ਪ੍ਰਵਾਸੀ ਨਾਵਲਕਾਰ ਬਿੰਦਰ ਕੋਲੀਆਂ ਵਾਲ, ਇਟਲੀ  ਵਲੋਂ ਕਹਾਣੀ ਸੰਗ੍ਰਹਿ ਲੋਕ ਅਰਪਣ

0
12
ਸਤਿ ਸ੍ਰੀ ਅਕਾਲ ਜੀ। ਕਿਰਪਾ ਕਰਕੇ ਨਵੀਂ ਲਿਖਤ ਪ੍ਰਵਾਨ ਕਰਨਾ ਜੀ।

ਪ੍ਰਵਾਸੀ ਨਾਵਲਕਾਰ ਬਿੰਦਰ ਕੋਲੀਆਂ ਵਾਲ, ਇਟਲੀ  ਵਲੋਂ ਕਹਾਣੀ ਸੰਗ੍ਰਹਿ ਲੋਕ ਅਰਪਣ

ਅੱਜ ਐਤਵਾਰ 31 ਮਈ ਨੂੰ ਕਹਾਣੀਕਾਰ ਲਾਲ ਸਿੰਘ ਜੀ, ਦਸੂਹਾ ਪੰਜਾਬ  ਦਾ ‘ ਯਾਦਗਾਰੀ ਸਾਹਿਤਕ ਮੰਚ ( ਰਜਿ)’ ਦਸੂਹਾ ਵਿਖੇ ਪ੍ਰਵਾਸੀ ਨਾਵਲਕਾਰ ਬਿੰਦਰ ਕੋਲੀਆਂ ਵਾਲ ਇਟਲੀ, ਪ੍ਰਸਿੱਧ ਪੇਸ਼ਕਾਰ ਮੋਤੀ ਸ਼ਾਇਰ ਪੰਜਾਬ, ਪ੍ਰਸਿੱਧ ਗਲਪਕਾਰ ਤੇ ਕਹਾਣੀਕਾਰ ਲਾਲ ਸਿੰਘ ਜੀ ਦੇ ਪਿਆਰੇ ਤੇ ਗੂੜ੍ਹੇ ਮਿੱਤਰ ਸੁਰਿੰਦਰ ਸਿੰਘ ਨੇਕੀ, ਕਹਾਣੀਕਾਰ ਲਾਲ ਸਿੰਘ ਜੀ ਦੇ ਸਪੁੱਤਰ ਅਮਰਜੀਤ ਸਿੰਘ ਇਟਲੀ ਵਲੋਂ ਸਾਂਝਾ ਰੂਬਰੂ ਸਮਾਗਮ ਕਰਦਿਆਂ ਨਵਾਂ ਕਹਾਣੀ ਸੰਗ੍ਰਹਿ ‘ਯੁੱਧਵੀਰ’ ਲੋਕ ਅਰਪਣ ਕੀਤਾ ਗਿਆ।

ਆਪਣੇ ਵਿਚਾਰਾਂ ਵਿੱਚ ਪ੍ਰਵਾਸੀ ਸਾਹਿਤਕਾਰ ਬਿੰਦਰ ਕੋਲੀਆਂ ਵਾਲ ਜੀ ਨੇ ਕਿਹਾ ਕਿ ਲਾਲ ਸਿੰਘ ਜੀ ਦੀਆਂ ਕਹਾਣੀਆਂ ਪੰਜਾਬ ਦੇ ਆਮ ਲੋਕਾਂ ਦੇ ਜੀਵਨ, ਸਮਾਜਿਕ ਸੰਘਰਸ਼ਾਂ ਅਤੇ ਮਨੁੱਖੀ ਸਰੋਕਾਰਾਂ ਨੂੰ ਬੜੀ ਸੰਵੇਦਨਸ਼ੀਲਤਾ ਅਤੇ ਯਥਾਰਥਵਾਦ ਨਾਲ ਪੇਸ਼ ਕਰਦੀਆਂ ਹਨ ਅਤੇ  ਲਾਲ ਸਿੰਘ ਦੀ ਵਿਚਾਰਧਾਰਾ ਮਨੁੱਖੀ ਕਦਰਾਂ-ਕੀਮਤਾਂ, ਸਮਾਜਿਕ ਬਰਾਬਰੀ ਅਤੇ ਇਨਸਾਫ਼ ਦੇ ਸਿਧਾਂਤਾਂ ਨਾਲ ਹਮੇਸ਼ਾ ਤੋਂ ਜੁੜੀ ਹੋਈ ਹੈ।  ਉਨ੍ਹਾਂ ਦੀਆਂ ਰਚਨਾਵਾਂ ਵਿੱਚ ਜੀਵਨ ਦੀਆਂ ਜਟਿਲਤਾਵਾਂ, ਪਿੰਡਾਂ ਦੇ ਬਦਲਦੇ ਸਰੂਪ ਅਤੇ ਆਮ ਮਨੁੱਖ ਦੇ ਦੁੱਖ-ਸੁੱਖ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ ਹੈ।

