ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ

0
26

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ

ਲੋਕ ਸਭਾ ਚੋਣਾਂ 2024
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ
ਚੰਡੀਗੜ੍ਹ, 6 ਮਈ:
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਸੂਬੇ ਲਈ ਚੋਣ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਚੋਣਾਂ ਲਈ ਗਜ਼ਟ ਨੋਟੀਫਿਕੇਸ਼ਨ 7 ਮਈ, 2024 ਨੂੰ ਜਾਰੀ ਹੋਵੇਗਾ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 14 ਮਈ, 2024 (ਮੰਗਲਵਾਰ) ਹੈ ਅਤੇ ਨਾਮਜ਼ਦਗੀਆਂ ਦੀ ਪੜਤਾਲ 15 ਮਈ (ਬੁੱਧਵਾਰ) ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰ 17 ਮਈ, 2024 (ਸ਼ੁੱਕਰਵਾਰ) ਤੱਕ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ 1 ਜੂਨ, 2024 (ਸ਼ਨੀਵਾਰ) ਨੂੰ ਵੋਟਾਂ ਪੈਣਗੀਆਂ ਅਤੇ ਪੰਜਾਬ ਸਮੇਤ ਦੇਸ਼ ਵਿੱਚ ਪਈਆਂ ਵੋਟਾਂ ਦੀ ਗਿਣਤੀ 4 ਜੂਨ, 2024 (ਮੰਗਲਵਾਰ) ਨੂੰ ਕੀਤੀ ਜਾਵੇਗੀ। ਚੋਣਾਂ ਦੇ ਮੁਕੰਮਲ ਹੋਣ ਦੀ ਅੰਤਿਮ ਮਿਤੀ 6 ਜੂਨ, 2024 (ਵੀਰਵਾਰ) ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਪੈਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ।
ਸਿਬਿਨ ਸੀ ਨੇ ਦੱਸਿਆ ਕਿ 7 ਮਈ 2024 ਤੋਂ 14 ਮਈ, 2024 ਤੱਕ ਜਨਤਕ ਛੁੱਟੀ ਤੋਂ ਇਲਾਵਾ ਬਾਕੀ ਸਾਰੇ ਨਿਰਧਾਰਤ ਦਿਨਾਂ ਦੌਰਾਨ ਹਲਕਿਆਂ ਦੇ ਡਿਪਟੀ ਕਮਿਸ਼ਨਰਾਂ-ਕਮ-ਰਿਟਰਨਿੰਗ ਅਫ਼ਸਰਾਂ ਕੋਲ ਸਵੇਰੇ 11.00 ਵਜੇ ਤੋਂ ਸ਼ਾਮ 3.00 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾ ਸਕਦੇ ਹਨ। ਦੱਸਣਯੋਗ ਹੈ ਕਿ  ਨਾਮਜ਼ਦਗੀ ਪੱਤਰ ਫਾਰਮ 21 ਵਿੱਚ ਭਰੇ ਜਾਣੇ ਹਨ। ਜ਼ਿਕਰਯੋਗ ਹੈ ਕਿ ਖਾਲੀ ਫਾਰਮ ਸਬੰਧਤ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਲ ਉਪਲਬਧ ਹਨ। ਟਾਈਪ ਕੀਤੇ ਨਾਮਜ਼ਦਗੀ ਪੱਤਰ ਵੀ ਸਵੀਕਾਰ ਕੀਤੇ ਜਾਣਗੇ ਬਸ਼ਰਤੇ ਉਹ ਮੁੱਖ ਚੋਣ ਦਫਤਰ ਦੀ ਵੈੱਬਸਾਈਟ (https://www.ceopunjab.gov.in) ‘ਤੇ ਦਰਸਾਏ ਗਏ ਨਿਰਧਾਰਤ ਫਾਰਮੈਟ ਵਿੱਚ ਹੋਣ।
ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਜੈਅੰਤੀ (10 ਮਈ, 2024) ਵਾਲੇ ਦਿਨ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਤਹਿਤ ਛੁੱਟੀ ਨਹੀਂ ਹੈ। ਇਸ ਲਈ 10 ਮਈ, 2024 ਨੂੰ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਕੋਲ  ਭਰੇ ਜਾ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 11 ਮਈ, 2024 ਨੂੰ ਦੂਜਾ ਸ਼ਨੀਵਾਰ ਅਤੇ 12 ਮਈ, 2024 ਨੂੰ ਐਤਵਾਰ ਹੋਣ ਕਰਕੇ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਤਹਿਤ ਛੁੱਟੀ ਹੋਵੇਗੀ। ਇਸ ਲਈ ਇਨ੍ਹਾਂ ਦੋਵੇਂ ਦਿਨਾਂ ਦੌਰਾਨ ਨਾਮਜ਼ਦਗੀ ਪੱਤਰ ਨਹੀਂ ਭਰੇ ਜਾ ਸਕਣਗੇ।
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਐਲਾਨ ਦੀ ਮਿਤੀ 16 ਮਾਰਚ, 2024 ਤੋਂ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਸੀ ਜੋ ਚੋਣ ਪ੍ਰਕਿਰਿਆ ਦੇ ਮੁਕੰਮਲ ਹੋਣ ਅਰਥਾਤ 06.06.2024 ਤੱਕ ਲਾਗੂ ਰਹੇਗਾ।
—–

ਵਿਜੀਲੈਂਸ ਬਿਊਰੋ ਪੰਜਾਬ
ਵਿਜੀਲੈਂਸ ਬਿਊਰੋ ਨੇ ਕਰਜ਼ਾ ਧੋਖਾਧੜੀ ਕਾਲੇਸ ’ਚ ਭਗੌੜੇ ਬੈਂਕ ਮੈਨੇਜਰ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਕਾਬੂ
ਚੰਡੀਗੜ੍ਹ, 6 ਮਈ, 2024 :
ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੀਕਾ ਤੋਂ ਪਰਤੇ ਦੋਸ਼ੀ ਅਤੇ ਭਗੌੜਾ ਅਪਰਾਧੀ (ਪੀ.ਓ.) ਸੁਖਵੰਤ ਸਿੰਘ ਬੈਂਕ ਮੈਨੇਜਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ।
ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ੳਕਤ ਦੋਸ਼ੀ ਆਈ.ਪੀ.ਸੀ. ਦੀ ਧਾਰਾ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (2) ਅਤੇ 13 (ਡੀ) ਤਹਿਤ ਵਿਜੀਲੈਂਸ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਦਰਜ ਇੱਕ ਕੇਸ ਨੰ. 32 ਮਿਤੀ 24.08.2006 ਵਿੱਚ ਲੋੜੀਂਦਾ ਸੀ।
