ ਨਾਰੇ ਗੁੰਜਾਉਂਦਿਆਂ ਸ਼ਹੀਦ ਦੇ ਪਿੰਡ ਸਰਾਭਾ ਵਿਖੇ ਪੁੱਜੇ। ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ’ਤੇ ਵੱਖ-ਵੱਖ ਬਲਾਕਾਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਨੇ ਫੁੱਲ ਮਾਲਾਵਾਂ ਭੇਂਟ ਕਰਕੇ ਗ਼ਦਰੀ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀਆਂ। ਇਸ ਸਮੇਂ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਓਨਾਂ ਨਾਲ ਇਸੇ ਦਿਨ ਲਾਹੌਰ ਸਾਜਿਸ਼ ਕੇਸ ਪਹਿਲਾ ’ਚ ਫਾਂਸੀ ਚੜਾ ਦਿੱਤੇ ਗਏ ਜਗਤ ਸਿੰਘ ਸੁਰ ਸਿੰਘ ਵਾਲਾ, ਵਿਸ਼ਨੂੰ ਗਣੇਸ਼ ਪਿੰਗਲੇ, ਬਖਸੀਸ ਸਿੰਘ, ਹਰਨਾਮ ਸਿੰਘ ਸਿਆਲਕੋਟੀ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ (ਤਿੰਨੇ ਗਿਲਾਂਵਾਲੀ) ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਕਿਹਾ ਨੇ ਕਿਹਾ ਕਿ ਅੱਜ ਸਾਡੇ ਦੇਸ਼ ਦੇ ਸਭ ਤੋਂ ਨਿਆਰੇ ਕਿਸਾਨ ਸੰਘਰਸ਼ ਉਪਰ ਪੂਰੀ ਦੁਨੀਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਕਿਰਤੀ ਕਿਸਾਨ ਅਤੇ ਨੌਜਵਾਨ ਇਸ ਸੰਘਰਸ਼ ਦੀ ਜਿੰਦ-ਜਾਨ ਹਨ। ਜਿੱਥੇ ਦੇਸ਼ ਦੇ ਕਿਰਤੀ ਕਿਸਾਨਾਂ ਨੇ ਚਾਚਾ ਅਜੀਤ ਸਿੰਘ ਦੀ ‘ਪੱਗੜੀ ਸੰਭਾਲ ਜੱਟਾ’ ਲਹਿਰ ਦੀ ਵਿਰਾਸਤ ਨੂੰ ਸਾਂਭਿਆ ਹੋਇਆ ਹੈ ਉੱਥੇ ਦੇਸ਼ ਦੇ ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਆਦਿ ਵਰਗੇ ਦਰਜਨਾਂ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਦੀ ਵਿਰਾਸਤ ਨੂੰ ਅੱਗੇ ਤੋਰਨ ਦਾ ਜਿੰਮਾ ਓਟਿਆ ਹੋਇਆ ਹੈ। ਕਿਸਾਨ ਮੋਰਚੇ ਦੇ ਆਗੂ ਸ਼੍ਰੀ ਮਨਜੀਤ ਸਿੰਘ ਧਨੇਰ ਨੇ ਅੱਗੇ ਕਿਹਾ ਕਿ ਇੱਥੇ ਅਸੀਂ ਨੌਜਵਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਅਦੁੱਤੀ ਕੁਰਬਾਨੀ ਦੀ ਗੱਲ ਕਰਾਂਗੇ। ਉਹ ਮੁੱਛ-ਫੁੱਟ ਨੌਜਵਾਨ ਜਿਸਨੇ ਦੇਸ਼ ਦੇ ਲੋਕਾਂ ਦੀ ਮੁਕਤੀ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਅੱਲ੍ਹੜ ਉਮਰ ਦਾ ਉਹ ਮਹਾਨ ਸ਼ਹੀਦ ਅੱਜ ਵੀ ਦੇਸ਼ ਦੇ ਕਿਰਤੀ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਮੌਜੂਦਾ ਕਿਸਾਨ ਅੰਦੋਲਨ ਵਿੱਚ ਆਪਣਾ ਤਨ-ਮਨ-ਧਨ ਨਿਸ਼ਾਵਰ ਕਰਨ ਵਾਲੇ ਨੌਜਵਾਨਾਂ ਨੂੰ ਉਸ ਨੌਜਵਾਨ ਯੋਧੇ ਦੀ ਵਿਚਾਰਧਾਰਾ ਤੋਂ ਸੇਧ ਅਤੇ ਉਸਦੀ ਕੁਰਬਾਨੀ ਤੋਂ ਜਜ਼ਬਾ ਲੈ ਕੇ ਮੌਜੂਦਾ ਕਿਸਾਨ ਲਹਿਰ ਦੇ ਰੌਸ਼ਨ ਚਿਰਾਗ ਬਣਨਾ ਚਾਹੀਦਾ ਹੈ। ਇਸ ਸਮੇਂ ਬੋਲਦਿਆਂ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਦੀ ਸ਼ਹਾਦਤ ਸਮੁੱਚੇ ਕਿਰਤੀ ਲੋਕਾਂ ਤੇ ਇਕ ਕਰਜ ਹੈ। ਸਾਮਰਾਜਵਾਦ ਖਿਲਾਫ ਫਾਂਸੀ ਦਾ ਰੱਸਾ ਚੁੰਮਣ ਵਾਲੇ, ਕਾਲੇ ਪਾਣੀਆਂ ਚ ਉਮਰਕੈਦਾਂ ਕੱਟਣ ਵਾਲੇ, ਘਰਾਂ ਦੀਆਂ ਕੁਰਕੀਆਂ ਕਰਾਉਣ ਵਾਲੇ ਸੈਂਕੜੇ ਗਦਰੀਆਂ ਦਾ ਸੁਪਨਾ ਇਕ ਲੁੱਟ ਰਹਿਤ ਸਮਾਜਵਾਦੀ ਰਾਜ ਦੀ ਸਥਾਪਨਾ ਸੀ। ਉਨਾਂ ਕਿਹਾ ਕਿ 74 ਸਾਲਾਂ ਦੀ ਆਜਾਦੀ ਨੇ ਅਮੀਰਾਂ ਦੇ ਕਾਰਪੋਰੇਸ਼ਨਾਂ ਦੀਆਂ ਜਾਇਦਾਦਾਂ ਚ ਤਾਂ ਲੋਹੜੀਆਂ ਦਾ ਵਾਧਾ ਕੀਤਾ ਹੈ, ਪਰ ਗਰੀਬ ਕਿਸਾਨ ਮਜਦੂਰ ਖੁਦਕਸ਼ੀਆਂ ਤੇ ਭੁੱਖ, ਨੰਗ ਨਾਲ ਘੁਲਣ ਲਈ ਮਜਬੂਰ ਹੈ। ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਮਿੱਟੀ ਚ ਰੋਲ ਰਹੇ ਹਾਕਮ ਸਾਮਰਾਜ ਨਿਰਦੇਸ਼ਿਤ ਨਵੀਆਂ ਆਰਥਿਕ ਤੇ ਸਨਅਤੀ ਨੀਤੀਆਂ ਰਾਹੀਂ ਕੁਲ ਸਰਕਾਰੀ ਅਦਾਰਿਆਂ ਨੂੰ ਕੋਡੀਆਂ ਦੇ ਭਾਅ ਕੰਟਰੋਲ ਕਰ ਰਹੇ ਹਨ। ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ ਦੇਸ਼ ਭਰ ਦਾ ਕਿਸਾਨ ਸਵਾ ਸਾਲ ਤੋਂ ਸੰਘਰਸ਼ ਕਰਦਾ ਸ਼ਹੀਦੀ ਜਾਮ ਪੀ ਰਿਹਾ ਹੈ। ਸਨਅਤੀ ਮਜਦੂਰਾਂ ਤੇ ਮੁਲਾਜਮਾਂ ਦਾ ਗਲ ਘੁੱਟਣ ਲਈ ਨਵੇਂ ਕਿਰਤ ਕਨੂੰਨ ਭਾਜਪਾਈ ਹਾਕਮਾਂ ਵੱਲੋਂ ਪਾਸ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਫਾਸ਼ੀਵਾਦ ਘਟਗਿਣਤੀਆਂ ਤੇ ਜਬਰ ਦਾ, ਉਨਾਂ ਨੂੰ ਤੇ ਹਰ ਵਿਰੋਧ ਕਕਰਨ ਵਾਲੇ ਨੂੰ ਜੇਲਾਂ ਚ ਬੰਦ ਕਰਨ, ਦੇਸ਼ੋ ਦਰ-ਬਦਰ ਕਰਨ ਦਾ ਲੋਕ ਵਿਰੋਧੀ ਕਾਰਾ ਕਰਦਾ ਲੋਕਾਂ ਦਾ ਦੁਸ਼ਮਣ ਨੰਬਰ ਇੱਕ ਬਣ ਚੁੱਕਿਆ ਹੈ। ਇਸ ਸਮੇਂ ਕਿਸਾਨਾਂ ਮਜਦੂਰਾਂ ਨੋਜਵਾਨਾਂ ਦਾ ਵਿਸ਼ਾਲ ਕਾਫਲਾ ਸਰਾਭਾ ਜੀ ਦੇ ਬੁੱਤ ਤੋਂ ਸ਼ਹੀਦ ਦੇ ਜੱਦੀ ਘਰ ਪੰਹੁਚਿਆ ਤੇ ਸਤਿਕਾਰ ਵਜੋਂ ਮਹਾਨ ਯੋਧੇ ਦੀ ਲਾਸਾਨੀ ਸ਼ਹਾਦਤ ਨੂੰ ਸਲਾਮ ਕੀਤਾ ਗਿਆ। ਇਸ ਸਮੇਂ ਬੋਲਦਿਆਂ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਇੰਦਰਜੀਤ ਸਿੰਘ ਧਾਲੀਵਾਲ ਜਿਲਾ ਸਕਤਰ, ਗੁਰਪ੍ਰੀਤ ਸਿੰਘ ਸਿਧਾਂਤਿਕ ਪ੍ਰੈੱਸ ਸਕਤਰ, ਜਗਤਾਰ ਸਿੰਘ ਦੇਹੜਕਾ, ਸੁਖਵਿੰਦਰ ਸਿੰਘ ਹੰਬੜਾਂ, ਹਰਦੀਪ ਸਿੰਘ ਗਾਲਬ, ਰਾਮਸਰਨ ਸਿੰਘ ਰਸੂਲਪੁਰ ਨੇ ਕਿਹਾ ਕਿ ਸ਼ਹੀਦ ਸਰਾਭਾ ਦੀ ਯਾਦ ਚ ਜਿਲੇ ਦੇ ਸਾਰੇ ਪਿੰਡਾਂ ਚ ਸ਼ਰਧਾਂਜਲੀ ਸਮਾਗਮ ਕਰਦਿਆਂ ਕਿਸਾਨਾਂ ਮਜਦੂਰਾਂ ਨੋਜਵਾਨਾਂ ਔਰਤਾਂ ਨੂੰ 25 ਨਵੰਬਰ ਨੂੰ ਦਿੱਲੀ ਸੰਘਰਸ਼ ਮੋਰਚਿਆਂ ਲਈ ਜੋਰਦਾਰ ਲਾਮਬੰਦੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਗ਼ਦਰੀ ਸ਼ਹੀਦਾਂ ਨੇ ਸਾਮਰਾਜ ਖਿਲਾਫ ਸਮਾਜਵਾਦ ਦੀ ਸਥਾਪਤੀ ਦੀ ਲੜਾਈ ਲੜੀ ਸੀ ਜੋ ਅੱਜ ਵੀ ਜਾਰੀ ਹੈ। ਉਨਾਂ ਕਿਹਾ ਕਿ ਗਦਰੀ ਸ਼ਹੀਦਾਂ ਦਾ ਮਿਸ਼ਨ ਘਰ ਘਰ ਪਹੁੰਚਾਉਣ ਅਤੇ ਪੂਰਾ ਕਰਾਉਣ ਲਈ ਕਿਸਾਨ ਮਜਦੂਰ ਜਥੇਬੰਦੀਆਂ ਦਿਨ ਰਾਤ ਇਕ ਕਰ ਦੇਣਗੀਆਂ।

LEAVE A REPLY

Please enter your comment!
Please enter your name here