ਪ੍ਰਿੰਸੀਪਲ ਸਕੱਤਰ ਵੀ. ਕੇ ਮੀਨਾ ਨੇ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜ਼ਾਂ ਦਾ ਲਿਆ ਜਾਇਜ਼ਾ

0
166

ਖਰੀਦ ਕੀਤੀ ਜਿਣਸ ਦੀ ਲਿਫਟਿੰਗ ਅਤੇ ਅਦਾਇਗੀ ਨੂੰ ਸਮਾਂਬੱਧ
ਢੰਗ ਨਾਲ ਕੀਤਾ ਜਾਵੇ-ਵੀ. ਕੇ ਮੀਨਾ
*ਵੀ. ਕੇ ਮੀਨਾ ਨੇ ਸੇਵਾ ਕੇਂਦਰ, ਸਾਂਝ ਕੇਂਦਰ ਮਾਨਸਾ ਦਾ ਅਚਨਚੇਤ ਦੌਰਾ ਕਰਕੇ ਲੋਕਾਂ ਨੂੰ
ਮਿਲਣ ਵਾਲੀਆਂ ਸੇਵਾਵਾਂ ਦਾ ਜਾਇਜ਼ਾ ਲਿਆ
*ਪਿੰਸੀਪਲ ਸਕੱਤਰ ਅਤੇ ਡਿਪਟੀ ਕਮਿਸ਼ਨਰ ਨੇ ਦਾਣਾ ਮੰਡੀ ਭੀਖੀ ਵਿਖੇ ਝੋਨੇ ਦੀ ਖਰੀਦ ਪ੍ਰਕਿਰਿਆ ਦਾ ਲਿਆ ਜਾਇਜ਼ਾ
*ਜ਼ਿਲ੍ਹਾ ਮਾਨਸਾ ਦੇ ਵਿਕਾਸ ਕੰਮਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਨੇਪਰੇ ਚੜ੍ਹਾਉਣ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ-ਡੀ.ਸੀ.
ਮਾਨਸਾ, 28 ਅਕਤੂਬਰ:
ਪ੍ਰਿੰਸੀਪਲ ਸਕੱਤਰ ਪੰਜਾਬ ਸਰਕਾਰ ਕਮ ਸਕੱਤਰ ਇੰਚਾਰਜ਼ ਜ਼ਿਲ੍ਹਾ ਮਾਨਸਾ ਸ੍ਰੀ ਵੀ. ਕੇ ਮੀਨਾ ਨੇ ਅੱਜ ਸਥਾਨਕ ਬੱਚਤ ਭਵਨ ਵਿਖੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਤੋਂ ਜ਼ਿਲ੍ਹੇ ਅੰਦਰ ਚੱਲ ਰਹੇ ਵਿਕਾਸ ਕਾਰਜ਼ਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਟੀ.ਬੈਨਿਥ, ਐਸ.ਡੀ.ਐਮ. ਮਾਨਸਾ ਸ੍ਰੀ ਹਰਜਿੰਦਰ ਸਿੰਘ ਜੱਸਲ, ਐਸ.ਡੀ.ਐਮ ਸਰਦੂਲਗੜ੍ਹ ਪੂਨਮ ਸਿੰਘ, ਐਸ.ਡੀ.ਐਮ ਬੁਢਲਾਡਾ ਪ੍ਰਮੋਦ ਸਿੰਗਲਾ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਤੁਸ਼ਿਤਾ ਗੁਲਾਟੀ ਵੀ ਹਾਜ਼ਰ ਸਨ।
ਪ੍ਰਿੰਸੀਪਲ ਸਕੱਤਰ ਸ੍ਰੀ ਵੀ. ਕੇ ਮੀਨਾ ਨੇ ਖਰੀਦ ਕਾਰਜ਼ਾਂ ਨਾਲ ਜੁੜੇ ਅਧਿਕਾਰੀਆਂ ਤੋਂ ਜ਼ਿਲ੍ਹੇ ਅੰਦਰ ਝੋਨੇ ਦੀ ਚੱਲ ਰਹੀ ਖਰੀਦ ਪ੍ਰਕਿਰਿਆਂ ਦਾ ਜਾਇਜ਼ਾ ਲੈਂਦਿਆਂ, ਖਰੀਦ ਕੀਤੀ ਜਿਣਸ ਦੀ ਅਦਾਇਗੀ ਅਤੇ ਲਿਫਟਿੰਗ ਨੂੰ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਸਮੂਹ ਐਸ.ਡੀ.ਐਮਜ਼ ਨੂੰ ਹਰੇਕ ਸਬ ਡਵੀਜ਼ਨ ਪੱਧਰ ’ਤੇ ਨਿੱਜੀ ਤੌਰ ’ਤੇ ਖਰੀਦ ਕਾਰਜ਼ਾ ਦਾ ਜਾਇਜ਼ਾ ਲੈਣ ਦੀ ਹਦਾਇਤ ਕੀਤੀ। ਉਨ੍ਹਾਂ ਝੋਨੇ ਦੀ ਢੋਆ ਢੁਆਈ ਲਈ ਟੈਂਡਰਾਂ ਵੇਲੇ ਠੇਕੇਦਾਰ ਵੱਲੋਂ ਵਾਹਨਾਂ ਦੇ ਮੁਹੱਈਆ ਕਰਵਾਏ ਰਜਿਸ਼ਟ੍ਰੇਸ਼ਨ ਨੰਬਰਾਂ ਦੀ ਜਾਂਚ ਕਰਨ ਦੀ ਹਦਾਇਤ ਕੀਤੀ, ਤਾਂ ਜੋ ਗੈਰ ਪ੍ਰਮਾਣਿਤ ਵਾਹਨਾਂ ਦੇ ਨੰਬਰ ਢੋਆ ਢੋਆਈ ਵਾਲੀ ਸੂਚੀ ’ਚ ਸ਼ਾਮਿਲ ਨਾ ਹੋਣ।
ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਸਕੱਤਰ ਵੀ. ਕੇ ਮੀਨਾ ਨੂੰ ਦੱਸਿਆ ਕਿ ਜ਼ਿਲ੍ਹੇ ਅੰਦਰ ਹੁਣ ਤੱਕ 1 ਲੱਖ 97 ਹਜ਼ਾਰ 279 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਖਰੀਦ ਕੀਤੀ ਜਿਣਸ ਦੀ 267.77 ਕਰੋੜ ਦੀ ਕਿਸਾਨਾਂ ਨੂੰ ਅਦਾਇਗੀ ਹੋਈ ਹੈ। ਉਨ੍ਹਾਂ ਖੇਤੀਬਾੜੀ ਵਿਭਾਗ ਸਮੇਤ ਹੋਰਨਾਂ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ’ਚ ਕੋਈ ਇਜ਼ਾਫਾ ਨਾ ਹੋਵੇ, ਇਸਦੇ ਲਈ ਨਿਯੁਕਤ ਕੀਤੇ ਨੋਡਲ ਅਫ਼ਸਰ ਅਤੇ ਸਮੂਹ ਐਸ.ਡੀ.ਐਮ ਆਪਣੇ ਪੱਧਰ ’ਤੇ ਨਿਰੀਖਣ ਕਰਨ।
ਪਿ੍ਰੰਸੀਪਲ ਸਕੱਤਰ ਸ੍ਰੀ ਵੀ. ਕੇ ਮੀਨਾ ਨੇ ਪਿੰਡ ਬੁਰਜ਼ ਹਰੀ ਅਤੇ ਰੜ੍ਹ ਵਿਖੇ ਬਣੇ ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ ਬਾਰੇ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਜਾਇਜ਼ਾ ਲੈਂਦਿਆਂ, ਉਥੇ ਓ.ਪੀ.ਡੀ. ’ਚ ਆਉਣ ਵਾਲੇ ਮਰੀਜ਼ਾਂ ਦੇ ਟੈਸਟ, ਦਵਾਈਆਂ ਅਤੇ ਹੋਰ ਲੋੜੀਂਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਸਿਵਲ ਸਰਜਨ ਡਾ.ਹਰਿੰਦਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ’ਚ 15 ਅਗਸਤ ਤੋਂ ਹੁਣ ਤੱਕ 8 ਹਜ਼ਾਰ ਤੋਂ ਵਧੇਰੇ ਮਰੀਜ਼ ਆਪਣਾ ਇਲਾਜ ਕਰਵਾ ਚੁੱਕੇ ਹਨ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਲੋੜੀਂਦੀਆਂ ਦਵਾਈਆਂ ਦੀ ਸਪਲਾਈ ਨਿਰਵਿਘਨ ਮਿਲ ਰਹੀ ਹੈ। ਉਨ੍ਹਾਂ ਐਸ.ਡੀ.ਐਮ ਮਾਨਸਾ ਨੂੰ ਹਰੇਕ ਹਫਤੇ ਆਮ ਆਦਮੀ ਕਲੀਨਿਕਾਂ ਦਾ ਅਚਨਚੇਤ ਦੌਰਾ ਕਰਕੇ ਜਾਇਜ਼ਾ ਲੈਣ ਦੇ ਆਦੇਸ਼ ਜਾਰੀ ਕੀਤੇ।
ਉਨ੍ਹਾਂ ਜ਼ਿਲ੍ਹੇ ਦੇ ਸਾਂਝ ਕੇਂਦਰਾਂ ਅੰਦਰ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਅਤੇ ਹੋਰ ਵੱਖ-ਵੱਖ ਕਾਰਜ਼ ਲੋਕ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਸਮਾਂਬੱਧ ਢੰਗ ਨਾਲ ਹੱਲ ਕਰਨ ਦੇ ਲਈ ਪੁਲਿਸ ਵਿਭਾਗ ਦੇ ਆਏ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਨ੍ਹਾਂ ਮੰਡੀ ਬੋਰਡ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ, ਲੋਕ ਨਿਰਮਾਣ ਵਿਭਾਗ, ਡਰੇਨਜ਼ ਵਿਭਾਗ, ਨਗਰ ਕੌਂਸਲਾਂ ਸਮੇਤ ਆਸ਼ੀਰਵਾਦ ਸਕੀਮ, ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ, ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਅਤੇ ਹੋਰ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਅਤੇ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਸਮੂਹ ਅਧਿਕਾਰੀਆਂ ਨੂੰ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹਰੇਕ ਕੰਮ ਪਾਰਦਰਸ਼ੀ ਅਤੇ ਸਮੇਂ ਨਾਲ ਨੇਪਰੇ ਚੜ੍ਹਾਉਣ ਦੇ ਆਦੇਸ਼ ਜਾਰੀ ਕੀਤੇ।
ਮੀਟਿੰਗ ਤੋਂ ਤੁਰੰਤ ਬਾਅਦ ਸ੍ਰੀ ਵੀ. ਕੇ ਮੀਨਾ ਨੇ ਸੇਵਾ ਕੇਂਦਰ, ਸਾਂਝ ਕੇਂਦਰ ਮਾਨਸਾ ਦਾ ਅਚਨਚੇਤ ਦੌਰਾ ਕਰਕੇ ਲੋਕਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸੇਵਾ ਕੇਂਦਰ ਅਤੇ ਸਾਂਝ ਕੇਂਦਰ ਦੇ ਅਧਿਕਾਰੀਆਂ ਨੂੰ ਬਿਨ੍ਹਾਂ ਕਿਸੇ ਖੱਜਲ-ਖੁਆਰੀ ਤੋਂ ਲੋਕਾ ਦਾ ਹਰੇਕ ਕੰਮ ਸਮੇਂ ਨਾਲ ਕਰਨ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਸ੍ਰੀ ਵੀ.ਕੇ ਮੀਨਾ ਨੇ ਦਾਣਾ ਮੰਡੀ ਭੀਖੀ ਵਿਖੇ ਝੋਨੇ ਦੇ ਖਰੀਦ ਕਾਰਜ਼ਾ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਜ਼ਿਲ੍ਹੇ ਅੰਦਰ ਚੱਲ ਰਹੀ ਸਮੁੱਚੀ ਖਰੀਦ ਪ੍ਰਕਿਰਿਆ ’ਤੇ ਸੰਤੁਸ਼ਟੀ ਜ਼ਾਹਿਰ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਪ੍ਰਿੰਸੀਪਲ ਸਕੱਤਰ ਸਕੱਤਰ ਸ੍ਰੀ ਵੀ.ਕੇ ਮੀਨਾ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹੇ ਅੰਦਰ ਝੋਨੇ ਦੀ ਖ਼ਰੀਦ ਪ੍ਰਕਿਰਿਆ ਅੰਦਰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰੇਕ ਵਿਭਾਗੀ ਅਧਿਕਾਰੀ ਨੂੰ ਪੰਜਾਬ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਯੋਗ ਲਾਭਪਾਤਰੀਆਂ ਨੂੰ ਪਾਰਦਰਸ਼ੀ ਢੰਗ ਨਾਲ ਲਾਭ ਮੁਹੱਈਆ ਕਰਵਾਉਣ ਦੀਆਂ ਪਹਿਲਾਂ ਤੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਦੇ ਵਿਕਾਸ ਕੰਮਾਂ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਨੇਪਰੇ ਚੜ੍ਹਾਉਣ ਅਤੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ।

LEAVE A REPLY

Please enter your comment!
Please enter your name here