ਉਕਤ ਦੋਸ਼ੀ ਨੂੰ ਅਦਾਲਤ ਨੇ 06-04-2011 ਨੂੰ ਕੇਂਦਰੀ ਸਹਿਕਾਰੀ ਬੈਂਕ, ਬ੍ਰਾਂਚ ਗੁਰੂ-ਕਾ-ਬਾਗ, ਅੰਮ੍ਰਿਤਸਰ ਵਿਖੇ ਮੈਨੇਜਰ ਵਜੋਂ ਆਪਣੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਕਰਕੇ 2.50 ਕਰੋੜ ਰੁਪਏ ਦੇ ਕਰਜ਼ੇ ਵਿੱਚ ਧੋਖਾਧੜੀ ਕਰਨ ਦੇ ਦੋਸ਼ ਵਿੱਚ ਉਕਤ ਕੇਸ ਵਿੱਚ ਪੀ.ਓ.(ਭਗੌੜਾ) ਕਰਾਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਇਹ ਮੁਲਜ਼ਮ ਅਮਰੀਕਾ ਭੱਜ ਗਿਆ ਸੀ ਅਤੇ ਬਾਅਦ ਵਿੱਚ ਬਿਊਰੋ ਵੱਲੋਂ ਉਸ ਵਿਰੁੱਧ ਲੁੱਕ ਆਊਟ ਸਰਕੂਲਰ (ਐਲਓਸੀ) ਜਾਰੀ ਕੀਤਾ ਗਿਆ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਮੁਲਜ਼ਮ ਦੇ ਭਾਰਤ ਪਰਤਣ ਸਬੰਧੀ ਸੁਚੇਤ ਕੀਤਾ ਗਿਆ ਸੀ। ਇਸ ’ਤੇ ਫੌਰੀ ਕਾਰਵਾਈ ਕਰਦਿਆਂ ਵਿਜੀਲੈਂਸ ਟੀਮ ਨੂੰ ਰਵਾਨਾ ਕੀਤਾ ਗਿਆ ਅਤੇ ਦੋਸ਼ੀ ਨੂੰ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ। ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵੱਲੋਂ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।
——
ਵਿਜੀਲੈਂਸ ਬਿਉਰੋ ਪੰਜਾਬ
ਜਾਅਲੀ ਕਾਗਜ਼ਾਂ ਰਾਹੀ ਬੈਂਕ ਤੋਂ 40 ਲੱਖ ਰੁਪਏ ਦਾ ਹੱਦ ਕਰਜ਼ਾ ਲੈਣ ਵਾਲੇ ਸੱਤ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ
ਵਿਜੀਲੈਂਸ ਬਿਉਰੋ ਵੱਲੋਂ ਤਿੰਨ ਮੁਲਜ਼ਮ ਗ੍ਰਿਫਤਾਰ
ਚੰਡੀਗੜ੍ਹ 6 ਮਈ –
ਪੰਜਾਬ ਵਿਜੀਲੈਂਸ ਬਿਉਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਮਾਲ ਵਿਭਾਗ ਦੇ ਰਿਕਾਰਡ ਵਿੱਚ ਫੇਬਦਲ ਕਰਕੇ ਜਾਅਲੀ ਜਮਾਂਬੰਦੀਆਂ ਦੇ ਅਧਾਰ ਉਪਰ ਐਚ.ਡੀ.ਐਫ.ਸੀ ਬੈਂਕ ਤੋਂ 40 ਲੱਖ ਰੁਪਏ ਦਾ ਖੇਤੀਬਾੜੀ ਹੱਦ ਕਰਜ਼ਾ ਹਾਸਲ ਕਰਨ ਖਿਲ਼ਾਫ ਸੱਤ ਵਿਅਕਤੀਆਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਮੁਕੱਦਮਾ ਦਰਜ ਕਰਕੇ ਉਨ੍ਹਾਂ ਮੁਲਜ਼ਮਾਂ ਵਿੱਚੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਮੁਕੱਦਮੇ ਦੀ ਹੋਰ ਜਾਂਚ ਜਾਰੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੇਸ ਵਿੱਚ ਨਵਦੀਪ ਸਿੰਘ ਵਾਸੀ ਪਿੰਡ ਕੋਹਰ ਸਿੰਘ ਵਾਲਾ, ਤਹਿਸੀਲ ਗੁਰੂਹਰਸਹਾਏ ਜਿਲ੍ਹਾ ਫਿਰੋਜਪੁਰ, ਵਿਨੋਦ ਕੁਮਾਰ ਤੇ ਅਮਰਜੀਤ ਸਿੰਘ, ਦੋਵੇਂ ਮਾਲ ਪਟਵਾਰੀ, ਹਲਕਾ ਬਹਾਦਰ ਕੇ, ਤਹਿਸੀਲ ਗੁਰੂਹਰਸਹਾਏ ਜਿਲ੍ਹਾ ਫਿਰੋਜਪੁਰ, ਜੋਗਿੰਦਰ ਸਿੰਘ ਉਰਫ ਬਿੱਟੂ, ਸਹਾਇਕ ਮਾਲ ਪਟਵਾਰੀ, ਪਰਮਿੰਦਰ ਸਿੰਘ, ਏ.