‘ਪੰਕਸ’ ਅਕਾਦਮੀ ਵੱਲੋਂ ਪ੍ਰੋ. ਨਵ ਸੰਗੀਤ ਸਿੰਘ ਦਾ ਸਨਮਾਨ 22 ਨਵੰਬਰ ਨੂੰ 

0
9
ਪਟਿਆਲਾ
ਦੇਸ਼ ਦੀ ਇਕਲੌਤੀ ਪੁਰਾਤਨ ਹਿੰਦੀ ਸਾਹਿਤ ਸੇਵੀ ਸੰਸਥਾ ‘ਪੰਜਾਬ ਕਲਾ ਸਾਹਿਤ ਅਕਾਦਮੀ’ (ਰਜਿ.) ਜਲੰਧਰ ਦਾ 30 ਵਾਂ ਸਾਲਾਨਾ ਸਮਾਗਮ ਮਿਤੀ 22 ਨਵੰਬਰ 2026 ਦਿਨ ਐਤਵਾਰ ਨੂੰ ਲਾਇਨਜ਼ ਕਲੱਬ, ਲਾਜਪਤ ਨਗਰ ਜਲੰਧਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਅਕਾਦਮੀ ਦੇ ਮੁਖੀ ਸ਼੍ਰੀ ਸਿਮਰ ਸਦੋਸ਼ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਸ ਸਮਾਗਮ ਵਿੱਚ ਵਿਭਿੰਨ ਖੇਤਰਾਂ ਵਿੱਚ ਸ਼੍ਰੇਸ਼ਟ ਸੇਵਾਵਾਂ ਨਿਭਾਉਣ ਵਾਲੀਆਂ 32 ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਅਕਾਦਮੀ ਦੇ ਡਾਇਰੈਕਟਰ ਡਾ. ਜਗਦੀਪ ਸਿੰਘ, ਸ਼੍ਰੀ ਨਰੇਸ਼ ਮਹਿਰਾ, ਡਾ. ਆਸ਼ਾ ਸ਼ੈਲੀ ਅਤੇ ਜਨਰਲ ਸਕੱਤਰ ਸ਼੍ਰੀ ਸੁਕ੍ਰਾਂਤ ਸਫ਼ਰੀ ਦੀ ਦੇਖਰੇਖ ਹੇਠ ਹੋ ਰਹੇ ਇਸ ਸਮਾਗਮ ਵਿੱਚ ਰਾਸ਼ਟਰੀ ਸ਼ੌਰਯ ਸਨਮਾਨ, ਰਾਸ਼ਟਰੀ ਮਾਨਵ ਸੇਵਾ ਰਤਨ ਸਨਮਾਨ, ਰਾਸ਼ਟਰੀ ਸ਼ਿਕਸ਼ਾ ਰਤਨ ਸਨਮਾਨ, ਵਿਰਾਸਤੀ ਫੁਲਕਾਰੀ ਸਨਮਾਨ, ਰਾਸ਼ਟਰੀ ਪੱਤਰਕਾਰੀ ਸਨਮਾਨ, ਰਾਸ਼ਟਰੀ ਸ਼ਿਰੋਮਣੀ ਪੱਤਰਕਾਰੀ ਸਨਮਾਨ, ਰਾਸ਼ਟਰੀ ਮੀਡੀਆ ਅਕਾਦਮੀ ਸਨਮਾਨ, ਰਾਸ਼ਟਰੀ ਅਨੁਵਾਦ ਸ੍ਰੇਸ਼ਟ ਸਨਮਾਨ, ਅੰਤਰਰਾਸ਼ਟਰੀ ਪਰਵਾਸੀ ਸਾਹਿਤ ਸਨਮਾਨ, ਅੰਤਰਰਾਸ਼ਟਰੀ ਪ੍ਰਕਾਸ਼ਨ ਸਨਮਾਨ, ਅਦਬ ਨਵਾਜ਼ੀ ਸਨਮਾਨ, ਰਾਸ਼ਟਰੀ ਵਿਸ਼ਿਸ਼ਟ ਅਕਾਦਮੀ ਸਨਮਾਨ ਆਦਿ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਪੰਜਾਬੀ ਦੇ ਜਾਣੇ-ਪਛਾਣੇ ਲੇਖਕ ਅਤੇ ਅਨੁਵਾਦਕ ਪ੍ਰੋ. ਨਵ ਸੰਗੀਤ ਸਿੰਘ ਨੂੰ ਅਕਾਦਮੀ ਵੱਲੋਂ ਰਾਸ਼ਟਰੀ ਅਨੁਵਾਦ ਪੁਰਸਕਾਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰੋ. ਸਿੰਘ ਨੇ ਹੁਣ ਤੱਕ 30 ਕਿਤਾਬਾਂ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤੀਆਂ ਹਨ, ਜਿਨ੍ਹਾਂ ਵਿੱਚੋਂ 18 ਕਿਤਾਬਾਂ ਛਪ ਚੁੱਕੀਆਂ ਹਨ। ਉਨ੍ਹਾਂ ਨੇ ਅਨੁਵਾਦ ਦੇ ਕਾਰਜ ਨੂੰ ਇੱਕ ਚੈਲੰਜ ਵਜੋਂ ਪ੍ਰਵਾਨ ਕੀਤਾ ਹੈ ਤੇ ਇਹ ਕੰਮ ਉਹ 1986 ਤੋਂ ਨਿਰੰਤਰ ਕਰਦੇ ਆ ਰਹੇ ਹਨ। ਉਨ੍ਹਾਂ ਦੀਆਂ ਪ੍ਰਕਾਸ਼ਿਤ ਕਿਤਾਬਾਂ ਵਿੱਚੋਂ ਦੋ ਕਿਤਾਬਾਂ ਨੈਸ਼ਨਲ ਬੁੱਕ ਟ੍ਰੱਸਟ ਇੰਡੀਆ ਨੇ ਛਾਪੀਆਂ ਹਨ। ਉਨ੍ਹਾਂ ਨੇ ਕਰੀਬ 50 ਹਿੰਦੀ ਲੇਖਕਾਂ ਦੀਆਂ ਰਚਨਾਵਾਂ (ਕਹਾਣੀਆਂ, ਮਿੰਨੀ ਕਹਾਣੀਆਂ, ਵਿਅੰਗ, ਲੇਖ ਆਦਿ) ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਛਪਵਾਇਆ ਹੈ। ਇਸਦੇ ਨਾਲ ਹੀ 60 ਹਿੰਦੀ ਲੇਖਕਾਂ ਨੂੰ ‘ਵਰਲਡ ਪੰਜਾਬੀ ਟਾਈਮਜ਼’ ਦੇ ਯੂਟਿਊਬ ਚੈਨਲ ਰਾਹੀਂ ਸਰੋਤਿਆਂ ਦੇ ਰੂਬਰੂ ਕੀਤਾ ਹੈ। ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਪ੍ਰੋ. ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਪ੍ਰੋ. ਰੂਹੀ ਸਿੰਘ, ਸੁਪਤਨੀ ਡਾ. ਕੁਲਦੀਪ ਕੌਰ ਅਤੇ ਦੋਸਤਾਂ-ਮਿੱਤਰਾਂ ਦੀ ਹੌਸਲਾ-ਅਫ਼ਜ਼ਾਈ ਕਰਕੇ ਉਨ੍ਹਾਂ ਨੇ ਇਸ ਬਿਖੜੇ ਕਾਰਜ ਨੂੰ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਨੇ ਇਸ ਸਨਮਾਨ ਲਈ ਚੋਣ ਕਰਨ ਵਾਸਤੇ ਵਿਸ਼ੇਸ਼ ਤੌਰ ਤੇ ਅਕਾਦਮੀ ਦੇ ਮੁਖੀ ਸ਼੍ਰੀ ਸਿਮਰ ਸਦੋਸ਼ ਅਤੇ ਡਾਇਰੈਕਟਰ ਡਾ. ਆਸ਼ਾ ਸ਼ੈਲੀ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here