ਇਸ ਮੌਕੇ ਪ੍ਰਸਿੱਧ ਪੇਸ਼ਕਾਰ ਮੋਤੀ ਸ਼ਾਇਰ ਜੀ ਨੇ  ਕਿਹਾ ਕਿ ਲਾਲ ਸਿੰਘ ਜੀ ਦਾ ਵਿਰਤਾਂਤ ਸਧਾਰਨ ਹੋਣ ਦੇ ਬਾਵਜੂਦ ਪਾਠਕ ਨੂੰ ਆਪਣੇ ਨਾਲ ਜੋੜਨ ਤੇ ਉਤਸ਼ਾਹਿਤ ਕਰਦਾ ਹੈ। ਪਾਤਰਾਂ ਦੀ ਸਿਰਜਣਾ, ਸੰਵਾਦਾਂ ਦੀ ਸਹਿਜਤਾ ਅਤੇ ਕਥਾ ਦੇ ਪ੍ਰਵਾਹ ਵਿੱਚ ਉਨ੍ਹਾਂ ਦੀ ਵਿਲੱਖਣ ਪਹਿਚਾਣ ਹੈ। ਉਨ੍ਹਾਂ ਦੀਆਂ ਕਹਾਣੀਆਂ ਕੇਵਲ ਸਾਹਿਤਕ ਰਚਨਾਵਾਂ ਨਹੀਂ ਸਗੋਂ ਸਮੇਂ ਅਤੇ ਸਮਾਜ ਦੇ ਦਸਤਾਵੇਜ਼ ਵੀ ਹਨ।

ਇਸ ਮਿਲਣੀ ਮੌਕੇ ਗਲਪਕਾਰ ਸੁਰਿੰਦਰ ਸਿੰਘ ਨੇਕੀ ਜੀ ਨੇ ਆਪਣੇ ਪਿਆਰੇ ਜਿਗਰੀ ਯਾਰ ਨੂੰ ਯਾਦ ਕਰਦਿਆਂ ਕਿਹਾ ਕਿ ਲਾਲ ਸਿੰਘ ਦਾ ਕਹਾਣੀ-ਸਾਹਿਤ ਪੰਜਾਬੀ ਅਦਬ ਦੀ ਅਹਿਮ ਧਰੋਹਰ ਹੈ ਅਤੇ ਨਵੀਂ ਪੀੜ੍ਹੀ ਲਈ ਪ੍ਰੇਰਣਾ ਦਾ ਸਰੋਤ ਬਣਿਆ ਰਹੇਗਾ। ਉਨ੍ਹਾਂ ਦੀਆਂ ਰਚਨਾਵਾਂ ਉੱਤੇ ਹੋਰ ਖੋਜ ਅਤੇ ਚਰਚਾ ਹੋਣੀ ਚਾਹੀਦੀ ਹੈ ਤਾਂ ਜੋ ਪੰਜਾਬੀ ਸਾਹਿਤ ਦੀ ਇਸ ਅਮੋਲ ਵਿਰਾਸਤ ਨੂੰ ਵਿਆਪਕ ਪੱਧਰ ‘ਤੇ ਪਹੁੰਚਾਇਆ ਜਾ ਸਕੇ। ਇਸ ਮੌਕੇ ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ( ਰਜਿ.) ਦਸੂਹਾ ਦੇ ਪ੍ਰਧਾਨ ਅਮਰਜੀਤ ਸਿੰਘ ਇਟਲੀ, ਨੇ  ਸਾਹਿਤ ਸਭਾ ਅਤੇ ਪ੍ਰਵਾਸੀ ਸਾਹਿਤਕਾਰਾਂ ਦਾ ਆਪਣੇ ਪਿਤਾ ਕਹਾਣੀਕਾਰ ਲਾਲ ਸਿੰਘ ਦਸੂਹਾ ਨੂੰ ਸਰਧਾਂਜਲੀ ਅਰਪਿਤ ਕਰਨ ਅਤੇ ਯਾਦ ਰੱਖਣ ਲਈ ਦਿਲਾਂ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਸਮੂਹ ਹਾਜ਼ਰੀਨ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਬਹੁਤ ਮਹੱਤਵਪੂਰਨ ਹਨ। ਇਸ ਮੌਕੇ ਮੰਚ ਪ੍ਰਧਾਨ ਅਮਰਜੀਤ ਸਿੰਘ , ਗਲਪਕਾਰ ਸੁਰਿੰਦਰ ਸਿੰਘ ਨੇਕੀ , ਦਲਬੀਰ ਸਿੰਘ ਭੁੱਲਰ, ਭੁਪਿੰਦਰ ਸਿੰਘ ਰਾਜਾ , ਗੁਰਪ੍ਰੀਤ ਸਿੰਘ ਸਹੋਤਾ, ਅਮਰਜੀਤ ਸਿੰਘ ਖਾਕ ਸਮੇਕ ਕਈ ਲੇਖਕ , ਬੁੱਧੀਜੀਵੀ ਅਤੇ ਸਾਹਿਤਕਾਰ ਹਾਜ਼ਿਰ ਸਨ।

ਸਵਰਗਵਾਸੀ ਕਹਾਣੀਕਾਰ ਲਾਲ ਸਿੰਘ ਜੀ ਭਾਵੇਂ ਸਰੀਰਕ ਤੌਰ ਤੇ ਦੁਨੀਆ ਵਿੱਚ ਨਹੀਂ ਹਨ ਪਰ ਆਪਣੀਆਂ ਕਹਾਣੀਆਂ ਤੇ ਸਾਹਿਤਕ ਦੇਣ ਨਾਲ ਉਹ ਹਮੇਸ਼ਾ ਪੰਜਾਬੀ ਸਾਹਿਤ ਵਿੱਚ ਅਮਰ ਰਹਿਣਗੇ ਤੇ ਉਹਨਾਂ ਦੇ ਸਨੇਹੀਆਂ ਦੁਆਰਾ ਉਹਨਾਂ ਨੂੰ ਹਮੇਸ਼ਾ ਇਸੇ ਤਰਾਂ ਯਾਦ ਕੀਤਾ ਜਾਵੇਗਾ॥

ਸਰਬਜੀਤ ਸਿੰਘ ਜਰਮਨੀ
Tirthsingh3@yahoo.com

LEAVE A REPLY

Please enter your comment!
Please enter your name here