ਐਸ.ਐਮ. ਫਰਦ ਕੇਂਦਰ ਗੁਰੂਹਰਸਹਾਏ, ਕੁਲਵਿੰਦਰ ਸਿੰਘ ਰਿਲੇਸ਼ਨਸਿਪ ਮੈਨੇਜਰ, ਐਚ.ਡੀ.ਐਫ.ਸੀ. ਬੈਂਕ ਬ੍ਰਾਂਚ ਗੁਰੂਹਰਸਹਾਏ, ਜਾਮਨ ਦਵਿੰਦਰ ਸਿੰਘ ਪੁੱਤਰ ਪਿੰਡ ਕੋਹਰ ਸਿੰਘ ਵਾਲਾ, ਜਿਲ੍ਹਾ ਫਿਰੋਜਪੁਰ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ। ਇੰਨਾਂ ਮੁਲਜ਼ਮਾਂ ਵਿੱਚੋਂ ਜੋਗਿੰਦਰ ਸਿੰਘ ਉਰਫ ਬਿੱਟੂ, ਅਮਰਜੀਤ ਸਿੰਘ ਮਾਲ ਪਟਵਾਰੀ ਅਤੇ ਦਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਉਕਤ ਮੁਕੱਦਮਾ ਸ਼ਿਕਾਇਤ ਨੰਬਰ 89/19 ਫਿਰੋਜਪੁਰ ਦੀ ਪੜਤਾਲ ਤੋ ਬਾਅਦ ਦਰਜ ਕੀਤਾ ਗਿਆ ਹੈ। ਇਸ ਸ਼ਿਕਾਇਤ ਦੀ ਪੜਤਾਲ ਤੋਂ ਪਾਇਆ ਗਿਆ ਕਿ ਉਕਤ  ਨਵਦੀਪ ਸਿੰਘ, ਵਿਨੋਦ ਕੁਮਾਰ ਮਾਲ ਪਟਵਾਰੀ, ਜੋਗਿੰਦਰ ਸਿੰਘ ਉਰਫ ਬਿੱਟੂ ਅਤੇ ਪਰਮਿੰਦਰ ਸਿੰਘ ਏ.ਐਸ.ਐਮ. ਨੇ ਆਪਸ ਵਿੱਚ ਸਾਜ-ਬਾਜ ਹੋ ਕੇ ਮਾਲ ਵਿਭਾਗ ਦੇ ਰਿਕਾਰਡ ਵਿੱਚ ਜਾਅਲੀ ਇੰਦਰਾਜ ਕਰਕੇ ਫਰਜੀ ਜਮਾਂਬੰਦੀਆਂ ਤਿਆਰ ਕੀਤੀਆਂ ਜਿਸ ਦੇ ਅਧਾਰ ਉੱਤੇ ਸਾਲ 2016 ਵਿੱਚ ਨਵਦੀਪ ਸਿੰਘ ਦੇ ਨਾਮ ਉਪਰ ਐਚ.ਡੀ.ਐਫ.ਸੀ. ਬੈਂਕ ਦੇ ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ 40 ਲੱਖ ਰੁਪਏ ਦੇ ਕਰਜ਼ੇ ਦੀ ਲਿਮਟ ਹਾਸਲ ਕਰ ਲਈ।
ਬੁਲਾਰੇ ਨੇ ਦੱਸਿਆ ਕਿ ਬਾਅਦ ਵਿੱਚ ਇਸ ਘਪਲੇਬਾਜੀ ਸਬੰਧੀ ਪਤਾ ਲੱਗਣ ਤੇ ਬੈਂਕ ਤੋਂ ਇਹ ਹਾਸਲ ਕੀਤੀ ਰਕਮ 40 ਲੱਖ ਰੁਪਏ ਸਾਲ 2019 ਵਿੱਚ ਜਮਾ ਕਰਵਾ ਦਿੱਤੀ। ਇਸੇ ਤਰਾਂ ਇੱਕ ਹੋਰ ਜੁਰਮ ਕਰਦਿਆਂ ਨਵਦੀਪ ਸਿੰਘ ਪਿੰਡ ਕੋਹਰ ਸਿੰਘ ਵਾਲਾ ਨੇ ਕੇਨਰਾ ਬੈਂਕ ਫਰੀਦਕੋਟ ਤੋਂ ਕਰਜ਼ਾ ਲੈਣ ਲਈ ਸਾਲ 2016 ਵਿੱਚ ਬੈਂਕ ਨੂੰ ਦਰਖਾਸਤ ਦਿੱਤੀ ਪਰ ਇਸ ਕਰਜ਼ੇ ਮੌਕੇ ਐਚ.ਡੀ.ਐਫ.ਸੀ. ਬੈਂਕ ਗੁਰੂਹਰਸਹਾਏ ਦੇ ਪਾਸ ਆੜ-ਰਹਿਣ ਦਿਖਾਏ ਹੋਏ ਜਮੀਨ ਦੇ ਖਸਰਾ ਨੰਬਰਾਂ ਦੇ ਆਧਾਰ ਦੇ ਕੇਸ ਅਪਲਾਈ ਕੀਤਾ ਪ੍ਰੰਤੂ ਸੁਰਿੰਦਰ ਕੁਮਾਰ ਕੇਨਰਾ ਬੈਂਕ ਫਰੀਦਕੋਟ ਵੱਲੋਂ ਇਸ ਕਰਜਾ ਮੰਨਜੂਰ ਨਹੀਂ ਕੀਤਾ ਗਿਆ।
ਇਸ ਤੋਂ ਇਲਾਵਾ ਉਕਤ ਮੁਲਜ਼ਮ ਜੋਗਿੰਦਰ ਸਿੰਘ ਉਰਫ ਬਿੱਟੂ ਵੱਲੋਂ ਆਪਣੇ ਨਾਮ ਉਪਰ 122 ਕਨਾਲ 13 ਮਰਲੇ ਦੀ ਜਾਅਲੀ ਜਮਾਂਬੰਦੀ ਤਿਆਰ ਕਰਕੇ ਐਕਸਿਸ ਬੈਂਕ ਜਲਾਲਾਬਾਦ ਜਿਲ੍ਹਾ ਫਾਜਿਲਕਾ ਤੋਂ 32 ਲੱਖ ਰੁਪਏ ਦੀ ਲੋਨ ਲਿਮਟ ਹਾਸਲ ਕਰਨ ਲਈ ਕੇਸ ਲਗਾਇਆ ਸੀ ਪਰ ਬੈਂਕ ਵੱਲੋ ਫਿਜੀਕਲ ਵੈਰੀਫਿਕੇਸ਼ਨ ਮੌਕੇ  ਜਾਅਲੀ ਜਮਾਂਬੰਦੀਆਂ ਬਾਰੇ ਪਤਾ ਲੱਗਣ ਪਰ ਇਹ ਹੱਦ ਕਰਜ਼ਾ ਪਾਸ ਨਹੀਂ ਕੀਤਾ ਗਿਆ। ਉਪਰੰਤ ਵਿਨੋਦ ਕੁਮਾਰ ਪਟਵਾਰੀ ਦੀ ਬਦਲੀ ਹੋਣ ਉੱਤੇ ਅਮਰਜੀਤ ਸਿੰਘ ਪਟਵਾਰੀ ਨੇ ਉਕਤ ਚਾਰੋਂ ਵਿਅਕਤੀਆਂ ਵਿਨੋਦ ਕੁਮਾਰ ਪਟਵਾਰੀ, ਜੋਗਿੰਦਰ ਸਿੰਘ ਪ੍ਰਾਈਵੇਟ ਸਹਾਇਕ ਪਟਵਾਰੀ, ਪਰਮਿੰਦਰ ਸਿੰਘ ਏ.ਐਸ.ਐਮ. ਵੱਲੋਂ ਤਿਆਰ ਕੀਤੀਆਂ ਜਾਅਲੀ ਜਮਾਂਬੰਦੀਆਂ ਤੇ ਦਸਤਾਵੇਜਾਂ ਦਾ ਪਤਾ ਲੱਗਣ ਉਪਰੰਤ ਵੀ ਕਿਸੇ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਦੀ ਬਜਾਏ ਉਨ੍ਹਾਂ ਜਾਅਲੀ ਜਮਾਂਬੰਦੀਆਂ ਦੇ ਇੰਦਰਾਜਾਂ ਦੀ ਦਰੁਸਤਗੀ ਸਬੰਧੀ ਰਪਟ ਫਰਦ-ਬਦਰ ਤਿਆਰ ਕਰਕੇ ਹਲਕਾ ਕਾਨੂੰਨਗੋ ਅਤੇ ਤਹਿਸੀਲਦਾਰ ਗੁਰੂਹਰਸਹਾਏ ਪਾਸੋਂ ਮੰਨਜੂਰ ਕਰਵਾਈਆਂ। ਇਸ ਤੋਂ ਇਲਾਵਾ ਕੁਲਵਿੰਦਰ ਸਿੰਘ ਰਿਲੇਸ਼ਨਸਿਪ ਮੈਨੇਜਰ, ਐਚ.ਡੀ.ਐਫ.ਸੀ. ਬੈਂਕ ਬ੍ਰਾਂਚ ਗੁਰੂਹਰਸਹਾਏ ਨੇ ਜਾਅਲੀ ਜਮਾਂਬੰਦੀਆਂ ਵਾਲੀ ਜਮੀਨ ਦੀ ਫਿਜੀਕਲ ਤਸਦੀਕ ਕਰਕੇ ਖੇਤੀਬਾੜੀ ਹੱਦ ਕਰਜ਼ਾ ਲਿਮਿਟ ਹਾਸਲ ਕਰਨ ਵਿੱਚ ਮੁਲਜ਼ਮਾਂ ਦੀ ਮੱਦਦ ਕੀਤੀ। ਇਸੇ ਤਰਾਂ ਜਾਮਨ (ਗਾਰੰਟਰ) ਦਵਿੰਦਰ ਸਿੰਘ ਪਿੰਡ ਕੋਹਰ ਸਿੰਘ ਵਾਲਾ ਨੇ ਨਵਦੀਪ ਸਿੰਘ ਦੀ ਬੈਂਕ ਦੇ ਦਸਤਾਵੇਜਾਂ ਉਪਰ ਝੂਠੀ ਗਰੰਟੀ/ਗਵਾਹੀ ਪਾਈ।
ਬੁਲਾਰੇ ਨੇ ਕਿਹਾ ਕਿ ਅਜਿਹਾ ਕਰਕੇ ਉਕਤ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ 13 (1) (ਏ), 13 (2) ਅਤੇ  ਆਈ.ਪੀ.ਸੀ. ਦੀ ਧਾਰਾ 409, 420, 465, 466, 467, 471, 120-ਬੀ ਬਿਓਰੋ ਦੇ ਥਾਣਾ ਫਿਰੋਜਪੁਰ ਰੇਂਜ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ। ਬਾਕੀ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
————

LEAVE A REPLY

Please enter your comment!
Please enter your name here